ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਅੱਜ ਅਹਿਮ ਮੀਟਿੰਗ ਹੋਈ। ਇਹ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਰਹੀ ਹੈ। ਇਸ ਮੀਟਿੰਗ ਦੌਰਾਨ ਪੰਜਾਬ ਕੈਬਨਿਟ ਵੱਲੋਂ ਕਈ ਅਹਿਮ ਫੈਸਲੇ ਲਏ ਗਏ ਹਨ। ਜਿਨ੍ਹਾਂ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ।
ਗੰਨੇ ਦੇ ਨਵੇਂ ਭਾਅ ਨੂੰ ਮਿਲੀ ਮਨਜ਼ੂਰੀ: ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਕੈਬਨਿਟ ਵਿੱਚ ਲੋਕਾਂ ਅਤੇ ਕਿਸਾਨਾਂ ਦੇ ਹਿੱਤ ਲਈ ਕਈ ਵੱਡੇ ਫੈਸਲੇ ਲਏ ਗਏ ਹਨ। ਸੀਐੱਮ ਮਾਨ ਨੇ ਦੱਸਿਆ ਕਿ ਗੰਨੇ ਦੇ ਨਵੇਂ ਭਾਅ ਨੂੰ ਮਨਜ਼ੂਰੀ ਦਿੱਤੀ ਗਈ ਹੈ। ਗੰਨੇ ਦਾ ਭਾਅ 380 ਰੁਪਏ ਪ੍ਰਤੀ ਕੁਇੰਟਲ ਹੈ। 20 ਤਰੀਕ ਤੋਂ ਗੰਨਾਂ ਮਿੱਲਾਂ ਸ਼ੁਰੂ ਹੋਣਗੀਆਂ।
ਕਾਲਜਾਂ ਚ ਲੈਕਚਰਾਰਾਂ ਦੀ ਕੀਤੀ ਜਾਵੇਗੀ ਭਰਤੀ: ਸੀਐੱਮ ਮਾਨ ਨੇ ਦੱਸਿਆ ਕਿ 645 ਲੈਕਚਰਾਰਾਂ ਦੀ ਭਰਤੀ ਕਾਲਜਾਂ ਵਿੱਚ ਭਰਤੀ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਸਬੰਧੀ ਟੈਸਟ ਲੈ ਕੇ ਨੌਕਰੀ 'ਤੇ ਰੱਖੇ ਜਾਣਗੇ। 16 ਸਰਕਾਰੀ ਕਾਲਜਾਂ 'ਚ ਪ੍ਰਿੰਸੀਪਲਾਂ ਦੀ ਨਿਯੁਕਤੀ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਯੋਗ ਉਮਰ 45 ਸਾਲ ਤੋਂ ਵਧਾ ਕੇ 53 ਸਾਲ ਕਰ ਦਿੱਤੀ ਗਈ ਹੈ।
ਗਊਸ਼ਾਲਾਵਾਂ ਲਈ ਵੀ ਵੱਡਾ ਐਲਾਨ:ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਭਰ ਦੀਆਂ ਗਊਸ਼ਾਲਾਵਾਂ ਲਈ ਵੀ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਰਜਿਸਟਰਡ ਗਊਸ਼ਲਾਵਾਂ ਦਾ ਅਕਤਬੂਰ ਤੱਕ ਦਾ ਬਿਜਲੀ ਦਾ ਬਿੱਲ ਮੁਆਫ ਕਰ ਦਿੱਤਾ ਜਾਵੇਗਾ। ਇਸ ਸਬੰਧੀ ਗਉਸ਼ਲਾਵਾਂ ਚਲਾਉਣ ਵਾਲਿਆਂ ਦੇ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਤਾਂ ਕਿ ਜੋ ਅਵਾਰਾ ਪਸ਼ੂ ਹੈ ਉਨ੍ਹਾਂ ਨੂੰ ਵੀ ਜਿਆਦਾ ਤੋਂ ਜਿਆਦਾ ਗਿਣਤੀ ਵਿੱਚ ਇੱਥੇ ਰੱਖਿਆ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਦੇ ਸਾਹਮਣੇ ਜੋ ਦਿਕੱਤਾਂ ਆ ਰਹੀਆਂ ਹਨ ਉਸ ਸਬੰਧੀ ਵੀ ਗੱਲਬਾਤ ਕੀਤੀ ਜਾਵੇਗੀ।
ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਭੇਜੀ ਰਾਸ਼ੀ: ਮੁੱਖ ਮੰਤਰੀ ਮਾਨ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 24 ਕਰੋੜ 83 ਲੱਖ ਰੁਪਏ ਸਿੱਧੇ ਖਾਤਿਆਂ 'ਚ ਭੇਜੇ ਗਏ ਹਨ। ਇਸ ਵਾਰ ਝੋਨੇ ਦੌਰਾਨ ਬਿਜਲੀ ਦੀ ਇਕ ਵੀ ਸ਼ਿਕਾਇਤ ਨਹੀਂ ਆਈ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਵਾਰ ਇੰਨੀ ਬਿਜਲੀ ਮਿਲੀ ਕਿ ਕਿਸਾਨਾਂ ਨੂੰ ਮੋਟਰ ਬੰਦ ਕਰ ਕੇ ਝੋਨਾ ਲਾਉਣਾ ਪਿਆ।
ਪੁਰਾਣੀ ਪੈਨਸ਼ਨ ਸਕੀਮ ਨੂੰ ਮਨਜ਼ੂਰੀ: ਸੀਐੱਮ ਮਾਨ ਨੇ ਦੱਸਿਆ ਕਿ ਪੰਜਾਬ ਕੈਬਨਿਟ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦੇ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।
ਸੀਐੱਮ ਮਾਨ ਨੇ ਧਰਨਿਆਂ ’ਤੇ ਚੁੱਕੇ ਸਵਾਲ: ਪ੍ਰੈਸ ਕਾਨਫਰੰਸ ਦੌਰਾਨ ਸੀਐੱਮ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਪਿਛਲੇ 7 ਮਹੀਨਿਆਂ ਤੋਂ ਬਹੁਤ ਕੰਮ ਕੀਤਾ ਹੈ ਪਰ ਕਿਸਾਨ ਜਿਸ ਤਰੀਕੇ ਨਾਲ ਧਰਨਾ ਪ੍ਰਦਰਸ਼ਨ ਕਰਦੇ ਹਨ ਉਸ ਨਾਲ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਉਹ ਵੀ ਇੱਕ ਕਿਸਾਨ ਪਰਿਵਾਰ ਤੋਂ ਆਉਂਦੇ ਹਨ। ਉਨ੍ਹਾਂ ਨੇ ਕਈ ਵਾਰ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਹੈ। ਪਰ ਮੰਗਾਂ ਨੂੰ ਪੂਰਾ ਕਰਨ ਵਿੱਚ ਸਮਾਂ ਲਗਦਾ ਹੀ ਹੈ। ਧਰਨਾ ਦੇਣਾ ਉਨ੍ਹਾਂ ਦਾ ਅਧਿਕਾਰ ਹੈ ਪਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਸਰਕਾਰ ਨੂੰ ਸਮਾਂ ਦਾ ਦੇਣਾ ਪਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਪਰੇਸ਼ਾਨ ਨਾ ਕਰਨ ਅਤੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਉਨ੍ਹਾਂ ਦੀ ਇਸ ਅਪੀਲ ਨੂੰ ਜਰੂਰ ਮੰਨਣਗੇ।
ਇਹ ਵੀ ਪੜੋ:ਅਮਿਤ ਸ਼ਾਹ ਉੱਤੇ ਭੜਕੇ ਪੰਜਾਬ ਕਾਂਗਰਸ ਪ੍ਰਧਾਨ ਵੜਿੰਗ, ਕਿਹਾ- "ਪੰਜਾਬ 'ਚ ਏ ਅਤੇ ਬੀ ਟੀਮਾਂ ਜਾਣਬੁੱਝ ਕੇ ਮਾਹੌਲ ਖ਼ਰਾਬ ਕਰ ਰਹੀ"