ਚੰਡੀਗੜ੍ਹ: ਵਿਰੋਧੀ ਧਿਰ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਨੇ ਪੰਜਾਬ ਕਾਂਗਰਸ ਦੀ (Bharat Jodo Yatra) 'ਭਾਰਤ ਜੋੜੋ ਯਾਤਰਾ', ਨਵਜੋਤ ਸਿੰਘ ਸਿੱਧੂ ਦੀ ਰਿਹਾਈ ਅਤੇ ਚਰਨਜੀਤ ਸਿੰਘ ਚੰਨੀ ਦੇ ਮਸਲੇ 'ਤੇ ਮੀਡੀਆ ਨਾਲ ਅਹਿਮ ਗੱਲਬਾਤ ਕੀਤੀ। ਇਸ ਦੌਰਾਨ ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦੀ ਪੰਜਾਬ ਵਿਚ ਸ਼ੁਰੂਆਤ ਹੋਣ ਜਾ ਰਹੀ ਹੈ। ਜਿਸ ਦੇ ਤਹਿਤ ਇਹ ਯਾਤਰਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ 3 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ, ਇਤਿਹਾਸਕ ਸ਼ਹਿਰ ਫਤਿਹਗੜ੍ਹ ਸਾਹਿਬ ਵਿਚ ਪਹੁੰਚੇਗੀ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਭਾਰਤ ਜੋੜੋ ਯਾਤਰਾ 9 ਦਿਨ ਪੰਜਾਬ ਵਿਚ ਰਹੇਗੀ ਅਤੇ 20 ਜਨਵਰੀ ਨੂੰ ਪਠਾਨਕੋਟ ਰਾਹੀਂ ਜੰਮੂ ਕਸ਼ਮੀਰ ਵਿਚ ਐਂਟਰ ਹੋਵੇਗੀ।
ਪੰਜਾਬ ਸਰਕਾਰ ਦੀ ਵਿਜੀਲੈਂਸ ਬਰਾਬਰ ਕੰਮ ਕਰੇ:-ਉਧਰ ਚਰਨਜੀਤ ਚੰਨੀ ਨੂੰ ਵਿਜੀਲੈਂਸ ਦੇ ਘੇਰੇ ਵਿਚ ਲਿਆਉਣ ਉੱਤੇ ਵੀ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਉਹਨਾਂ ਆਖਿਆ ਕਿ ਚੰਨੀ ਦਾ ਜਵਾਬ ਤਾਂ ਚੰਨੀ ਹੀ ਦੇ ਸਕਦੇ ਹਨ। ਪਰ ਪੰਜਾਬ ਸਰਕਾਰ ਦੀ ਵਿਜੀਲੈਂਸ ਨੇ ਜੇ ਕੰਮ ਕਰਨਾ ਹੈ ਤਾਂ ਸਾਰਿਆਂ ਲਈ ਇੱਕ ਬਰਾਬਰ ਕਰੇ। ਪੰਜਾਬ ਸਰਕਾਰ ਦੇ ਮੰਤਰੀ ਫੌਜਾ ਸਿੰਘ ਸਰਾਰੀ ਉੱਤੇ ਵਿਜੀਲੈਂਸ ਕਿਉਂ ਨਹੀਂ ਕਾਰਵਾਈ ਕਰ ਰਹੀ।