ਚੰਡੀਗੜ੍ਹ: ਕੈਬਿਨੇਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਸ਼ਹੀਦੀ ਸਮਾਰਕ ਵਿਖੇ 71 ਫੁੱਟ ਦਾ ਵਿਜੈ ਸਤੰਭ ਬਣਾਉਣ ਵਿੱਚ ਸ਼ਹੀਦਾਂ ਦੀ ਸਮਾਧ ਕਮੇਟੀ ਦੀ ਹਰ ਸੰਭਵ ਸਹਾਇਤਾ ਕਰੇਗੀ। ਇਸ ਮੌਕੇ ਉਨ੍ਹਾਂ ਸ਼ਹੀਦਾਂ ਦੇ 35 ਪਰਿਵਾਰਾਂ ਨੂੰ ਆਪਣੀ ਤਨਖਾਹ ਵਿਚੋਂ ਪ੍ਰਤੀ ਪਰਿਵਾਰ 5000 ਰੁਪਏ ਦੀ ਦਰ ਨਾਲ ਵਿੱਤੀ ਸਹਾਇਤਾ ਮੁਹੱਈਆ ਕਰਵਾਉਂਦਿਆਂ ਆਖਿਆ ਕਿ ਅਸੀਂ ਸਾਡੇ ਸ਼ਹੀਦਾਂ ਦਾ ਦੇਣ ਨਹੀਂ ਦੇ ਸਕਦੇ ਹਾਂ।
ਉਨ੍ਹਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਉਹੀ ਕੌਮਾਂ ਜਿੰਦਾ ਰਹਿੰਦੀਆਂ ਹਨ ਜੋ ਆਪਣੇ ਇਤਿਹਾਸ ਅਤੇ ਵਿਰਸੇ ਨੂੰ ਨਾਲ ਲੈ ਕੇ ਚਲਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡੀਆਂ ਬਹਾਦਰ ਸੈਨਾਵਾਂ ਸਦਕਾ ਹੀ ਅਸੀਂ ਆਜ਼ਾਦ ਹਾਂ ਅਤੇ ਚੈਨ ਦੀ ਨੀਂਦ ਸੌਂਦੇ ਹਾਂ ਅਤੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਡੀਆਂ ਸੈਨਾਵਾਂ ਦਾ ਸਤਿਕਾਰ ਕਰੀਏ।
ਸਿਹਤ ਮੰਤਰੀ ਨੇ ਸ਼ਹੀਦਾਂ ਦੀ ਯਾਦ ਵਿੱਚ ਇਹ ਸਮਾਗਮ ਕਰਨ ਲਈ ਸ਼ਹੀਦਾਂ ਦੀ ਸਮਾਧ ਕਮੇਟੀ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਨਾਲ ਨਾ ਕੇਵਲ ਅਸੀ ਸਾਡੇ ਸ਼ਹੀਦਾਂ, ਸਾਬਕਾ ਫੋਜੀਆਂ ਨੂੰ ਸਨਮਾਨ ਦਿੰਦੇ ਹਾਂ ਸਗੋਂ ਇਸ ਨਾਲ ਅਸੀਂ ਸਾਡੀਆਂ ਅਗਲੀਆਂ ਪੀੜੀਆਂ ਨੂੰ ਵੀ ਸਾਡੀਆਂ ਸੈਨਾਵਾਂ ਦੇ ਸ਼ਾਨਮੱਤੇ ਵਿਰਸੇ ਤੋਂ ਜਾਣੂ ਕਰਵਾ ਸਕਦੇ ਹਾਂ।
ਸਿਹਤ ਮੰਤਰੀ ਨੇ ਇਸ ਮੌਕੇ ਪੁੱਜੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਸੈਨਿਕਾਂ ਨੂੰ ਸਨਮਾਨਿਤ ਵੀ ਕੀਤਾ। ਇਸ ਤੋਂ ਪਹਿਲਾਂ ਬਲਬੀਰ ਸਿੰਘ ਸਿੱਧੂ ਨੇ ਸ਼ਹੀਦਾਂ ਦੀ ਸਮਾਧ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਨੇ ਯਾਦਗਾਰ ਸਬੰਧੀ ਬਣੀ ਕਮੇਟੀ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਮੇਟੀ ਅਤੇ ਸਮੂਹ ਜ਼ਿਲ੍ਹਾ ਨਿਵਾਸੀਆਂ ਦਾ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਅਜਿਹੇ ਪ੍ਰੋਗਰਾਮ ਉਲੀਕਣ ਦੀ ਸ਼ਲਾਘਾ ਕੀਤੀ । ਉਨ੍ਹਾਂ ਸਮਾਗਮ 'ਚ ਸਮੂਲੀਅਤ ਕਰਨ ਆਏ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਅੱਜ ਦੇ ਦਿਨ ਸ਼ਹੀਦਾਂ ਦੀ ਇਸ ਸਮਾਧ 'ਤੇ ਪ੍ਰਣ ਕਰ ਕੇ ਜਾਣ ਦੀ ਲੋੜ ਹੈ ਕਿ ਹਰੇਕ ਨਾਗਰਿਕ ਨੂੰ ਆਪਣੇ ਮੁਲਕ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਆਪਣਾ ਬਣਦਾ ਯੋਗਦਾਨ ਲਾਜ਼ਮੀ ਪਾਉਣਾ ਚਾਹੀਦਾ ਹੈ।