ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨੇ ਦਾ ਭਾਅ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਸਦਨ ਵਿਚ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਆਉਂਦੇ ਪਿੜਾਈ ਸੀਜ਼ਨ ਤੋਂ ਕਿਸਾਨਾਂ ਨੂੰ ਗੰਨੇ ਦਾ ਸਟੇਟ ਐਗਰੀਡ ਪ੍ਰਾਈਸ (ਐਸ.ਏ.ਪੀ.) ਪ੍ਰਤੀ ਕੁਇੰਟਲ 20 ਰੁਪਏ ਵੱਧ ਮਿਲੇਗਾ ਜਿਸ ਨਾਲ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਕੇ 380 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਇਸ ਫੈਸਲੇ ਨਾਲ ਸਰਕਾਰ (sugarcane rate in Punjab) ਖਜ਼ਾਨੇ ਵਿੱਚੋਂ ਸਾਲਾਨਾ 200 ਕਰੋੜ ਰੁਪਏ ਵੱਧ ਖ਼ਰਚੇਗੀ।
ਮਾਨ ਸਰਕਾਰ ਨੇ ਵਧਾਇਆ ਗੰਨੇ ਦਾ ਰੇਟ - ਗੰਨਾ ਉਤਪਾਦਕਾਂ
ਸੂਬੇ ਦੇ ਗੰਨਾ ਉਤਪਾਦਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੰਨੇ ਦਾ ਭਾਅ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ ਹੈ।
ਭਗਵੰਤ ਮਾਨ ਨੇ ਕਿਹਾ, “ਸੂਬੇ ਵਿਚ ਕਿਸਾਨ ਗੰਨੇ ਦੀ ਖੇਤੀ ਤਾਂ ਕਰਨੀ ਚਾਹੁੰਦੇ ਹਨ ਪਰ ਪਿਛਲੇ ਸਮੇਂ ਵਿਚ ਢੁਕਵਾਂ ਮੁੱਲ ਨਾ ਮਿਲਣ ਅਤੇ ਫਸਲ ਦੀ ਸਮੇਂ ਸਿਰ ਅਦਾਇਗੀ ਨਾ ਹੋਣ ਕਰਕੇ ਕਿਸਾਨਾਂ ਨੇ ਗੰਨੇ ਦੀ ਕਾਸ਼ਤ ਤੋਂ ਮੂੰਹ ਮੋੜ ਲਿਆ ਸੀ। ਇਸ ਵੇਲੇ ਪੰਜਾਬ ਵਿਚ 1.25 ਲੱਖ ਹੈਕਟੇਅਰ ਰਕਬੇ ਵਿਚ ਹੀ ਗੰਨੇ ਦੀ ਕਾਸ਼ਤ ਹੁੰਦੀ ਹੈ, ਜਦਕਿ ਸੂਬੇ ਦੀਆਂ ਖੰਡ ਮਿੱਲਾਂ ਦੀ ਕੁੱਲ ਸਮਰੱਥਾ 2.50 ਲੱਖ ਹੈਕਟੇਅਰ ਰਕਬੇ ਦੇ ਗੰਨੇ ਦੀ ਪਿੜਾਈ ਕਰਨ ਦੀ ਹੈ। ਇਸ ਕਰਕੇ ਮੈਂ ਗੰਨਾ ਉਤਪਾਦਕਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਗੰਨੇ ਦਾ ਭਾਅ ਵਧਾਉਣ ਦਾ ਐਲਾਨ ਕਰਦਾ ਹਾਂ।”
ਕਿਸਾਨਾਂ ਦੀ ਗੰਨੇ ਦੀ ਅਦਾਇਗੀ ਬਾਰੇ ਮੁੱਖ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਨੇ ਕਿਸਾਨਾਂ ਦਾ ਸਮੁੱਚਾ ਬਕਾਇਆ ਅਦਾ ਕਰ ਦਿੱਤਾ ਹੈ ਅਤੇ ਇਕ-ਦੋ ਪ੍ਰਾਈਵੇਟ ਖੰਡ ਮਿੱਲਾਂ ਨੇ ਅਜੇ ਤੱਕ ਕਿਸਾਨਾਂ ਦੀ ਅਦਾਇਗੀ ਦਾ ਭੁਗਤਾਨ ਨਹੀਂ ਕੀਤਾ ਸਗੋਂ ਇਹਨਾਂ ਮਿੱਲਾਂ ਦੇ ਮਾਲਕ ਕਿਸਾਨਾਂ ਦੇ ਹਿੱਤਾਂ ਦੀ ਸਾਰ ਲੈਣ ਦੀ ਬਜਾਏ ਵਿਦੇਸ਼ ਭੱਜ ਗਏ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਨ੍ਹਾਂ ਮਿੱਲਾਂ ਦੀ ਜਾਇਦਾਦ ਜ਼ਬਤ ਕਰਕੇ ਕਿਸਾਨਾਂ ਦੇ ਬਕਾਏ ਦਾ ਭੁਗਤਾਨ ਕਰਨ ਦੀ ਕਾਰਵਾਈ ਪਹਿਲਾਂ ਹੀ ਆਰੰਭੀ ਹੋਈ ਹੈ।
ਇਹ ਵੀ ਪੜ੍ਹੋ:ਕਾਂਗਰਸ ਨੇ ਆਪਰੇਸ਼ਨ ਲੋਟਸ ਤਹਿਤ ਵਿਧਾਇਕਾਂ ਨੂੰ ਖਰੀਦਣ ਦੇ ਭਾਜਪਾ 'ਤੇ ਲੱਗੇ ਦੋਸ਼ਾਂ ਨੂੰ ਕੀਤਾ ਖਾਰਜ