ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਭਰਤ ਇੰਦਰ ਚਾਹਲ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਹਾਈ ਕੋਰਟ ਤੋਂ ਅੰਤਰਿਮ ਰਾਹਤ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਹਿਲਾਂ ਹੀ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ। ਹੁਣ ਮਾਮਲੇ ਦੀ ਅਗਲੀ ਸੁਣਵਾਈ 2 ਨਵੰਬਰ 2023 ਨੂੰ ਹੋਵੇਗੀ।
4 ਅਕਤੂਬਰ ਨੂੰ ਮਿਲੀ ਸੀ ਜ਼ਮਾਨਤ: ਦੱਸ ਦਈਏ ਕਿ ਭਰਤ ਇੰਦਰ ਸਿੰਘ ਚਾਹਲ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 4 ਅਕਤੂਬਰ ਨੂੰ ਜਵਾਬ ਦਾਖਲ ਕਰਨ ਲਈ ਕਿਹਾ ਸੀ, ਜਿਸ ਤੋਂ ਬਾਅਦ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਤੋਂ ਬਾਅਦ ਅਗਾਊਂ ਜ਼ਮਾਨਤ ਮਨਜ਼ੂਰ ਕਰ ਲਈ ਸੀ।
ਚਾਹਲ ਨੇ ਸਿਆਸੀ ਰੰਜਿਸ਼ ਦੀ ਆਖੀ ਸੀ ਗੱਲ: ਹਾਈਕੋਰਟ 'ਚ ਆਪਣਾ ਪੱਖ ਰੱਖਦਿਆਂ ਭਰਤ ਇੰਦਰ ਚਾਹਲ ਨੇ ਪੱਖ ਰੱਖਿਆ ਸੀ ਕਿ ਵਿਜੀਲੈਂਸ ਵੱਲੋਂ ਉਸ ਖ਼ਿਲਾਫ਼ ਪਿਛਲੇ ਸਾਲ ਨਵੰਬਰ ਵਿੱਚ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਮਾਮਲੇ 'ਚ ਉਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਨੇ ਆਪਣੇ ਸਾਰੇ ਬੈਂਕ ਖਾਤਿਆਂ, ਜਾਇਦਾਦਾਂ ਤੇ ਆਮਦਨ ਦਾ ਪੂਰਾ ਵੇਰਵਾ ਦੇ ਦਿੱਤਾ ਹੈ। ਇਸ ਦੇ ਬਾਵਜੂਦ ਉਨ੍ਹਾਂ ਨੂੰ ਰੰਜਿਸ਼ ਤਹਿਤ ਫਸਾਇਆ ਜਾ ਰਿਹਾ ਹੈ। ਹੁਣ ਉਹ 75 ਵਰ੍ਹਿਆਂ ਦੇ ਹਨ ਤੇ ਜਾਂਚ ਵਿੱਚ ਸਹਿਯੋਗ ਕਰਨ ਲਈ ਤਿਆਰ ਹਨ। ਇਸ ਲਈ ਉਨ੍ਹਾਂ ਨੂੰ ਅਗਾਊਂ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ।
27 ਸਤੰਬਰ ਨੂੰ ਕੀਤੀ ਸੀ ਛਾਪੇਮਾਰੀ: ਵਿਜੀਲੈਂਸ ਟੀਮ ਨੇ 27 ਸਤੰਬਰ ਨੂੰ ਭਰਤ ਇੰਦਰ ਚਾਹਲ ਦੇ ਘਰ ਛਾਪਾ ਮਾਰਿਆ ਸੀ। ਵਿਜੀਲੈਂਸ ਟੀਮ ਚਾਹਲ ਦੇ ਤਵਾਕਲੀ ਮੋੜ ਸਥਿਤ ਘਰ ਪਹੁੰਚੀ ਸੀ ਪਰ ਦਰਵਾਜ਼ਾ ਨਾ ਖੁੱਲ੍ਹਣ 'ਤੇ ਟੀਮ ਇਕ ਘੰਟੇ ਬਾਅਦ ਵਾਪਸ ਪਰਤ ਗਈ। ਕੁਝ ਦਿਨਾਂ ਬਾਅਦ ਭਰਤ ਇੰਦਰ ਚਾਹਲ ਨੇ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਜਿਸ 'ਤੇ ਹਾਈਕੋਰਟ ਨੇ ਸੂਬਾ ਸਰਕਾਰ ਨੂੰ 4 ਅਕਤੂਬਰ ਨੂੰ ਜਵਾਬ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਸਨ।