ਚੰਡੀਗੜ੍ਹ: ਇੱਕ ਪਾਸ ਕਾਂਗਰਸ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਰਾਜਾ ਵੜਿੰਗ ਨੂੰ ਚੁਣ ਕੇ, ਨਵਜੋਤ ਸਿੱਧੂ ਨੂੰ ਇਸ ਰੇਸ ਚੋਂ ਬਾਹਰ ਕੱਢ ਦਿੱਤਾ ਹੈ। ਉੱਥੇ ਹੀ, ਦੂਜੇ ਪਾਸੇ, ਪਾਕਿਸਤਾਨ ਵਿੱਚ ਇਮਰਾਨ ਖਾਨ ਦੇ ਸਰਕਾਰ ਵੀ ਡਿੱਗ ਚੁੱਕੀ ਹੈ। ਇਮਰਾਨ ਖਾਨ ਨੂੰ ਨੈਸ਼ਨਲ ਅਸੈਂਬਲੀ 'ਚ ਬੇਭਰੋਸਗੀ ਮਤੇ 'ਤੇ ਅੱਧੀ ਰਾਤ ਨੂੰ ਹੋਈ ਵੋਟਿੰਗ 'ਚ ਕਰਾਰੀ ਹਾਰ ਮਿਲੀ।
ਇਸ ਉੱਤੇ ਵਿਰੋਧੀ ਪਾਰਟੀਆਂ ਵਲੋਂ ਲਗਾਤਾਰ ਚੁਟਕੀ ਲਈ ਜਾ ਰਹੀ ਹੈ। ਪੰਜਾਬ ਲੋਕ ਕਾਂਗਰਸ ਦੇ ਮੁੱਖ ਬੁਲਾਰੇ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਟਵੀਟ ਕਰਦਿਆਂ ਦੋਨਾਂ ਉੱਤੇ ਸ਼ਾਇਰੀ ਅੰਦਾਜ਼ ਵਿੱਚ ਤੰਜ਼ ਕੱਸਿਆ ਹੈ। ਉਨ੍ਹਾਂ ਲਿਖਿਆ ਕਿ, "ਕਿਆਮਤ ਕੀ ਰਾਤ ਥੀ, ਬੜੇ ਬੇਆਬਰੂ ਹੋ ਕਰ, ਤੇਰੇ ਕੂਚੇ ਸੇ ਹਮ ਨਿਕਲੇ, ਬਹੁਤ ਨਿਕਲੇ ਮੇਰੇ ਅਰਮਾਂ, ਪਰ ਫਿਰ ਭੀ ਹਮ ਕਮ ਨਿਕਲੇ, Both Brothers Lost their Chairs 🪑in a Night, ਠੋਕੋ ਤਾਲੀ।"
ਦੱਸ ਦਈਏ ਕਿ ਬੀਤੀ ਰਾਤ ਕਾਂਗਰਸ ਹਾਈਕਮਾਂਡ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਲਈ ਨਵੇਂ ਪ੍ਰਧਾਨ ਦਾ ਚਿਹਰਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਐਲਾਨਿਆ ਗਿਆ ਹੈ, ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਲਈ ਸੀਐਲਪੀ ਆਗੂ ਨਿਯੁਕਤ ਕੀਤਾ ਗਿਆ ਹੈ।