ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਅੱਜ ਕੱਲ੍ਹ ਬੀਜ ਘੁਟਾਲਾ ਕਾਫ਼ੀ ਸੁਰਖੀਆਂ ਵਿੱਚ ਹੈ ਤੇ ਸਿਆਸਤ ਵੀ ਭੱਖਦੀ ਨਜ਼ਰ ਆ ਰਹੀ ਹੈ। ਅਕਾਲੀ ਦਲ ਤੇ ਆਪ ਵੱਲੋਂ ਬੀਜ ਘੁਟਾਲੇ ਦੇ ਤਾਰ ਕਾਂਗਰਸ ਦੇ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨਾਲ ਜੋੜੇ ਜਾ ਰਹੇ ਹਨ। ਸਿਆਸਤ ਵਿੱਚ ਇਲਜ਼ਾਮਤ ਰਾਸ਼ੀਆਂ ਦੀ ਗੱਲ ਬਾਅਦ ਵਿੱਚ ਕਰਦੇ ਹਾਂ, ਪਹਿਲਾਂ ਤੁਹਾਨੂੰ ਦੱਸਦੇ ਹਾਂ ਅਸਲ ਵਿੱਚ ਇਹ ਬੀਜ ਘੁਟਾਲਾ ਕੀ ਹੈ?
ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸੀਟੀ ਨੇ ਕਿਸਾਨਾਂ ਲਈ PR-128 ਅਤੇ PR-129 ਨਾਂਅ ਦੀਆਂ ਝੋਨੇ ਦੀਆਂ ਦੋ ਨਵੀਂਆਂ ਕਿਸਮਾਂ ਦੇ ਬੀਜ ਤਿਆਰ ਕੀਤੇ ਹਨ ਤੇ ਜਦੋਂ ਤੱਕ ਯੂਨੀਵਰਸਿਟੀ ਇਨ੍ਹਾਂ ਬੀਜਾਂ ਨੂੰ ਕਿਸੇ ਅਧਿਕਾਰਤ ਏਜੰਸੀ ਨੂੰ ਵੇਚਣ ਦੀ ਇਜਾਜ਼ਤ ਨਹੀਂ ਦਿੰਦੀ, ਉਦੋਂ ਤੱਕ ਕੋਈ ਵੀ ਖੁੱਲ੍ਹੇ ਬਜ਼ਾਰ ਵਿੱਚ ਇਹ ਬੀਜ ਨਹੀਂ ਵੇਚ ਸਕਦਾ। ਇਸ ਦੇ ਬਾਵਜੂਦ ਇਹ ਬੀਜ ਕਿਸਾਨਾਂ ਨੂੰ ਵੇਚੇ ਜਾ ਰਹੇ ਹਨ, ਉਹ ਵੀ ਅਸਲ ਕੀਮਤ ਤੋਂ ਤਿਗੁੱਣੀ ਕੀਮਤ 'ਤੇ।
ਛਾਪੇਮਾਰੀ ਦੌਰਾਨ ਫੜੇ ਗਈ PR128 ਅਤੇ PR129
ਲੁਧਿਆਣਾ ਦੇ ਬਰਾੜ ਬੀਜ ਫਾਰਮ 'ਚੋਂ ਜਦੋਂ ਛਾਪੇਮਾਰੀ ਦੌਰਾਨ PR128 ਤੇ PR129 ਝੋਨੇ ਦੀਆਂ ਕਿਸਮਾਂ ਦੇ ਕਈ ਕੁਇੰਟਲ ਬੀਜ ਫੜੇ ਗਏ ਤਾਂ ਇਸ ਦੇ ਤਾਰ ਕਰਨਾਲ ਐਗਰੀ ਸੀਡਸ਼ ਨਾਂਅ ਦੀ ਕੰਪਨੀ ਨਾਲ ਜੁੜੇ। ਜਦੋਂ ਜਾਂਚ ਚਲਦੀ ਹੈ ਤਾਂ ਇੱਕ ਹੈਰਾਨੀਜਨਕ ਗੱਲ ਸਭ ਦੇ ਸਾਹਮਣੇ ਆਉਂਦੀ ਹੈ। ਇਹ ਕਥਿਤ ਕੰਪਨੀ ਕਰਨਾਲ ਵਿੱਚ ਨਹੀਂ ਬਲਕਿ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਹਲਕੇ ਡੇਰਾ ਬਾਬਾ ਨਾਨਕ ਤੋਂ ਨਿਕਲਦੀ ਹੈ। ਮਾਮਲੇ ਦੀ ਹੋਰ ਪੜਤਾਲ ਜਦੋਂ ਹੁੰਦੀ ਹੈ ਤਾਂ ਪਤਾ ਲਗਦਾ ਹੈ ਕਿ ਇਹ ਕੰਪਨੀ ਕਿਸੇ ਹੋਰ ਦੀ ਨਹੀਂ ਬਲਕਿ ਤੇਜ਼-ਤਰਾਰ ਮੰਤਰੀ ਸਾਹਬ ਦੇ ਕਰੀਬੇ ਕਹੇ ਜਾਣ ਵਾਲੇ ਲਖਵਿੰਦਰ ਸਿੰਘ ਉਰਫ਼ ਲੱਕੀ ਢਿੱਲੋਂ ਦੀ ਹੈ। ਲੱਕੀ ਢਿੱਲੋਂ ਤਾਂ ਅਕਸਰ ਰੰਧਾਵਾ ਸਾਬ੍ਹ ਨਾਲ ਤਸਵੀਰਾਂ ਵਿੱਚ ਦੇਖੇ ਜਾਂਦੇ ਰਹੇ ਹਨ।
ਬੀਜ ਘੋਟਾਲਾ ਹੋਇਆ ਕਿਵੇਂ?
ਦੱਸ ਦਈਏ ਕਿ ਇਹ ਵਿਭਾਗ ਵੈਸੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੈ ਪਰ ਸਰਕਾਰ ਵੱਲੋਂ ਕਿਸਾਨਾਂ ਨੂੰ ਸਸਤੇ ਬੀਜ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਸੁਖਜਿੰਦਰ ਰੰਧਾਵਾ ਨੂੰ ਸੌਂਪੀ ਗਈ ਸੀ। ਅਕਾਲੀ ਦਲ ਇਹ ਇਲਜ਼ਾਮ ਲਗਾਉਂਦਾ ਹੈ ਕਿ ਲੱਕੀ ਢਿੱਲੋਂ ਦੇ ਤਾਰ ਰੰਧਾਵਾ ਨਾਲ ਜੁੜੇ ਹੋਏ ਹਨ। ਉਸ ਨੇ ਸੁਖਜਿੰਦਰ ਰੰਧਾਵਾ ਦੀ ਮਦਦ ਨਾਲ ਹੀ ਬੀਜ ਹਾਸਲ ਕੀਤੇ ਤੇ ਬਾਅਦ ਵਿੱਚ ਬੀਜਾਂ ਦੀ ਗ਼ੈਰ ਅਧਿਕਾਰਤ ਸਪਲਾਈ ਸ਼ੁਰੂ ਕਰ ਦਿੱਤੀ।
ਹੈਰਾਨੀ ਵਾਲੀ ਗੱਲ ਇਹ ਹੈ ਕਿ ਖੇਤੀਬਾੜੀ ਵਿਭਾਗ ਵੱਲੋਂ ਅਜੇ ਤੱਕ ਨਾ ਹੀ PR128 ਅਤੇ PR129 ਬੀਜਾਂ ਨੂੰ ਪਾਸ ਕੀਤਾ ਗਿਆ ਹੈ ਤੇ ਨਾ ਹੀ ਖੁੱਲ੍ਹੀ ਮੰਡੀ ਵਿੱਚ ਵੇਚਣ ਦੀ ਕੋਈ ਇਜਾਜ਼ਤ ਦਿੱਤੀ ਗਈ ਹੈ। ਇਸ ਦੇ ਬਾਵਜੂਦ ਸਰਕਾਰ ਦੀ ਨੱਕ ਥੱਲ੍ਹੇ ਹਜ਼ਾਰਾਂ ਕੁਇੰਟਲ ਬੀਜ ਸ਼ਰੇਆਮ ਬਾਜ਼ਾਰਾਂ ਵਿੱਚ ਵਿਕਣ ਲਈ ਪਹੁੰਚ ਜਾਂਦਾ ਹੈ। ਸਰਕਾਰੀ ਅਦਾਰਿਆਂ ਨੂੰ ਇਸ ਦੀ ਭਿਣਕ ਤੱਕ ਨਹੀਂ ਲੱਗਦੀ, ਕਿਤੇ ਨਾ ਕਿਤੇ ਇਸ ਵਿੱਚੋਂ ਘੁਟਾਲੇ ਦੀ ਮੁਸ਼ਕ ਜ਼ਰੂਰ ਮਾਰਦੀ ਹੈ।
ਖੇਤੀਬਾੜੀ ਯੂਨੀਵਰਸਿਟੀ ਨੇ PR128 ਅਤੇ PR129 ਕਿਸਮਾਂ ਦੇ ਬੀਜਾਂ ਦਾ ਮੁੱਲ 70 ਰੁਪਏ ਪ੍ਰਤੀ ਕਿੱਲੋ ਰੱਖਿਆ ਗਿਆ ਤਾਂ ਜੋ ਕਿਸਾਨ ਇਸ ਨੂੰ ਅਸਾਨੀ ਨਾਲ ਖਰੀਦ ਸਕੇ, ਪਰ ਫਿਰ ਵੀ ਇਹ ਬੀਜ ਸਰਕਾਰ ਦੀ ਇਜਾਜ਼ਤ ਤੋਂ ਬਿਨਾ ਇੱਕ ਨਿਜੀ ਅਣਅਧਿਕਾਰਤ ਕੰਪਨੀ ਵੱਲੋਂ 180 ਤੋਂ 200 ਰੁਪਏ ਪ੍ਰਤੀ ਕਿਲੋਂ ਦੇ ਹਿਸਾਬ ਨਾਲ ਕਿਸਾਨਾਂ ਨੂੰ ਚੂਨਾ ਲਾ ਕੇ ਵੇਚਿਆ ਜਾ ਰਿਹਾ ਹੈ। ਸਰਕਾਰੀ ਰੇਟ ਤੋਂ 3 ਗੁਣਾ ਮਹਿੰਗੀ ਕੀਮਤ 'ਤੇ ਬੀਜ ਵੇਚਣਾ ਕਿੰਨਾ ਸ਼ਰਮਨਾਕ ਹੈ। ਇਸ ਦਾ ਖੁਲਾਸਾ ਵਿਰੋਧੀ ਪਾਰਟੀਆਂ ਨੇ ਕੀਤਾ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕੇਂਦਰੀ ਏਜੰਸੀ ਤੋਂ ਬੀਜ ਘੁਟਾਲੇ ਦੀ ਜਾਂਚ ਦੀ ਮੰਗ ਕੀਤੀ ਹੈ। ਬਕਾਇਦਾ 28 ਮਈ ਤੋਂ ਪੰਜਾਬ ਵਿੱਚ ਰੋਸ ਮੁਜ਼ਾਹਰੇ ਦਾ ਹੈਲਾਨ ਵੀ ਕੀਤਾ ਗਿਆ ਹੈ। ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਅਕਾਲੀਆਂ ਖਿਲਾਫ਼ ਵੀ ਮੋੜਵੇਂ ਇਲਜ਼ਾਮ ਲਾਉਂਦਿਆਂ ਕਿਹਾ ਕਿ ਚਿੱਟੇ ਦੇ ਵਪਾਰੀ ਉਸ ਨੂੰ ਬਦਨਾਮ ਕਰਨ ਲਈ ਕੋਝੀਆਂ ਚਾਲਾਂ ਚਲ ਰਹੇ ਹਨ। ਜਦੋਂਕਿ ਕਰਨਾਲ ਐਗਰੀ ਸੀਡਜ਼ ਦੇ ਮਾਲਕ ਲੱਕੀ ਢਿੱਲੋਂ ਪੈਦਾ ਹੋਏ ਸਵਾਲਾਂ ਤੋਂ ਭੱਜ ਜ਼ਰੂਰ ਰਹੇ ਹਨ ਪਰ ਉਨ੍ਹਾਂ ਇੰਨਾ ਜ਼ਰੂਰ ਕਿਹਾ ਕਿ ਉਨ੍ਹਾਂ ਨੂੰ ਸਾਜ਼ਿਸ਼ ਤਹਿਤ ਦੋਵੇਂ ਪਾਰਟੀਆਂ ਦੀ ਸਿਆਸੀ ਚੱਕੀ ਵਿੱਚ ਪੀਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।