ਪੰਜਾਬ

punjab

ਬਿਜਲੀ ਮੰਤਰੀ ਈਟੀਓ ਵੱਲੋਂ PSPCL ਨੂੰ ਗਰਮੀਆਂ ਦੀਆਂ ਚੁਣੌਤੀਆਂ ਲਈ ਅਗਾਊਂ ਪ੍ਰਬੰਧ ਕਰਨ ਦੇ ਨਿਰਦੇਸ਼

By ETV Bharat Punjabi Team

Published : Jan 9, 2024, 5:20 PM IST

Arrangements for Summer Challenges: ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵਲੋਂ ਪੀ.ਐਸ.ਪੀ.ਸੀ.ਐਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਗਰਮੀਆਂ ਦੀਆਂ ਚੁਣੌਤੀਆਂ ਲਈ ਅਗਾਊਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ।

Harbhajan ETO
Harbhajan ETO

ਚੰਡੀਗੜ੍ਹ:ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪੀ.ਐਸ.ਪੀ.ਸੀ.ਐਲ) ਨੂੰ ਆਦੇਸ਼ ਦਿੱਤੇ ਕਿ ਗਰਮੀਆਂ ਦੇ ਸੀਜਨ ਦੌਰਾਨ ਪੈਦਾ ਹੋਣ ਵਾਲੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਪਹਿਲਾਂ ਤੋਂ ਹੀ ਪ੍ਰਬੰਧ ਕਰ ਲਈ ਜਾਣ ਤਾਂ ਜੋ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਸਬੰਧੀ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਗਰਮੀਆਂ ਦੀਆਂ ਚੁਣੌਤੀਆਂ ਲਈ ਅਗਾਊਂ ਪ੍ਰਬੰਧ:ਇਥੇ ਪੀ.ਐਸ.ਪੀ.ਸੀ.ਐਲ ਅਧਿਕਾਰੀਆਂ ਨਾਲ ਲੱਗਭਗ ਤਿੰਨ ਘੰਟੇ ਚੱਲੀ ਮੀਟਿੰਗ ਦੌਰਾਨ ਬਿਜਲੀ ਮੰਤਰੀ ਨੇ ਮੈਨੇਜਮੈਂਟ ਨੂੰ ਗਰਮੀਆਂ ਦੇ ਵਿੱਚ ਬਿਜਲੀ ਦੀ ਸੰਭਾਵਤ ਮੰਗ ਵਧਣ ਦੇ ਮੱਦੇਨਜ਼ਰ ਲੋੜੀਂਦੇ ਸਾਜੋ-ਸਮਾਨ ਅਤੇ ਮੁਢਲੇ ਢਾਂਚੇ ਦੀ ਖਰੀਦ ਲਈ ਟੈਂਡਰ ਪ੍ਰਕ੍ਰਿਆ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੀਆਂ ਰਸਮੀ ਕਾਰਵਾਈਆਂ ਸਮੇਂ-ਸਿਰ ਮੁਕੰਮਲ ਕਰ ਲਈਆਂ ਜਾਣ ਤਾਂ ਜੋ ਗਰਮੀਆਂ ਦੌਰਾਨ ਬਿਜਲੀ ਦੀ ਵਧੀ ਮੰਗ ਨੂੰ ਪੂਰਾ ਕਰਨ ਵਿੱਚ ਪੀ.ਐਸ.ਪੀ.ਸੀ.ਐਲ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੂਰ ਕਰਨ: ਇਸੇ ਦੌਰਾਨ ਪੀ.ਐਸ.ਪੀ.ਸੀ.ਐਲ ਦੀ ਕਾਰਗੁਜਾਰੀ ਨਾਲ ਸਬੰਧਤ ਵੱਖ-ਵੱਖ ਮਾਪਦੰਡਾਂ ਦੀ ਸਮੀਖਿਆ ਕਰਦਿਆਂ, ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਸਬੰਧਤ ਅਧਿਕਾਰੀਆਂ ਨੂੰ ਲੋਕਾਂ ਨੂੰ ਸੇਵਾਵਾਂ ਪਹੁੰਚਾਉਣ ਦੀ ਗਤੀ ਨੂੰ ਤੇਜ ਕਰਨ ਅਤੇ ਜਿੰਨ੍ਹਾਂ ਖੇਤਰਾਂ ਵਿੱਚ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਨੁਕਸਾਨ ਘਟਾਉਣ ਲਈ ਵਿਸ਼ੇਸ਼ ਯਤਨ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਪਹਿਲ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਖਰਾਬ ਮੀਟਰਾਂ ਨਾਲ ਸਬੰਧਤ ਔਸਤਨ ਬਿੱਲਾਂ ਦੇ ਕੇਸਾਂ ਦੇ ਨਿਪਟਾਰੇ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਯਕੀਨੀ ਬਣਾਇਆ ਜਾਵੇ।

ਵਿਭਾਗ ਦੀ ਕਾਰਗੁਜਾਰੀ ਵਿੱਚ ਹੋਰ ਸੁਧਾਰ :ਬਿਜਲੀ ਮੰਤਰੀ ਨੇ ਵਿਭਾਗ ਦੇ ਮੁੱਖ ਇੰਜੀਨੀਅਰਾਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਸਬੰਧਤ ਡਿਵੀਜਨ ਅਧਿਕਾਰੀਆਂ ਨਾਲ ਮਹੀਨਾਵਾਰ ਪੜਚੋਲ ਮੀਟਿੰਗਾਂ ਕਰਨ ਤਾਂ ਜੋ ਵਿਭਾਗ ਦੀ ਕਾਰਗੁਜਾਰੀ ਵਿੱਚ ਹੋਰ ਸੁਧਾਰ ਲਿਆਂਦਾ ਜਾ ਸਕੇ। ਉਨ੍ਹਾਂ ਨਾਲ ਹੀ ਕਿਹਾ ਕਿ ਮੁੱਖ ਇੰਜੀਨੀਅਰਾਂ ਵੱਲੋਂ ਭਵਿੱਖ ਵਿੱਚ ਇਕ-ਦੂਸਰੇ ਨਾਲ ਸਬੰਧਤ ਦਫਤਰਾਂ ਦੇ ਕੰਮਕਾਰ ਦਾ ਵੀ ਨਿਰੀਖਣ ਕੀਤਾ ਜਾਇਆ ਕਰੇਗਾ।

ਸੂਬੇ ਦੀ ਤਰੱਕੀ ਦੀਆਂ ਰਾਹਾਂ ਰੁਸ਼ਨਾਉਣ ਵਿੱਚ ਅਹਿਮ ਰੋਲ:ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਯਕੀਨ ਪ੍ਰਗਟ ਕੀਤਾ ਕਿ ਜਿਸ ਤਰ੍ਹਾਂ ਵਿਭਾਗ ਵੱਲੋਂ ਸਾਲ 2023 ਦੌਰਾਨ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਨਵੇਂ ਰਿਕਾਰਡ ਕਾਇਮ ਕੀਤੇ ਗਏ ਉਸੇ ਤਰ੍ਹਾਂ ਸਾਲ 2024 ਦੌਰਾਨ ਵੀ ਬਿਜਲੀ ਵਿਭਾਗ ਸੂਬੇ ਦੀ ਤਰੱਕੀ ਦੀਆਂ ਰਾਹਾਂ ਰੁਸ਼ਨਾਉਣ ਵਿੱਚ ਅਹਿਮ ਰੋਲ ਨਿਭਾਵੇਗਾ। ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ (ਬਿਜਲੀ) ਤੇਜਵੀਰ ਸਿੰਘ, ਸੀ.ਐਮ.ਡੀ ਪੀ.ਐਸ.ਪੀ.ਸੀ.ਐਲ ਬਲਦੇਵ ਸਿੰਘ ਸਰਾਂ, ਡਾਇਰੈਕਟਰ ਡਿਸਟ੍ਰੀਬਿਊਸ਼ਨ ਡੀ.ਪੀ.ਐਸ ਗਰੇਵਾਲ, ਡਾਇਰੈਕਟਰ ਜਨਰੇਸ਼ਨ ਪਰਮਜੀਤ ਸਿੰਘ ਅਤੇ ਚੀਫ ਇੰਜਨੀਅਰ ਹਾਜ਼ਰ ਸਨ।

ABOUT THE AUTHOR

...view details