ਚੰਡੀਗੜ੍ਹ: ਪਿਛਲੇ ਲੰਮੇ ਸਮੇਂ ਤੋਂ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫ਼ੇ ਨੂੰ ਸ਼ਨੀਵਾਰ ਨੂੰ ਮਨਜ਼ੂਰ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਅਸਤੀਫ਼ਾ ਰਾਜਪਾਲ ਨੂੰ ਭੇਜਿਆ ਹੈ।
ਕੈਬਿਨੇਟ 'ਚ ਕੀਤੇ ਗਏ ਫੇਰਬਦਲ ਤੋਂ ਬਾਅਦ ਉਨ੍ਹਾਂ ਨੂੰ ਇੱਕ ਖਾਸ ਪੋਰਟਫੋਲੀਓ ਦਿੱਤਾ ਗਿਆ ਸੀ। ਇਸ ਦੇ ਅਧੀਨ ਉਨ੍ਹਾਂ ਨੂੰ ਸੈਰ ਸਪਾਟਾ ਵਿਭਾਗ ਤੋਂ ਹਟਾ ਕੇ ਬਿਜਲੀ ਵਿਭਾਗ ਦਿੱਤਾ ਸੀ। ਇਸ ਤੋਂ ਨਵਜੋਤ ਸਿੱਧੂ ਕਾਫ਼ੀ ਨਾਰਾਜ਼ ਚੱਲ ਰਹੇ ਸਨ। ਹਾਲਾਂਕਿ ਕੈਪਟਨ ਤੇ ਸਿੱਧੂ ਵਿਚਾਲੇ ਕੋਲਡ ਵਾਰ ਕਾਫ਼ੀ ਸਮੇਂ ਤੋਂ ਚਲ ਰਹੀ ਸੀ।
ਸਿਧੂ ਨੇ ਆਪਣਾ ਅਸਤੀਫ਼ਾ 15 ਜੁਲਾਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜ ਦਿੱਤਾ ਸੀ। 14 ਜੁਲਾਈ ਨੂੰ ਨਵਜੋਤ ਸਿੱਧੂ ਨੇ ਆਪਣਾ ਅਸਤੀਫ਼ਾ ਜਨਤਕ ਕਰਦਿਆਂ ਟਵਿੱਟਰ ਉੱਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਆਪਣਾ ਅਸਤੀਫ਼ਾ 10 ਜੂਨ ਨੂੰ ਹੀ ਭੇਜ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਮੰਤਰਾਲਾ ਬਦਲੇ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਚੱਲ ਰਹੇ ਸਨ ਜਿਸ ਤੋਂ ਬਾਅਦ ਪਾਰਟੀ ਹਾਈਕਮਾਨ ਨੇ ਕੈਪਟਨ ਅਤੇ ਸਿੱਧੂ ਦਾ ਮਾਮਲਾ ਠੰਡਾ ਕਰਨ ਲਈ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਨੂੰ ਜਿੰਮੇਵਾਰੀ ਸੌਂਪੀ ਸੀ। ਬਾਵਜੂਦ ਇਸ ਦੇ ਸਿੱਧੂ ਦਾ ਰੁਸੇਵਾਂ ਘੱਟ ਨਹੀਂ ਹੋ ਸਕਿਆ ਤੇ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਇਹ ਵੀ ਪੜ੍ਹੋ: ਸੋਨਭੱਦਰ ਗੋਲੀਕਾਂਡ: ਪ੍ਰਿਅੰਕਾ ਗਾਂਧੀ ਨੇ ਕਿਹਾ- ਮੇਰਾ ਫ਼ੈਸਲਾ ਨਹੀਂ ਬਦਲੇਗਾ