ਪੰਜਾਬ

punjab

ETV Bharat / state

ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦੇ ਅਵਤਾਰ ਦਿਹਾੜੇ 'ਤੇ ਖ਼ਾਸ - ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ

ਦੇਸ਼ ਭਰ ਵਿੱਚ ਗੁਰੂ ਰਵਿਦਾਸ ਜੀ ਦਾ 643ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਵੱਖ-ਵੱਖ ਥਾਵਾਂ 'ਤੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ।

ਭਗਤ ਰਵਿਦਾਸ
ਭਗਤ ਰਵਿਦਾਸ

By

Published : Feb 9, 2020, 9:12 AM IST

ਚੰਡੀਗੜ੍ਹ: ਗੁਰੂ ਰਵਿਦਾਸ ਜੀ ਦਾ 643ਵਾਂ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਵੱਖ-ਵੱਖ ਥਾਵਾਂ 'ਤੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ।

ਰਵਿਦਾਸ ਜੀ ਦੀ ਜੀਵਨੀ 'ਤੇ ਇੱਕ ਝਾਤ
ਮਹਾਨ ਚਿੰਤਕ ਤੇ ਸ਼੍ਰੋਮਣੀ ਕਵੀ ਗੁਰੂ ਰਵਿਦਾਸ ਦਾ ਜਨਮ ਬਨਾਰਸ ਲਾਗੇ ਸਥਿਤ ਪਿੰਡ ਮਾਂਡੂਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂਅ ਰਘੂ (ਰਾਘਵ) ਅਤੇ ਮਾਤਾ ਦਾ ਨਾਂਅ ਕਰਮਾਂ ਦੇਵੀ ਹੈ। ਉਨ੍ਹਾਂ ਦੇ ਜਨਮ ਬਾਰੇ ਵਿਦਵਾਨਾਂ ਦੀਆਂ ਵੱਖ-ਵੱਖ ਵਿਚਾਰ ਹਨ ਪਰ ਅੱਜ ਦੀ ਖੋਜ ਤੇ ਵਿਦਵਾਨਾਂ ਅਨੁਸਾਰ ਉਨ੍ਹਾਂ ਦਾ ਜਨਮ 1433 ਬਿਕ੍ਰਮੀ (1377 ਈ:) ਨੂੰ ਹੋਇਆ ਤੇ 1584 ਬਿਕ੍ਰਮੀ (1527 ਈ:) ਨੂੰ ਜੋਤੀ-ਜੋਤ ਸਮਾ ਗਏ।

ਗੁਰੂ ਰਵਿਦਾਸ ਜੀ ਬਚਪਨ ਤੋਂ ਹੀ ਆਪਣੇ ਪਿਤਾ ਪੁਰਖੀ ਕੰਮ ਵਿਚ ਮਾਪਿਆਂ ਦਾ ਹੱਥ ਵਟਾਉਣ ਲੱਗ ਪਏ ਸਨ। ਉਹ ਮੋਏ ਪਸ਼ੂਆਂ ਨੂੰ ਢੋਅ ਕੇ, ਜੁੱਤੀਆਂ ਗੰਢ ਕੇ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਗੁਜ਼ਾਰਾ ਕਰਦੇ। ਜੋ ਵੀ ਉਨ੍ਹਾਂ ਕੋਲ ਆਉਂਦਾ, ਉਹ ਉਸ ਦੀ ਦਿਲੋਂ ਸੇਵਾ ਕਰਦੇ ਅਤੇ ਪ੍ਰਭੂ ਭਗਤੀ ਵਿਚ ਲੀਨ ਰਹਿੰਦੇ।

ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ।।
ਅਤੇ ਕਹਿ ਰਵਿਦਾਸ ਖਲਾਸ ਚਮਾਰਾ।।

ਉਨ੍ਹਾਂ ਨੇ ਸਵਾਮੀ ਰਾਮਾ ਨੰਦ ਨੂੰ ਆਪਣਾ ਗੁਰੂ ਧਾਰਿਆ ਅਤੇ ਵੈਸ਼ਨਵ ਮੱਤ ਵਿੱਚ ਸ਼ਾਮਲ ਹੋ ਗਏ। ਉਹ ਕਿਰਤ ਕਰਦਿਆਂ ਵੀ ਨਾਮ ਸਿਮਰਨ ਕਰਦੇ ਅਤੇ ਸੁਆਸ-ਸੁਆਸ ਰੱਬ ਨੂੰ ਚੇਤੇ ਕਰਦੇ। ਉਨ੍ਹਾਂ ਦੇ ਸਮਕਾਲੀ ਭਗਤ ਧੰਨਾ ਜੀ ਦੀ ਬਾਣੀ ਵੀ ਇਸ ਵਲ ਸੰਕੇਤ ਕਰਦੀ ਹੈ:

ਰਵਿਦਾਸ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ।।
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ।।

ਰਵਿਦਾਸ ਮਹਾਰਾਜ ਸਿਮਰਨ ਕਰਦੇ ਕਰਦੇ ਇਸ ਅਵਸਥਾ ਵਿਚ ਪਹੁੰਚ ਗਏ ਕਿ ਪ੍ਰਭੂ ਸ਼ਕਤੀ ਵਿਚ ਲੀਨ ਹੋ ਗਏ। ਉਨ੍ਹਾਂ ਵਿਚ ਤੇਰੇ-ਮੇਰੇ ਅਤੇ ਊਚ-ਨੀਚ ਵਿਚ ਕੋਈ ਫ਼ਰਕ ਬਾਕੀ ਨਹੀਂ ਰਿਹਾ ਅਤੇ ਸਮ-ਦ੍ਰਸ਼ਟੀ ਹੋ ਗਏ। ਉਹ ਸਰਵ ਵਿਆਪਕ ਪ੍ਰਮਾਤਮਾ ਨਾਲ ਓਤ-ਪੋਤ ਹੋ ਕੇ, ਇਕ-ਮਨ ਇਕ-ਚਿਤ ਹੋ ਕੇ ਅਲਾਪਣ ਲੱਗ ਪਏ:

ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ।।
ਕਨਕ ਕਟਿਕ ਜਲ ਤਰੰਗ ਜੈਸਾ।।

ਉਨ੍ਹਾਂ ਦਾ ਜਸ ਚਾਰ ਚੁਫੇਰੇ ਹੋਣ ਲੱਗਾ। ਕੀ ਨੀਚ, ਕੀ ਊਚ, ਕੀ ਗਰੀਬ, ਕੀ ਅਮੀਰ, ਇਥੋਂ ਤਕ ਕਿ ਉਸ ਵੇਲੇ ਦੇ ਕੱਟੜ ਬ੍ਰਾਹਮਣਵਾਦੀ ਸੋਚ ਦੇ ਲੋਕ ਵੀ ਉਨ੍ਹਾਂ ਦੇ ਦਰਸ਼ਨਾਂ ਤੇ ਸੰਗਤ ਦਾ ਲਾਹਾ ਲੈਣ ਲਈ ਆਉਣ ਲੱਗੇ। ਇਹ ਉਹ ਸਮਾਂ ਸੀ ਜਦੋਂ ਗਰੀਬ ਵਰਗ ਦੇ ਲੋਕਾਂ ਦਾ ਪਰਛਾਵਾਂ ਵੀ ਕਥਿਤ ਉੱਚ ਜਾਤੀਆਂ ਤੇ ਬ੍ਰਾਹਮਣ ਵਰਗ ਦੇ ਲੋਕਾਂ ਦੇ ਮੱਥੇ ’ਤੇ ਉਡਣੇ ਸੱਪ ਵਾਂਗ ਡੰਗ ਮਾਰਨ ਦਾ ਕੰਮ ਕਰਦਾ ਸੀ:

ਜਾ ਕੇ ਕੁਟੰਬ ਕੇ ਢੇਢ ਢੋਵੰਤ ਫਿਰਹਿ
ਅਜਹੁ ਬੰਨਾਰਸੀ ਆਸ ਪਾਸਾ।।
ਆਚਾਰ ਸਹਿਤ ਬਿਪ੍ਰ ਕਰਹਿ ਡੰਡਉਤਿ ਤਿਨ ਤਨੈ ਰਵਿਦਾਸ ਦਾਸਾਨ ਦਾਸਾ।।

ਉਨ੍ਹਾਂ ਦੇ ਨਾਂ ਦੀ ਮਹਿਮਾ ਐਨੀ ਫੈਲ ਗਈ ਕਿ ਰਵਿਦਾਸ ਗੁਰੂ ਜੀ ਦੇ ਪੈਰੋਕਾਰਾਂ ਵਿਚ ਉੱਚ ਵਰਗ ਦੇ ਲੋਕ, ਅਮੀਰ ਅਤੇ ਕਹਿੰਦੇ ਕਹਾਉਂਦੇ ਲੋਕ ਹੀ ਸ਼ਾਮਲ ਨਹੀਂ ਹੋਏ, ਸਗੋਂ ਚਿਤੌੜ ਦੇ ਰਾਜਪੂਤ ਘਰਾਣੇ ਦੀ ਰਾਣੀ ਝਾਲਾਂ ਬਾਈ ਵੀ ਉਨ੍ਹਾਂ ਦੀ ਸੇਵਕ ਬਣ ਗਈ। ਰਾਣੀ ਝਾਲਾਂ ਬਾਈ ਨੇ ਤਾਂ ਰਵਿਦਾਸ ਜੀ ਦੇ ਦੂਜੇ ਸੇਵਕਾਂ ਨਾਲ ਖੁਰਾਲਗੜ੍ਹ (ਨੇੜੇ ਗੜ੍ਹਸ਼ੰਕਰ) ਬੀਤ ਦੇ ਇਲਾਕੇ ਵਿਚ ਲੰਮਾ ਸਮਾਂ ਗੁਰੂ ਜੀ ਦੀ ਸੇਵਾ ਕੀਤੀ ਅਤੇ ਆਪ ਵੀ ਪ੍ਰਭੂ ਭਗਤੀ ਵਿਚ ਲੀਨ ਰਹਿਣ ਲੱਗੀ। ਗੁਰੂ ਰਵਿਦਾਸ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਭਾਈ ਗੁਰਦਾਸ ਜੀ ਲਿੱਖਦੇ ਹਨ:

ਗੁਰੂ ਗੁਰੂ ਜਗਿ ਵਜਿਆ
ਚਹੁੰ ਚਕਾਂ ਦੇ ਵਿਚ ਚਮਰੇਟਾ।।
ਚਹੁੰ ਵਰਨਾ ਉਪਦੇਸ਼ ਦਾ
ਗਿਆਨ ਧਿਆਨ ਕਰ ਭਗਤ ਸਹੇਟਾ।।
ਗਿਆਨ ਧਿਆਨ ਕਰ ਭਗਤ ਸਹੇਟਾ।।

ਸਿਆਸੀ ਆਗੂਆਂ ਨੇ ਦਿੱਤੀ ਵਧਾਈ

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਿੱਖ ਸਮਾਜ ਨੂੰ ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।

ABOUT THE AUTHOR

...view details