ਚੰਡੀਗੜ੍ਹ: ਸੈਰ-ਸਪਾਟਾ ਨੂੰ ਦਿਵਿਆਂਗਾਂ ਲਈ ਵਧੇਰੇ ਸੁਖਾਲਾ ਬਣਾਉਣ ਦੇ ਮੱਦੇਨਜਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਨੇ ਵੀਰਵਾਰ ਨੂੰ ਦਿਵਿਆਂਗਾਂ ਦੇ ਅਧਿਕਾਰ ਕਾਨੂੰਨ, 2016 ਦੀ ਪਾਲਣਾ ਕਰਦਿਆਂ ਪੰਜਾਬ ਰਾਜ ਸੱਭਿਆਚਾਰ ਨੀਤੀ, 2017 ਅਤੇ ਪੰਜਾਬ ਰਾਜ ਸੈਰ-ਸਪਾਟਾ ਨੀਤੀ 2018 ਵਿੱਚ ਲੋੜੀਂਦੀਆਂ ਸੋਧਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਦੱਸਣਯੋਗ ਹੈ ਕਿ ਦਿਵਿਆਂਗ ਵਿਅਕਤੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਭਾਰਤ ਸਰਕਾਰ ਦੁਆਰਾ ਪਾਸ ਕੀਤੀ ਗਈ ਆਰ.ਪੀ.ਡਬਲਿਊ.ਡੀ.ਅਨੁਸਾਰ ਸੂਬਾ ਸਰਕਾਰ ਦੇ ਸਾਰੇ ਵਿਭਾਗਾਂ ਨੂੰ ਇਸ ਸਬੰਧੀ ਧਾਰਾਵਾਂ ਨੂੰ ਅਪਨਾਉਣ ਅਤੇ ਸ਼ਾਮਲ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਮੰਤਰੀ ਮੰਡਲ ਨੇ ਆਰ.ਪੀ.ਡਬਲਿਉੂ.ਡੀ. ਐਕਟ ਦੇ ਸੈਕਸ਼ਨ 29 ਦੀਆਂ ਕੁਝ ਧਾਰਾਵਾਂ ਨੂੰ ਪੰਜਾਬ ਰਾਜ ਸੱਭਿਆਚਾਰ ਨੀਤੀ 2017 ਅਤੇ ਪੰਜਾਬ ਰਾਜ ਸੈਰ ਸਪਾਟਾ ਨੀਤੀ 2018 ਵਿੱਚ ਸ਼ਾਮਲ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।