ਚੰਡੀਗੜ੍ਹ:ਪੰਜਾਬ ਨੇ ਦੇਸ਼ ਦੀ ਆਜ਼ਾਦੀ ਲਈ ਵੱਡਾ ਯੋਗਦਾਨ ਪਾਇਆ ਅਤੇ ਕੇਂਦਰ ਸਰਕਾਰ ਨੇ ਪੰਜਾਬ ਵੱਲੋਂ ਭੇਜੀ ਝਾਕੀ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਨੇ ਆਜ਼ਾਦੀ ਲਈ ਜੋ ਘਾਲਣਾ ਘਾਲੀ ਉਸਨੂੰ ਅੱਖੋਂ ਪਰੋਖੇ ਕਰਕੇ ਪੰਜਾਬ ਨੂੰ ਗਣਤੰਤਰ ਦਿਹਾੜੇ ਤੋਂ ਲਾਂਭੇ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ 3 ਝਾਕੀਆਂ ਦਾ ਵਿਚਾਰ ਦਿੱਤਾ ਗਿਆ ਸੀ ਜੋ ਕਿ ਕੇਂਦਰ ਵੱਲੋਂ ਖਾਰਿਜ ਕਰ ਦਿੱਤਾ ਗਿਆ। ਪੰਜਾਬ ਨੂੰ ਇਸ ਤਰ੍ਹਾਂ ਗਣਤੰਤਰ ਦਿਹਾੜੇ ਦੀ ਪਰੇਡ ਵਿਚੋਂ ਬਾਹਰ ਕਰਨਾ ਪੰਜਾਬ ਦੇ ਵਿੱਚ ਵੱਡਾ ਮੁੱਦਾ ਬਣ ਗਿਆ ਹੈ ਅਤੇ ਸਿਆਸਤ ਭਖ ਗਈ ਹੈ।
ਪੰਜਾਬ ਵਿੱਚ ਸਿਆਸਤ ਗਰਮਾਈ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਦੇ ਪੰਜਾਬ ਲਈ ਇਸ ਰਵੱਈਏ ਦੀ ਨਿੰਦਾ ਕੀਤੀ ਹੈ। ਉਨ੍ਹਾਂ ਆਖਿਆ ਕਿ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਇਸ ਸਾਲ 26 ਜਨਵਰੀ ਨੂੰ ਪੰਜਾਬ ਦੀ ਝਾਕੀ ਨਹੀਂ ਵਿਖਾਈ ਜਾਵੇਗੀ। ਇਸ ਨਾਲ ਪੰਜਾਬੀਆਂ ਦੇ ਦਿਲਾਂ ਨੂੰ ਡੂੰਗੀ ਸੱਟ ਵੱਜਣ ਵਾਲੀ ਹੈ ਕਿਉਂਕਿ ਜਦੋਂ ਦੇਸ਼ ਗਣਤੰਤਰ ਦਿਹਾੜਾ ਮਨਾ ਰਿਹਾ ਹੋਵੇਗਾ ਉਸ ਵੇਲੇ ਉਹ ਸੂਬਾ ਝਾਕੀ ਤੋਂ ਬਾਹਰ ਹੋਵੇਗਾ ਜਿਸ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਖੂਨ ਡੋਲਿਆ,ਸਭ ਤੋਂ ਵੱਧ ਫਾਂਸੀ ਦੇ ਰੱਸੇ ਚੁੰਮੇ ਹੋਣ ਅਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹੋਣ। ਇਹ ਪੰਜਾਬ ਨਾਲ ਬਹੁਤ ਵੱਡਾ ਧੋਖਾ ਹੈ ਅਤੇ ਪੰਜਾਬ ਸਰਕਾਰ ਨੂੰ ਇਸ ਉੱਤੇ ਗੰਭੀਰਤਾ ਵਿਖਾਉਂਦਿਆਂ ਸਫ਼ਤ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਇਸ ਸਮੇਂ ਲਾਵਾਰਿਸ ਦਿਖਾਈ ਦੇ ਰਿਹਾ ਹੈ।
ਸੁਖਬੀਰ ਬਾਦਲ ਦਾ ਟਵੀਟ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਟਵੀਟ ਕਰਕੇ ਗਣਤੰਤਰ ਦਿਹਾੜੇ ਦੀ ਪਰੇਡ ਵਿਚੋਂ ਪੰਜਾਬ ਨੂੰ ਬਾਹਰ ਕਰਨ ਦੀ ਨਿਖੇਧੀ ਕੀਤੀ ਹੈ। ਨਾਲ ਹੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਨਿਸ਼ਾਨੇ 'ਤੇ ਲਿਆ ਕਿ "ਮੁੱਖ ਮੰਤਰੀ ਨੀਂਦ ਵਿਚੋਂ ਜਾਗੇ ਅਤੇ ਕੇਂਦਰ ਦਾ ਸਖ਼ਤ ਵਿਰੋਧ ਕਰੇ।
ਉੱਧਰ ਭੁਲੱਥ ਤੋਂ ਵਿਧਾਇਕ ਅਤੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਵੀ ਇਸ ਮਸਲੇ 'ਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਆਖਿਆ ਕਿ ਇਹ ਮਾੜੀ ਗੱਲ ਹੈ ਪੰਜਾਬ ਦੇਸ਼ ਦਾ ਨੰਬਰ 1 ਸੂਬਾ ਸੀ। ਸੁਰੱਖਿਆ, ਖੇਡਾਂ, ਸਿੱਖਿਆ ਅਤੇ ਸਿਹਤ ਸਹੂਲਤਾਂ ਵਿਚ ਪੰਜਾਬ ਨੰਬਰ ਇਕ 'ਤੇ ਸੀ। ਉਨ੍ਹਾਂ ਕਿਹਾ ਕੇਂਦਰ ਦਾ ਇਹ ਰਵੱਈਆ ਬਿਲਕੁਲ ਗਲਤ ਹੈ ਅਤੇ ਪੰਜਾਬ ਦੀ ਝਾਕੀ ਹਰ ਹਾਲ ਵਿਚ ਪੇਸ਼ ਹੋਣੀ ਚਾਹੀਦੀ ਸੀ।