ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਡਰ ਵਿੱਚੋਂ ਗੁਜ਼ਰ ਰਹੇ ਪੰਜਾਬ ਵਿੱਚ ਹੋਏ ਬੀਜ ਘੋਟਾਲੇ ਨੇ ਹੁਣ ਗੰਧਲੀ ਸਿਆਸਤ ਦਾ ਰੁਪ ਲੈ ਲਿਆ ਹੈ। ਬੀਜ ਘੋਟਾਲੇ ਵਿੱਚ ਮੁੱਖ ਦੋਸ਼ੀ ਦੱਸੇ ਜਾਣ ਵਾਲੇ ਕਰਨਾਲ ਐਗਰੀ ਸੀਡਸ਼ ਦੇ ਮਾਲਕ ਤੇ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਕਰੀਬੀ ਕਹੇ ਜਾਣ ਵਾਲੇ ਲਖਵਿੰਦਰ ਸਿੰਘ ਢਿਲੋਂ ਉਰਫ਼ ਲੱਕੀ 'ਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਈ ਗੰਭੀਰ ਇਲਜ਼ਾਮ ਮੜ੍ਹੇ ਹਨ। ਬਿਕਰਮ ਵੱਲੋਂ ਲੱਕੀ 'ਤੇ ਸੁਖਜਿੰਦਰ ਰੰਧਾਵਾ ਦੀ ਸ਼ਹਿ ਵਿੱਚ PR-128 ਤੇ PR-129 ਝੋਨੇ ਦੀਆਂ 2 ਕਿਸਮਾਂ ਨੂੰ ਗ਼ੈਰ-ਅਧਿਕਾਰਿਤ ਤਰੀਕੇ ਨਾਲ ਵੇਚਣ ਤੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕਰਨ ਦਾ ਇਲਜ਼ਾਮ ਲਗਾਇਆ ਹੈ।
ਇਲਜ਼ਾਮਾਂ ਦੀ ਲੜੀ ਤੋਂ ਬਾਅਦ ਕਈ ਦਿਨ ਚੁੱਪੀ ਧਾਰੀ ਬੈਠੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਵੀ ਹੁਣ ਬਚਾਅ ਵਿੱਚ ਨਿੱਤਰੇ ਹਨ। ਸੁੱਖਜਿੰਦਰ ਰੰਧਾਵਾ ਤੋਂ ਜਦੋਂ ਮੀਡੀਆ ਨੇ ਇਸ ਘੁਟਾਲੇ ਬਾਰੇ ਸਵਾਲ ਕੀਤੇ ਤਾਂ ਉਹ ਆਪਣੇ ਘੁਟਾਲੇ ਬਾਰੇ ਘੱਟ ਪਰ ਅਕਾਲੀ ਦਲ ਦੇ ਪੁਰਾਣੇ ਮੰਤਰੀਆਂ ਦੇ ਘੋਟਾਲਿਆਂ 'ਤੇ ਵੱਧ ਬੋਲਦੇ ਨਜ਼ਰ ਆਏ।