ਚੰਡੀਗੜ੍ਹ: ਪੰਜਾਬ ਵਿੱਚ ਚੱਲ ਰਹੇ ਸੰਵੇਦਨਸ਼ੀਲ ਹਾਲਾਤਾਂ ਦਰਮਿਆਨ ਜਲੰਧਰ ਦੀਆਂ ਜ਼ਿਮਨੀ ਚੋਣਾਂ ਦਾ ਐਲਾਨ ਹੋਇਆ। 10 ਮਈ ਨੂੰ ਜਲੰਧਰ ਵਿਚ ਜ਼ਿਮਨੀ ਚੋਣਾਂ ਹੋਣਗੀਆਂ। ਇੱਕ ਪਾਸੇ ਅੰਮ੍ਰਿਤਪਾਲ ਖ਼ਿਲਾਫ਼ ਐਕਸ਼ਨ ਜਾਰੀ ਹੈ ਅਤੇ ਪੰਜਾਬ ਵਿੱਚ ਪੈਦਾ ਹੋਏ ਐਮਰਜੈਂਸੀ ਵਰਗੇ ਹਾਲਾਤਾਂ ਕਾਰਨ ਲੋਕਾਂ ਦੁਵਿੱਧਾ ਵਾਲੀ ਸਥਿਤੀ ਵਿੱਚ ਹਨ । ਦੂਜੇ ਪਾਸੇ ਸੱਤਾ ਧਿਰ ਆਮ ਆਦਮੀ ਪਾਰਟੀ ਸਣੇ ਵਿਰੋਧੀ ਧਿਰਾਂ ਭਾਜਪਾ, ਅਕਾਲੀ ਦਲ ਅਤੇ ਕਾਂਗਰਸ ਨੇ ਅਖਾੜਾ ਪੂਰੀ ਤਰ੍ਹਾਂ ਭਖਾਇਆ ਹੋਇਆ ਹੈ।
ਪੰਜਾਬ ਦੇ ਤੱਤੇ ਮਾਹੌਲ ਵਿੱਚ ਜਲੰਧਰ ਦੀ ਜ਼ਿਮਨੀ ਚੋਣ:ਪੰਜਾਬ ਦੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਬਿਲਕੁਲ ਤੈਅ ਹੈ ਕਿ ਅੰਮ੍ਰਿਤਪਾਲ ਦਾ ਮਸਲਾ ਜਲੰਧਰ ਦੀਆਂ ਜ਼ਿਮਨੀ ਚੋਣਾਂ ਨੂੰ ਪ੍ਰਭਾਵਿਤ ਕਰੇਗਾ। ਜ਼ਿਮਨੀ ਚੋਣਾਂ ਦਾ ਨਤੀਜਾ ਉਮੀਦ ਤੋਂ ਹੱਟਕੇ ਵੀ ਆ ਸਕਦਾ ਹੈ। ਸੀਨੀਅਰ ਪੱਤਰਕਾਰ ਅਤੇ ਪੰਜਾਬ ਦੀ ਸਿਆਸੀ ਨਬਜ਼ ਪਛਾਨਣ ਵਾਲੇ ਪਰਮਿੰਦਰ ਸਿੰਘ ਬਰਿਆਣਾ ਨੇ ਜਲੰਧਰ ਵਿੱਚ ਬਣ ਰਹੇ ਸਿਆਸੀ ਸਮੀਕਰਣਾਂ ਦਾ ਵਰਤਾਰਾ ਸਾਂਝਾ ਕੀਤਾ। ਸਿਆਸੀ ਨਜ਼ਰੀਏ ਤੋਂ ਵੇਖੀਏ ਤਾਂ ਆਮ ਆਦਮੀ ਪਾਰਟੀ ਪੂਰਾ ਜ਼ੋਰ ਵਿਖਾ ਰਹੀ ਹੈ। ਉੱਥੇ ਹੀ ਅਕਾਲੀ- ਬਸਪਾ ਗਠਜੋੜ ਜਲੰਧਰ ਜ਼ਿਮਨੀ ਚੋਣ ਅਖਾੜੇ ਵਿੱਚ ਆਵੇਗਾ। ਇਸ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਵਿਰੋਧੀ ਧਿਰ ਕਾਂਗਰਸ ਦਾ ਬੋਲਬਾਲਾ ਜ਼ਿਆਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਭਾਜਪਾ ਇਕੱਲਿਆਂ ਇਹ ਮੈਦਾਨ ਫਤਹਿ ਕਰਨਾ ਚਾਹੁੰਦੀ ਹੈ। ਬੇਸ਼ੱਕ ਇਹ 4 ਪ੍ਰਮੁੱਖ ਪਾਰਟੀਆਂ ਚੋਣ ਮੈਦਾਨ ਵਿਚ ਆ ਰਹੀਆਂ ਹਨ, ਪਰ ਅੰਮ੍ਰਿਤਪਾਲ ਦਾ ਮੁੱਦਾ ਜ਼ਿਮਨੀ ਚੋਣਾਂ ਦੇ ਨਤੀਜਿਆਂ ਵਿੱਚ ਕੁੱਝ ਨਵੇਂ ਸਮੀਕਰਣ ਬਣਾ ਸਕਦਾ ਹੈ। ਸੱਤਾ ਧਿਰ ਆਮ ਆਦਮੀ ਪਾਰਟੀ ਨੂੰ ਆਪ੍ਰੇਸ਼ਨ ਅੰਮ੍ਰਿਤਪਾਲ ਕਰਕੇ ਸਿੱਖ ਭਾਈਚਾਰੇ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੋਟਾਂ ਤੋਂ 10- 15 ਦਿਨ ਪਹਿਲਾਂ ਇਸਦਾ ਅਸਰ ਸਾਫ਼ ਵਿਖਾਈ ਦੇ ਸਕਦਾ ਹੈ। ਜਲੰਧਰ ਦੇ ਵੋਟਰਾਂ ਦੇ ਮੂਡ ਅਤੇ ਹਾਲਾਤਾਂ ਦਾ ਫ਼ਰਕ ਹੈ। ਜਲੰਧਰ ਵਿੱਚ ਜ਼ਿਆਦਾਤਰ ਹਿੰਦੂ ਅਤੇ ਦਲਿਤ ਕਮਿਊਨਿਟੀ ਹੈ ਉਹਨਾਂ ਵੱਲੋਂ ਵੋਟਰਾਂ ਦੀ ਨਬਜ਼ ਪਛਾਨਣ ਦਾ ਕੰਮ ਭਾਜਪਾ ਵੀ ਕਰ ਸਕਦੀ ਹੈ ਕਿਉਂਕਿ ਭਾਜਪਾ ਅਜਿਹਾ ਮਾਹੌਲ ਪੈਦਾ ਕਰ ਸਕਦੀ ਹੈ ਕਿ ਭਾਜਪਾ ਦੇ ਹੱਕ ਵਿਚ ਵੋਟਰ ਭੁਗਤ ਜਾਣ।
ਭਾਜਪਾ ਚੁੱਕ ਸਕਦੀ ਹੈ ਮੌਜੂਦਾ ਮਾਹੌਲ ਦਾ ਫਾਇਦਾ: ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਪੈਦਾ ਹੋਏ ਮਾਹੌਲ ਦਾ ਫਾਇਦਾ ਭਾਜਪਾ ਲੈ ਸਕਦੀ ਹੈ। ਇਸ ਦੇ ਵਿੱਚ ਤਾਂ ਕੋਈ ਦੋ ਰਾਇ ਨਹੀਂ ਕਿ ਪੰਜਾਬ ਦਾ ਮਾਹੌਲ ਜਲੰਧਰ ਜ਼ਿਮਨੀ ਚੋਣਾਂ ਨੂੰ ਪ੍ਰਭਾਵਿਤ ਤਾਂ ਕਰ ਸਕਦਾ ਹੈ ਹਾਲਾਂਕਿ ਜਲੰਧਰ ਦੇ ਲੋਕਾਂ ਦੀ ਤਾਸੀਰ ਵਿੱਚ ਫ਼ਰਕ ਹੈ। ਨਤੀਜਾ ਆਮ ਆਦਮੀ ਪਾਰਟੀ ਲਈ ਚੁਣੌਤੀ ਭਰਪੂਰ ਹੋ ਸਕਦਾ ਹੈ ਅਤੇ ਆਮ ਆਦਮੀ ਪਾਰਟੀ ਦੀ ਹਾਰ ਵੀ ਹੋ ਸਕਦੀ ਹੈ। ਹਾਲਾਤਾਂ ਤੋਂ ਲੱਗਦਾ ਹੈ ਕਿ ਭਾਜਪਾ ਲਾਹਾ ਖੱਟ ਸਕਦੀ ਹੈ, ਭਾਜਪਾ ਮੌਜੂਦਾ ਸਰਕਾਰ ਨੂੰ ਭੰਡ ਕੇ ਅਤੇ ਦੂਜੀਆਂ ਪਾਰਟੀਆਂ ਦਾ ਖ਼ਤਮ ਹੋਇਆ ਆਧਾਰ ਦੱਸ ਕੇ ਜਲੰਧਰ ਦੀਆਂ ਜ਼ਿਮਨੀ ਚੋਣ ਵਿੱਚ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਸਕਦੀ ਹੈ। ਨਾਲ ਹੀ ਇਕ ਚੀਜ਼ ਹੋਰ ਵੇਖਣ ਵਾਲੀ ਚੀਜ਼ ਹੈ ਕਿ ਚੌਧਰੀ ਸੰਤੋਖ ਸਿੰਘ ਦੀ ਪਤਨੀ ਨੂੰ ਹਮਦਰਦੀ ਦੇ ਆਧਾਰ 'ਤੇ ਵੋਟ ਮਿਲ ਸਕਦੀ ਹੈ। ਜਲੰਧਰ ਰਿਜ਼ਰਵ ਸੀਟ ਹੈ ਜਿਥੇ ਐੱਸਸੀ-ਬੀਸੀ ਵੋਟਰਾਂ ਦਾ ਜ਼ਿਆਦਾ ਪ੍ਰਭਾਵ ਹੈ ਅਤੇ ਉਹਨਾਂ ਵੋਟਰਾਂ ਨੂੰ ਭਰਮਾਉਣ ਲਈ ਪਾਰਟੀਆਂ ਕੀ ਕਰਦੀਆਂ ਹਨ, ਉਹ ਵੀ ਚੋਣਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇੱਕ ਤੱਥ ਇਹ ਵੀ ਹੈ ਕਿ ਕਾਂਗਰਸ ਤੋਂ ਬਿਨਾਂ ਹੋਰ ਕਿਸੇ ਵੀ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ। ਉਮੀਦਵਾਰਾਂ ਦੇ ਚਿਹਰਿਆਂ ਨਾਲ ਵੀ ਸਮੀਕਰਣ ਬਦਲ ਸਕਦੇ ਹਨ। ਇਹਨਾਂ ਚੋਣਾਂ ਵਿੱਚ ਸਭ ਤੋਂ ਵੱਡੀ ਚੁਣੌਤੀ ਆਮ ਆਦਮੀ ਪਾਰਟੀ ਲਈ ਹੈ ਜਿਹਨਾਂ ਨੂੰ ਉਮੀਦਵਾਰ ਲੱਭਣ ਲਈ ਵੀ ਘਾਲਣਾ ਘਾਲਣੀ ਪੈ ਰਹੀ ਹੈ। ਭਾਜਪਾ ਲਈ ਮੈਦਾਨ ਖੁੱਲ੍ਹਾ ਹੈ ਕਿਉਂਕਿ ਉਹਨਾਂ ਕੋਲ ਗਵਾਉਣ ਲਈ ਕੁੱਝ ਨਹੀਂ ਭਰਮਾਉਣ ਲਈ ਬਹੁਤ ਕੁੱਝ ਹੈ। ਹਾਲਾਂਕਿ ਇਹ ਕਾਂਗਰਸ ਦੀ ਸੀਟ ਹੈ ਪਰ ਕਾਂਗਰਸ ਦੀ ਸਾਖ ਦਾਅ 'ਤੇ ਲੱਗੀ ਹੈ।
ਜਲੰਧਰ ਲੋਕ ਸਭਾ ਸੀਟ ਦਾ ਲੇਖਾ-ਜੋਖਾ:ਜੇਕਰ ਜਲੰਧਰ ਲੋਕ ਸਭਾ ਸੀਟ 'ਤੇ ਝਾਤ ਮਾਰੀਏ ਤਾਂ ਹੁਣ ਤੱਕ ਜਲੰਧਰ ਤੋਂ ਜ਼ਿਆਦਾਤਰ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਹੀ ਚੁਣਿਆ ਗਿਆ। 1952 'ਚ ਇਹ ਲੋਕ ਸਭਾ ਹਲਕਾ ਹੋਂਦ ਵਿੱਚ ਆਇਆ ਸੀ ਜਿਥੋਂ ਜ਼ਿਆਦਾ ਕਾਂਗਰਸ ਨੇ ਹੀ ਬਾਜ਼ੀ ਮਾਰੀ। ਹਾਲਾਂਕਿ ਦੋ ਵਾਰ ਅਕਾਲੀ ਦਲ ਅਤੇ ਦੋ ਵਾਰ ਜਨਤਾ ਦਲ ਨੇ ਵੀ ਇੱਥੇ ਆਪਣਾ ਆਧਾਰ ਕਾਇਮ ਕੀਤਾ ਸੀ। ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਵੀ ਦੋ ਵਾਰ ਇਸ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣੇ। 2008 ਵਿਚ ਇਸ ਸੀਟ ਨੂੰ ਰਿਜ਼ਰਵ ਐਲਾਨ ਦਿੱਤਾ ਗਿਆ ਸੀ ਅਤੇ 2009 ਵਿੱਚ ਕਾਂਗਰਸੀ ਆਗੂ ਮਹਿੰਦਰ ਸਿੰਘ ਕੇਪੀ ਇੱਥੋਂ ਜਿੱਤੇ। 2014 ਅਤੇ 2019 ਲਗਾਤਾਰ ਦੋ ਵਾਰ ਸੰਤੋਖ ਸਿੰਘ ਚੌਧਰੀ ਜਲੰਧਰ ਤੋਂ ਐਮਪੀ ਬਣੇ।