ਚੰਡੀਗੜ੍ਹ: ਲੰਬੇ ਸਮੇਂ ਤੋਂ ਸ਼ਾਂਤ ਬੈਠੇ ਨਵਜੋਤ ਸਿੰਘ ਸਿੱਧੂ ਨੇ ਆਖਿਰ ਹਾਈ ਕਮਾਨ ਨੂੰ ਮਿਲ ਕੇ ਆਪਣੀ ਚੁੱਪੀ ਤੋੜ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੀ ਹਾਈ ਕਮਾਨ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਮਿਲਣ ਤੋਂ ਬਾਅਦ ਇਕ ਪ੍ਰੈੱਸ ਨੋਟ ਜਾਰੀ ਕੀਤਾ ਜਿਸ ਨੂੰ ਲੈ ਕੇ ਕਾਂਗਰਸ ਦੇ ਵਿਧਾਇਕਾਂ ਵਿੱਚ ਹਲਚਲ ਤੇਜ਼ ਹੋ ਚੁੱਕੀ ਹੈ। ਉੱਥੇ ਹੀ ਵਿਰੋਧੀਆਂ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਨਵਜੋਤ ਸਿੰਘ ਵੱਲੋਂ ਪੰਜਾਬ ਦੀ ਗੁਆਚੀ ਖੁਸ਼ਹਾਲੀ ਤੇ ਪੰਜਾਬ ਨੂੰ ਉਸ ਦੇ ਪੈਰਾਂ ਤੇ ਖੜ੍ਹੇ ਕਰਨ ਲਈ ਪੰਜਾਬ ਦਾ ਇੱਕ ਰੋਡ ਮੈਪ ਸੋਨੀਆ ਗਾਂਧੀ ਨੂੰ ਸੌਂਪਿਆ ਹੈ।
ਸਿੱਧੂ ਮੁੱਖ ਮੰਤਰੀ ਦੇ ਮੋਢੇ ਨਾਲ ਮੋਢਾ ਜੋੜ ਕੇ ਕਰਨ ਕੰਮ: ਰਵਨੀਤ ਸਿੰਘ ਬਿੱਟੂ
ਸਿੱਧੂ ਦੇ ਕਾਰਨਾਮੇ 'ਤੇ ਕਿਸੇ ਹੋਰ ਨੇ ਨਹੀਂ ਸਗੋਂ ਸਭ ਤੋਂ ਪਹਿਲਾਂ ਲੁਧਿਆਣਾ ਤੋਂ ਕਾਂਗਰਸ ਸਾਂਸਦ ਰਵਨੀਤ ਬਿੱਟੂ ਨੇ ਸਵਾਲ ਖੜ੍ਹੇ ਕਰ ਦਿੱਤੇ। ਬਿੱਟੂ ਨੇ ਨਵਜੋਤ ਸਿੰਘ ਸਿੱਧੂ ਨੂੰ ਸਲਾਹ ਦਿੰਦਿਆਂ ਕਿਹਾ ਕਿ ਹੁਣ ਤਾਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ 2 ਸਾਲ ਰਹਿ ਗਏ ਹਨ। ਉਨ੍ਹਾਂ ਸਿੱਧੂ ਨੂੰ ਸਲਾਹ ਦਿੰਦੀਆਂ ਕਿਹਾ ਕਿ ਆਪਣਾ ਰੋਡ ਮਾਪ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਸਾਂਝੀ ਕਰੋ 'ਤੇ ਮੁੱਖ ਮੰਤਰੀ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੋ।
ਚੰਗਾ ਹੁੰਦਾ ਜੇ ਸਿੱਧੂ ਵਿਧਾਨ ਸਭਾ 'ਚ ਆ ਕੇ ਆਪਣਾ ਰੋਡ ਮੈਪ ਸਾਂਝਾ ਕਰਦੇ: ਹਰਪਾਲ ਚੀਮਾ
ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਮੁੜ ਤੋਂ ਸਰਕਾਰ ਆਉਣ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਸਕਦੇ ਹਨ। ਪਰ ਹੁਣ ਉਹ ਅਟਕਲਾਂ ਵੀ ਦੂਰ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਇਸ 'ਤੇ ਟਿੱਪਣੀ ਕਰਦਿਆਂ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਚੰਗਾ ਹੁੰਦਾ ਜੇਕਰ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਵਿੱਚ ਆ ਕੇ ਆਪਣਾ ਰੋਡ ਮੈਪ ਪੰਜਾਬ ਦੇ ਲੋਕਾਂ ਨੂੰ ਦੱਸਦੇ ਤਾਂ ਜੋ ਪੰਜਾਬ ਦੇ ਵਿੱਚੋਂ ਨਸ਼ਾ ਖ਼ਤਮ ਹੋ ਸਕਦਾ, ਕਿਸਾਨ ਖੁਦਕੁਸ਼ੀਆਂ ਬੰਦ ਹੋ ਸਕਦੀਆਂ ਤੇ ਦਲਿਤਾਂ ਦੇ ਉੱਤੇ ਜੋ ਅੱਤਿਆਚਾਰ ਹੋ ਰਿਹਾ ਉਹ ਖ਼ਤਮ ਹੋ ਸਕਦਾ।
ਸਿੱਧੂ ਬਣਨਾ ਚਾਹੁੰਦੇ ਨੇ ਮੁੱਖ ਮੰਤਰੀ: ਐਨ ਕੇ ਸ਼ਰਮਾ
ਉਥੇ ਹੀ ਅਕਾਲੀ ਦਲ ਨੂੰ ਹੁਣ ਕਾਂਗਰਸ ਸਰਕਾਰ ਨੂੰ ਘੇਰਨ ਦਾ ਇਕ ਹੋਰ ਮੌਕਾ ਮਿਲ ਗਿਆ ਅਕਾਲੀ ਦਲ ਦੇ ਵਿਧਾਇਕ ਐਨ ਕੇ ਸ਼ਰਮਾ ਨੇ ਸਰਕਾਰ ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਇਸ ਨਵੇਂ ਰੋਡ ਮੈਪ ਤੋਂ ਇੱਕ ਚੀਜ਼ ਤਾਂ ਸਾਫ ਹੈ ਕਿ ਤਿੰਨ ਸਾਲਾਂ ਦੇ ਵਿੱਚ ਕਾਂਗਰਸ ਸਰਕਾਰ ਨੇ ਸੂਬੇ ਦੇ ਵਿੱਚ ਕੁੱਝ ਨਹੀਂ ਕੀਤਾ ਐਨ ਕੇ ਸ਼ਰਮਾ ਨੇ ਕਿਹਾ ਕਿ ਸਿੱਧੂ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਤਾਂ ਹੀ ਉਹ ਆਪਣਾ ਨਵਾਂ ਰੋਡ ਮੈਪ ਤਿਆਰ ਕਰਕੇ ਹਾਈਕਮਾਨ ਨੂੰ ਦੇ ਕੇ ਆਏ ਹਨ।