ਚੰਡੀਗੜ੍ਹ:ਪੰਜਾਬ ਦੀ ਮਾਨ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਨੇੜਿਓਂ ਸੁਣਨ ਲਈ 'ਸਰਕਾਰ ਤੁਹਾਡੇ ਦੁਆਰ' ਲੜੀ ਚਲਾਈ ਗਈ ਹੈ। ਇਸ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਨਾ ਸਿਰਫ਼ ਚੰਡੀਗੜ੍ਹ ਵਿੱਚ ਹੀ, ਬਲਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆ ਅੰਦਰ ਕੈਬਨਿਟ ਮੀਟਿੰਗ ਕੀਤੀ ਜਾ ਰਹੀ ਹੈ। ਇਸੇ ਲੜੀ ਵਿੱਚ ਹੁਣ ਮਾਨ ਸਰਕਾਰ ਦੀ ਅਗਲੀ ਮੀਟਿੰਗ 10 ਜੂਨ ਨੂੰ ਦੁਪਹਿਰ 12 ਵਜੇ ਮਾਨਸਾ ਵਿੱਚ ਹੋਵੇਗੀ। ਇਸ ਮੀਟਿੰਗ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ।
ਪੰਜਾਬ ਸਰਕਾਰ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਸਮੁੱਚੀ ਕੈਬਨਿਟ ਆਪਣੇ ਉੱਚ ਅਧਿਕਾਰੀਆਂ ਸਮੇਤ ਸ਼ਹਿਰ, ਪਿੰਡ ਅਤੇ ਛੋਟੇ-ਛੋਟੇ ਪਿੰਡਾਂ ਤੱਕ ਪਹੁੰਚ ਕਰ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਕਿਹਾ ਕਿ ਪੰਜਾਬ ਵਿੱਚ ਸੂਬਾ ਸਰਕਾਰ ਪਾਰਦਰਸ਼ੀ, ਪ੍ਰਭਾਵਸ਼ਾਲੀ ਅਤੇ ਜਵਾਬਦੇਹ ਪ੍ਰਸ਼ਾਸਨ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਤੋਂ ਪਹਿਲਾਂ ਇਹ ਮੀਟਿੰਗ ਜਲੰਧਰ, ਲੁਧਿਆਣਾ, ਧੂਰੀ ਤੇ ਫਗਵਾੜਾ ਵਿੱਚ ਵੀ ਕਰ ਚੁੱਕੇ ਹਨ।
ਧੂਰੀ ਤੋਂ ਕੀਤੀ ਸੀ ਪ੍ਰੋਗਰਾਮ ਦੀ ਸ਼ੁਰੂਆਤ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਧੂਰੀ ਵਿਧਾਨ ਸਭਾ ਹਲਕੇ ਤੋਂ 'ਸਰਕਾਰ ਤੁਹਾਡੇ ਦੁਆਰ' ਤਹਿਤ ਪਰਉਪਕਾਰੀ ਪਹਿਲਕਦਮੀ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਇਹ ਕਦਮ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੇ ਘਰ-ਘਰ 'ਤੇ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ।
ਪੰਜਾਬ ਦੇ ਗਵਰਨਰ ਸਰਹੱਦੀ ਇਲਾਕਿਆਂ ਦੇ ਦੌਰੇ 'ਤੇ: ਦੂਜੇ ਪਾਸੇ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਵੱਲੋਂ ਪੰਜਾਬ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨ 'ਤੇ ਚੁੱਕੇ ਗਏ ਸਵਾਲਾਂ ਦੇ ਜਵਾਬ ਦਿੱਤੇ ਹਨ। ਰਾਜਪਾਲ ਨੇ ਕਿਹਾ- "ਮੰਤਰੀ ਕੀ ਕਹਿੰਦੇ ਹਨ, ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਇਸ ਪਿੱਛੇ ਸਿਆਸੀ ਕਾਰਨ ਹੋ ਸਕਦੇ ਹਨ। ਮੈਂ ਰਾਜਨੀਤੀ ਨਹੀਂ ਕਰਦਾ। ਮੈਂ ਆਪਣਾ ਕੰਮ ਕਰ ਰਿਹਾ ਹਾਂ। ਜਿੱਥੇ ਚੰਗੇ ਕੰਮ ਹੁੰਦੇ ਹਨ, ਉੱਥੇ ਮੈਂ ਪੁਲਿਸ ਅਤੇ ਪ੍ਰਸ਼ਾਸਨ ਦੀ ਵੀ ਤਾਰੀਫ਼ ਕਰਦਾ ਹਾਂ, ਜਿੱਥੇ ਕਮੀ ਹੈ, ਮੈਂ ਬੋਲਾਂਗਾ। ਚਾਹੇ ਕਿਸੇ ਨੂੰ ਚੰਗਾ ਲੱਗੇ ਜਾਂ ਮਾੜਾ।"
ਗੌਰਤਲਬ ਹੈ ਕਿ ਰਾਜਪਾਲ ਦੇ ਸਰਹੱਦੀ ਇਲਾਕਿਆਂ ਦੇ ਦੌਰੇ 'ਤੇ ਜਾਣ ਤੋਂ ਬਾਅਦ 'ਆਪ' ਮੰਤਰੀਆਂ ਨੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਸ ਨੇ ਇਸ ਨੂੰ ਰਾਜਪਾਲ ਦਾ ਕੰਮ ਨਹੀਂ ਕਿਹਾ। ਇਹ ਸਵਾਲ ਰਾਜਪਾਲ ਦੀ ਪੰਜਾਬ ਸਰਹੱਦੀ ਖੇਤਰ ਦੀ ਪਹਿਲੀ ਫੇਰੀ ਦੌਰਾਨ ਵੀ ਉਠਦੇ ਰਹੇ ਹਨ। ਪਰ, ਉਨ੍ਹਾਂ ਨੇ ਪਹਿਲੀ ਵਾਰ ਇਸ ਦਾ ਜਵਾਬ ਦਿੱਤਾ ਹੈ।