ਮ੍ਰਿਤਕਾ ਬਲਵਿੰਦਰ ਕੌਰ ਦਾ ਪਰਿਵਾਰ ਚੰਡੀਗੜ੍ਹ:ਆਪਣੀਆਂ ਮੰਗਾਂ ਨੂੰ ਲੈਕੇ ਧਰਨਾ ਦੇ ਰਹੇ 1158 ਸਹਾਇਕ ਪ੍ਰੋਫੈਸਰ ਪਿਛਲੇ ਕੁਝ ਮਹੀਨਿਆਂ ਤੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਨੂੰ ਜਾਣ ਵਾਲੇ ਰਾਹ 'ਤੇ ਧਰਨਾ ਲਾ ਕੇ ਬੈਠੇ ਹੋਏ ਹਨ। ਇਸ ਵਿਚਾਲੇ ਪਿਛਲੇ ਦਿਨੀਂ ਸੰਘਰਸ਼ 'ਚ ਸ਼ਾਮਲ ਇੱਕ ਮਹਿਲਾ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਵਲੋਂ ਖੁਦਕੁਸ਼ੀ ਕਰ ਲਈ ਸੀ। ਜਿਸ 'ਚ ਮ੍ਰਿਤਕਾ ਵਲੋਂ ਖੁਦਕੁਸ਼ੀ ਨੋਟ 'ਚ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਨਾਮ ਲਿਖਿਆ ਗਿਆ ਸੀ। ਇਸ ਦੇ ਚੱਲਦੇ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਵਲੋਂ ਮ੍ਰਿਤਕਾ ਦੇ ਪਰਿਵਾਰ ਨੂੰ ਨਾਲ ਲੈਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਜਾਖੜ ਵਲੋਂ ਰਾਜਪਾਲ ਤੋਂ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਗਈ।
ਕਾਰਵਾਈ ਤੋਂ ਬਾਅਦ ਹੋਵੇਗਾ ਮ੍ਰਿਤਕਾ ਦਾ ਅੰਤਿਮ ਸਸਕਾਰ: ਰਾਜਪਾਲ ਨਾਲ ਮੁਲਾਕਾਤ ਕਰਕੇ ਆਏ ਮ੍ਰਿਤਕਾ ਬਲਵਿੰਦਰ ਕੌਰ ਦੇ ਪਰਿਵਾਰ ਦਾ ਕਹਿਣਾ ਕਿ ਉਹ ਚਾਹੁੰਦੇ ਹਨ ਕਿ ਖੁਦਕੁਸ਼ੀ ਨੋਟ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਸ ਨੋਟ 'ਚ ਮੰਤਰੀ ਹਰਜੋਤ ਬੈਂਸ ਦਾ ਨਾਮ ਹੈ ਅਤੇ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ, ਅਸੀਂ ਆਪਣੀ ਮ੍ਰਿਤਕ ਭੈਣ ਦਾ ਅੰਤਿਮ ਸਸਕਾਰ ਨਹੀਂ ਕਰਾਂਗੇ। ਇਸ ਦੇ ਨਾਲ ਹੀ ਪੀੜਤ ਪਰਿਵਾਰ ਦਾ ਕਹਿਣਾ ਕਿ ਮੁੱਖ ਮੰਤਰੀ ਭਗਵੰਤ ਮਾਨ ਗੱਲਾਂ ਤਾਂ ਵੱਡੀਆਂ ਕਰਦੇ ਹਨ ਪਰ ਹੁਣ ਤੱਕ ਨਾ ਤਾਂ ਕਿਸੇ ਮੰਤਰੀ ਜਾਂ ਨੁਮਾਇੰਦੇ ਤੇ ਨਾ ਹੀ ਮੁੱਖ ਮੰਤਰੀ ਮਾਨ ਵਲੋਂ ਸਾਡੀ ਭੈਣ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਗਿਆ।
ਸੁਨੀਲ ਜਾਖੜ ਜਾਣਕਾਰੀ ਦਿੰਦੇ ਹੋਏ
ਪਰਿਵਾਰ ਨੂੰ ਨਾਲ ਲੈ ਕੀਤੀ ਮੁਲਾਕਾਤ: ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਇਸ ਹੱਦ ਤੱਕ ਘਟੀਆ ਹਰਕਤਾਂ ਕਰ ਸਕਦੀ ਹੈ ਕਿ ਮੈਨੂੰ ਪਰਿਵਾਰ ਨਾਲ ਲੈਕੇ ਰਾਜਪਾਲ ਨਾਲ ਮੁਲਾਕਾਤ ਕਰਨੀ ਪਈ। ਉਨ੍ਹਾਂ ਕਿਹਾ ਕਿ ਇਥੇ ਤਿੰਨ ਮਸਲੇ ਪੈਦਾ ਹੁੰਦੇ ਹਨ ਪਹਿਲਾ ਮ੍ਰਿਤਕਾ ਬਲਵਿੰਦਰ ਕੌਰ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ। ਦੂਜਾ ਉਨ੍ਹਾਂ ਦੇ ਪਤੀ ਨੂੰ ਫਸਾਇਆ ਗਿਆ ਅਤੇ ਅਸੀਂ ਮੰਗ ਕਰਦੇ ਹਾਂ ਕਿ ਇਨਸਾਫ਼ ਹੋਵੇ। ਇਸ ਦੇ ਨਾਲ ਹੀ ਤੀਜਾ ਧਰਨੇ 'ਤੇ ਬੈਠੇ ਸਹਾਇਕ ਪ੍ਰੋਫੈਸਰਾਂ ਦੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਚੌਥਾ ਇਹ ਸਵਾਲ ਖੜਾ ਹੁੰਦਾ ਹੈ ਕਿ ਇਸ ਸਰਕਾਰ ਦੇ ਹੰਕਾਰ ਅਤੇ ਇਨ੍ਹਾਂ ਦੀਆਂ ਘਟੀਆਂ ਹਰਕਤਾਂ ਦਾ ਜਵਾਬ ਕੌਣ ਦੇਵੇਗਾ, ਜਿਸ ਸਬੰਧੀ ਉਹ ਅਰਵਿੰਦ ਕੇਜਰੀਵਾਲ ਦੇ ਲਾਏ ਮੁੱਖ ਮੰਤਰੀ ਭਗਵੰਤ ਮਾਨ ਤੋਂ ਜਵਾਬ ਮੰਗਦੇ ਹਨ।
ਮ੍ਰਿਤਕਾ ਨੇ ਸਾਥੀਆਂ ਤੋਂ ਜਾਨ ਕੀਤੀ ਕੁਰਬਾਨ:ਇਸ ਮੌਕੇ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵਲੋਂ ਨਿਯੁਕਤ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨੂੰ ਵਾਅਦੇ ਨਹੀਂ ਗਰੰਟੀਆਂ ਦਿੱਤੀਆਂ ਸੀ ਤੇ ਕਿਹਾ ਸੀ ਕਿ ਹੁਣ ਪੰਜਾਬ 'ਚ ਧਰਨੇ ਨਹੀਂ ਲੱਗਣਗੇ ਪਰ ਅੱਜ ਪੰਜਾਬ 'ਚ ਹਰ ਥਾਂ 'ਤੇ ਧਰਨੇ ਲੱਗ ਰਹੇ ਹਨ ਅਤੇ ਪ੍ਰੋਫੈਸਰ ਖੁਦਕੁਸ਼ੀ ਕਰਨ ਲਈ ਮਜਬੂਰ ਹਨ। ਜਿਸ ਦੇ ਚੱਲਦੇ ਪਿਛਲ਼ੇ ਕੁਝ ਮਹੀਨੇ ਤੋਂ ਸਿੱਖਿਆ ਮੰਤਰੀ ਦੇ ਪਿੰਡ ਬਾਹਰ ਧਰਨਾ ਦੇ ਰਹੇ 1158 ਸਹਾਇਕ ਪ੍ਰੋਫੈਸਰਾਂ 'ਚ ਇੱਕ ਮਹਿਲਾ ਸਹਾਇਕ ਪ੍ਰੋਫੈਸਰ ਨੇ ਖੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਇਹ ਧਰਨਾ ਹੁਣ 1157 ਦਾ ਰਹਿ ਗਿਆ ਹੈ। ਇਸ ਦੇ ਨਾਲ ਹੀ ਜਾਖੜ ਦਾ ਕਹਿਣਾ ਕਿ ਮ੍ਰਿਤਕਾ ਬਲਵਿੰਦਰ ਕੌਰ ਨੇ ਆਪਣੀ ਜ਼ਿੰਦਗੀ ਧਰਨਾ ਦੇ ਰਹੇ ਆਪਣੇ ਸਾਥੀਆਂ ਤੋਂ ਕੁਰਬਾਨ ਕਰ ਦਿੱਤੀ ਤਾਂ ਜੋ ਉਨ੍ਹਾਂ ਨੂੰ ਹੱਕ ਮਿਲ ਸਕਣ।
ਜਾਖੜ ਨੇ ਰਾਜਪਾਲ ਤੋਂ ਕੀਤੀ ਕਾਰਵਾਈ ਦੀ ਮੰਗ:ਸੁਨੀਲ ਜਾਖੜ ਦਾ ਕਹਿਣਾ ਕਿ ਮ੍ਰਿਤਕਾ ਬਲਵਿੰਦਰ ਕੌਰ ਦੇ ਸਹੁਰਾ ਪਰਿਵਾਰ ਨੂੰ ਇਸ ਮਾਮਲੇ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਲਈ ਉਹ ਇਨਸਾਫ਼ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕਾ ਬਲਵਿੰਦਰ ਕੌਰ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ ਗਿਆ ਤੇ ਉਸ ਵਲੋਂ ਲਿਖੇ ਸੁਸਾਇਡ ਨੋਟ 'ਤੇ ਖੂਨ ਦੇ ਨਿਸ਼ਾਨ ਵੀ ਹਨ, ਜਿੰਨ੍ਹਾਂ ਨੂੰ ਮ੍ਰਿਤਕਾਂ ਵਲੋਂ ਆਪਣੇ ਅੰਗੂਠੇ ਨਾਲ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਖੂਨ ਦੀ ਜਾਂਚ ਕੀਤੀ ਜਾ ਸਕਦੀ ਹੈ, ਜਿਸ ਤੋਂ ਸੱਚ ਸਾਹਮਣੇ ਆ ਜਾਵੇਗਾ। ਇਸ ਦੇ ਨਾਲ ਹੀ ਜਾਖੜ ਦਾ ਕਹਿਣਾ ਕਿ ਇਸ 'ਚ ਇਕੱਲੇ ਇੱਕ ਮੰਤਰੀ ਜ਼ਿੰਮੇਵਾਰ ਨਹੀਂ ਹੈ, ਇਸ 'ਚ ਸਾਰੀ ਸਰਕਾਰ ਖੁਦਕੁਸ਼ੀ ਲਈ ਜ਼ਿੰਮੇਵਾਰ ਹੈ।
ਸਰਕਾਰ ਲੋਕਤੰਤਰ ਦਾ ਕਰ ਰਹੀ ਘਾਣ: ਉਧਰ ਧਰਨੇ 'ਚ ਸ਼ਾਮਲ ਜਸਵਿੰਦਰ ਕੌਰ ਦਾ ਕਹਿਣਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਗੱਲਾਂ ਤਾਂ ਵੱਡੀਆਂ ਕੀਤੀਆਂ ਸੀ ਪਰ ਅਸਲ ਕੁਝ ਹੋਰ ਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਿਹਾ ਜਾਂਦਾ ਸੀ ਕਿ ਧਰਨੇ ਨਹੀਂ ਲੱਗਣਗੇ ਪਰ ਅੱਜ ਪੰਜਾਬ ਦੀਆਂ ਧੀਆਂ ਭੈਣਾਂ ਪਰਿਵਾਰਾਂ ਸਮੇਤ ਧਰਨੇ 'ਤੇ ਬੈਠੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਬਦਲਾਅ ਕਰਕੇ 92 ਵਿਧਾਇਕ ਚੁਣੇ ਸਨ ਪਰ ਉਹ ਲੋਕਤੰਤਰ ਦਾ ਘਾਣ ਕਰਕੇ ਤਾਨਾਸ਼ਾਹੀ ਰਵੱਈਆ ਅਪਣਾ ਰਹੇ ਹਨ।
ਧਰਨੇ 'ਚ ਕੀਤੀ ਸੀ ਲੀਡਰਾਂ ਨੇ ਸ਼ਮੂਲੀਅਤ:ਕਾਬਿਲੇਗੌਰ ਹੈ ਕਿ ਪਿਛਲੇ ਦਿਨੀਂ ਸੁਨੀਲ ਜਾਖੜ ਵਲੋਂ ਗੰਭੀਰਪੁਰ 'ਚ ਸਹਾਇਕ ਪ੍ਰੋਫੈਸਰਾਂ ਵਲੋਂ ਲਾਏ ਗਏ ਧਰਨੇ 'ਚ ਸ਼ਮੂਲੀਅਤ ਕੀਤੀ ਗਈ ਸੀ। ਜਿਥੇ ਉਨ੍ਹਾਂ ਧਰਨਾ ਦੇ ਰਹੇ ਸਹਾਇਕਾਂ ਪ੍ਰੋਫੈਸਰਾਂ ਦੇ ਹੱਕ 'ਚ ਆਵਾਜ਼ ਚੁੱਕੀ ਸੀ ਤਾਂ ਉਥੇ ਹੀ ਖੁਦਕੁਸ਼ੀ ਕਰਨ ਵਾਲੀ ਮਹਿਲਾ ਸਹਾਇਕ ਪ੍ਰੋਫੈਸਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਸੀ। ਜਦਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਲੀਡਰਸ਼ਿਪ ਵਲੋਂ ਵੀ ਬੀਤੇ ਦਿਨਾਂ 'ਚ ਧਰਨਾਕਾਰੀਆਂ ਤੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਸੀ। ਜਿਸ 'ਚ ਅਕਾਲੀ ਦਲ ਵਲੋਂ ਰੂਪਨਗਰ ਥਾਣੇ ਬਾਹਰ ਮੰਤਰੀ ਹਰਜੋਤ ਬੈਂਸ 'ਤੇ ਪਰਚਾ ਦਰਜ ਕਰਨ ਲਈ ਧਰਨਾ ਵੀ ਲਾਇਆ ਸੀ।