ਨਵੀਂ ਦਿੱਲੀ: ਸ੍ਰੀ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਮੁੱਖ ਸਮਾਰੋਹ ਸੁਲਤਾਨਪੁਰ ਲੋਧੀ ਵਿਖੇ 12 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਕਰਵਾਇਆ ਜਾਣਾ ਹੈ। ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਰਹਿਣਗੇ। ਮੋਦੀ ਵੱਲੋਂ ਇਸ ਸਮਾਰੋਹ ’ਚ ਸ਼ਾਮਲ ਹੋਣ ਦਾ ਸੱਦਾ ਪ੍ਰਵਾਨ ਕਰ ਲੈਣ ਬਾਰੇ ਜਾਣਕਾਰੀ ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਸਿਮਰਤ ਕੌਰ ਬਾਦਲ ਨੇ ਆਪਣੇ ਇੱਕ ਟਵੀਟ ਰਾਹੀਂ ਦਿੱਤੀ।
ਮੋਦੀ ਨੂੰ ਵੀ SGPC ਨੇ ਬਾਕਾਇਦਾ ਸੱਦਾ–ਪੱਤਰ ਦਿੱਤਾ ਸੀ। ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਰਸਮੀ ਸੱਦਾ–ਪੱਤਰ ਦੇਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੋਬਿੰਦ ਸਿੰਘ ਲੌਂਗੋਵਾਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਖ਼ਾਸ ਤੌਰ ਉੱਤੇ ਦਿੱਲੀ ਗਏ ਸਨ।
ਜਥੇਦਾਰ ਲੌਂਗੋਵਾਲ ਨੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਮੌਜੂਦ ਰਹਿਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਪਾਕਿਸਤਾਨ ਦੇ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪ੍ਰੋਗਰਾਮਾਂ ਦੀ ਰੂਪਰੇਖਾ ਤੈਅ ਕਰਨ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੰਤ ਸਿੰਘ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ।
ਇਸ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਸ੍ਰੀ ਨਨਕਾਣਾ ਸਾਹਿਬ ਦੇ ਰੇਲਵੇ ਸਟੇਸ਼ਨ ਦਾ ਨਾਂਅ ਬਾਬਾ ਨਾਨਕ ਰੇਲਵੇ ਸਟੇਸ਼ਨ ਰੱਖਿਆ ਜਾ ਰਿਹਾ ਹੈ। ਇਸ ਰੇਲਵੇ ਸਟੇਸ਼ਨ ਦਾ ਕੰਮ ਹੁਣ ਜੰਗੀ ਪੱਧਰ ਉੱਤੇ ਚੱਲ ਰਿਹਾ ਹੈ। ਇਹ ਰੇਲਵੇ ਸਟੇਸ਼ਨ ਕਿਸੇ ਕੌਮਾਂਤਰੀ ਹਵਾਈ ਅੱਡੇ ਵਾਂਗ ਸਾਰੀਆਂ ਸਹੂਲਤਾਂ ਨਾਲ ਲੈਸ ਹੋਵੇਗਾ।
ਜਸਵੰਤ ਸਿੰਘ ਨੇ ਦੱਸਿਆ ਕਿ ਨਵੇਂ ਬਣ ਰਹੇ ਰੇਲਵੇ ਸਟੇਸ਼ਨ ਦੇ ਇੱਕ ਪਾਸੇ ਸ਼ਰਧਾਲੂਆਂ ਨੂੰ ਠਹਿਰਾਇਆ ਜਾਵੇਗਾ। ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਕੁਝ ਹੀ ਮੀਟਰ ਦੀ ਦੂਰੀ ਉੱਤੇ ਦੋ ਸਰਕਾਰੀ ਕਾਲਜਾਂ ਤੇ ਸਕੂਲਾਂ ਵਿੱਚ ਬਣਾਈ ਜਾ ਰਹੀ ਟੈਂਟ ਸਿਟੀ ਵਿੱਚ ਸ਼ਰਧਾਲੂਆਂ ਨੂੰ ਠਹਿਰਾਇਆ ਜਾਵੇਗਾ। ਕੁਝ ਸ਼ਰਧਾਲੂਆਂ ਨੂੰ ਗੁਰੂਘਰਾਂ ਦੀਆਂ ਸਰਾਵਾਂ ਵਿੱਚ ਠਹਿਰਾਉਣ ਦੀ ਗੱਲ ਵੀ ਚੱਲ ਰਹੀ ਹੈ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਨਨਕਾਣਾ ਸਾਹਿਬ ਵਿਖੇ ਬਾਬਾ ਨਾਨਕ ਯੂਨੀਵਰਸਿਟੀ ਦੀ ਉਸਾਰੀ ਉੱਤੇ ਤਸੱਲੀ ਪ੍ਰਗਟਾਈ ਗਈ।