ਚੰਡੀਗੜ੍ਹ : ਇਕ ਪਾਸੇ ਪੰਜਾਬ ਵਿਚ ਹੜ੍ਹਾਂ ਨੇ ਹਾਹਾਕਾਰ ਮਚਾ ਰੱਖੀ ਹੈ ਅਤੇ ਦੂਜੇ ਪਾਸੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਬਿਆਨ ਨੇ ਸਿਆਸੀ ਰੌਲਾ-ਰੱਪਾ ਵਧਾ ਦਿੱਤਾ ਹੈ। ਖੁੱਡੀਆਂ ਨੇ ਕਿਹਾ ਕਿ ਸਰਕਾਰ ਹੜ੍ਹਾਂ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਭਰਪਾਈ ਕਰਨ ਵਿਚ ਅਸਮਰੱਥ ਹੈ। ਕੇਂਦਰ ਸਰਕਾਰ ਕਿਸਾਨਾਂ ਦੀ ਮਦਦ ਕਰੇ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਾਰ ਵਾਰ ਇਹ ਐਲਾਨ ਵੀ ਕੀਤਾ ਜਾਂਦਾ ਰਿਹਾ ਕਿ ਪੰਜਾਬ ਦਾ ਖ਼ਜ਼ਾਨਾ ਖਾਲੀ ਨਹੀਂ ਜਿਸਦੇ ਬਾਵਜੂਦ ਵੀ ਖੇਤੀਬਾੜੀ ਮੰਤਰੀ ਦੇ ਆਏ ਬਿਆਨ ਮਗਰੋਂ ਪੰਜਾਬ ਵਿਚ ਸਿਆਸਤ ਚਰਮ ਸੀਮਾ 'ਤੇ ਹੈ। ਪੰਜਾਬ ਦੀਆਂ ਸਿਆਸੀ ਪਾਰਟੀ ਪੰਜਾਬ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਰਹੀਆਂ ਹਨ।
ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਤੋਂ ਮੁੱਕਰੀ ਸਰਕਾਰ ! ਖੇਤੀਬਾੜੀ ਮੰਤਰੀ ਦੇ ਬਿਆਨ ਉਤੇ ਵਿਰੋਧੀਆਂ ਨੇ ਸਰਕਾਰ ਨੂੰ ਕੀਤੇ ਤਿੱਖੇ ਸਵਾਲ - ਭਾਜਪਾ ਆਗੂ ਹਰਜੀਤ ਗਰੇਵਾਲ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਬਿਆਨ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਵਿਰੋਧੀਆਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਦਰਅਸਲ ਖੁੱਡੀਆਂ ਨੇ ਕਿਹਾ ਸੀ ਕਿ "ਸਰਕਾਰ ਹੜ੍ਹਾਂ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਭਰਪਾਈ ਕਰਨ ਵਿਚ ਅਸਮਰੱਥ ਹੈ। ਕੇਂਦਰ ਸਰਕਾਰ ਕਿਸਾਨਾਂ ਦੀ ਮਦਦ ਕਰੇ"।
ਖਜ਼ਾਨੇ 'ਚ ਪੈਸਾ ਤਾਂ ਭਰਪਾਈ ਕਿਉਂ ਨਹੀਂ ? :ਭਾਜਪਾ ਆਗੂ ਹਰਜੀਤ ਗਰੇਵਾਲ ਨੇ ਇਸ ਮੁੱਦੇ 'ਤੇ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਘੇਰਾ ਪਾਇਆ। ਸਰਕਾਰ 'ਤੇ ਤੰਜ਼ ਕੱਸਦਿਆਂ ਹਰਜੀਤ ਗਰੇਵਾਲ ਨੇ ਕਿਹਾ ਮੁੱਖ ਮੰਤਰੀ ਤਾਂ ਵਾਰ ਵਾਰ ਇਹ ਕਹਿੰਦੇ ਹਨ ਕਿ ਸਾਡੇ ਖ਼ਜ਼ਾਨੇ 'ਚ ਬਹੁਤ ਪੈਸਾ ਹੈ, ਤਾਂ ਫਿਰ ਪੰਜਾਬ ਸਰਕਾਰ ਭਰਪਾਈ ਕਿਉਂ ਨਹੀਂ ਕਰ ਸਕਦੀ। ਦੂਜੇ ਪਾਸੇ ਖੇਤੀ ਨੂੰ ਸਟੇਟ ਸਬਜੈਕਟ ਕਿਹਾ ਜਾਂਦਾ ਹੈ। ਜੇਕਰ ਖੇਤੀ ਸਟੇਟ ਸਬਜੈਕਟ ਹੈ ਤਾਂ ਇਸਦੀ ਭਰਪਾਈ ਸੂਬਾ ਸਰਕਾਰ ਹੀ ਕਰੇਗੀ ਕੇਂਦਰ ਸਰਕਾਰ ਕਿਉਂ ਕਰੇ। 'ਆਪ' ਸਰਕਾਰ ਪਹਿਲਾਂ ਗਿਰਦਾਵਰੀ ਕਰਵਾਏ, ਫਿਰ ਮੁਲਾਂਕਣ ਕਰਵਾਏ ਮਦਦ ਦੀ ਗੱਲ ਫਿਰ ਕਰੇ। ਇਸ ਤਰ੍ਹਾਂ ਪੱਲਾ ਝਾੜ ਕੇ ਨਹੀਂ ਸਰਨਾ। ਹੜ੍ਹ ਅਤੇ ਭਾਰੀ ਬਰਸਾਤ ਕਾਰਨ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ। ਉਹਨਾਂ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਜਿਥੇ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ ਉਥੇ ਹੀ ਕਿਸਾਨਾਂ ਦੀ ਵੀ ਮਦਦ ਕੀਤੀ ਜਾਵੇ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਖੇਤੀ ਨੂੰ ਬਚਾਉਣਾ ਸੂਬਾ ਸਰਕਾਰ ਦਾ ਫ਼ਰਜ਼ ਹੈ।
- ਗੁਰਦਾਸਪੁਰ 'ਚ ਧੁੱਸੀ ਬੰਨ੍ਹ ਟੁੱਟਣ ਕਾਰਨ ਲਾਂਘੇ 'ਚ ਪਹੁੰਚਿਆ ਪਾਣੀ, ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ 'ਤੇ ਪਾਬੰਦੀ
- ਸਰਕਾਰ ਦੀ ਕਾਰਗੁਜ਼ਾਰੀ ਤੋਂ ਨਾਖੁਸ਼ ਜਥੇਬੰਦੀਆਂ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਕੀਤਾ ਉਪਰਾਲਾ
- ਅੰਮ੍ਰਿਤਸਰ 'ਚ ਹੜ੍ਹਾਂ ਦੀ ਮਾਰ ਤੋਂ ਦੁਖੀ ਲੋਕ, ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵੱਲੋਂ ਕੀਤੀ ਜਾ ਰਹੀ ਸੇਵਾ
'ਆਪ' ਦਾ ਦੋਗਲਾ ਚਿਹਰਾ ਸਾਹਮਣੇ ਆਇਆ : ਪੰਜਾਬ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦਾ ਦੋਗਲਾ ਕਿਰਦਾਰ ਸਾਹਮਣੇ ਆਇਆ ਹੈ। ਸਰਕਾਰ ਬਣਨ ਤੋਂ ਪਹਿਲਾਂ ਅਕਸਰ ਆਮ ਆਦਮੀ ਪਾਰਟੀ ਕਹਿੰਦੀ ਸੀ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ, ਹੁਣ ਜਦੋਂ ਮੁਆਵਜ਼ਾ ਦੇਣ ਦੀ ਵਾਰੀ ਆਈ ਤਾਂ ਸਰਕਾਰ ਹੱਥ ਪਿੱਛੇ ਖਿੱਚ ਰਹੀ ਹੈ। ਆਪ ਸਰਕਾਰ ਬਣਨ ਤੋਂ ਬਾਅਦ ਜਿਸ ਤਰ੍ਹਾਂ ਦੇ ਬਿਆਨ ਸਾਹਮਣੇ ਆਏ ਹਨ, ਉਨ੍ਹਾਂ ਵਿਚ ਪੰਜਾਬ ਕਾਂਗਰਸ ਸਮੇਂ ਖਾਲੀ ਖ਼ਜ਼ਾਨੇ ਨੂੰ ਦੋਸ਼ ਦਿੱਤਾ ਜਾਂਦਾ ਰਿਹਾ ਅਤੇ ਹੁਣ ਖ਼ਜ਼ਾਨਾ ਭਰਨ ਦੇ ਦਾਅਵੇ ਕੀਤੇ ਗਏ, ਪਰ ਕੀ ਸਰਕਾਰ ਨੇ ਇਹ ਖ਼ਜ਼ਾਨੇ ਕੇਜਰੀਵਾਲ ਨੂੰ ਹਵਾਈ ਝੂਟੇ ਦਿਵਾਉਣ ਲਈ ਭਰੇ ਹਨ ਜਾਂ ਫਿਰ ਸਾਰੇ ਦੇਸ਼ ਵਿਚ ਇਸ਼ਤਿਹਾਰਬਾਜ਼ੀ ਲਈ ਭਰੇ ਹਨ। ਕੀ ਲੋਕਾਂ ਜਾਂ ਕਿਸਾਨਾਂ ਦੀ ਮਦਦ ਲਈ ਪੰਜਾਬ ਦਾ ਖ਼ਜ਼ਾਨਾ ਨਹੀਂ ਭਰਿਆ।
ਸਰਕਾਰ ਨੇ ਉਮੀਦਾਂ 'ਤੇ ਪਾਣੀ ਫੇਰਿਆ :ਉਧਰ ਕਿਸਾਨ ਆਗੂ ਵੀ ਖੇਤੀਬਾੜੀ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਖ਼ਫਾ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਉਹਨਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਰਹੀ ਹੈ। ਲੋਕ ਦੂਰੋਂ ਦੂਰ ਆ ਕੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ ਤੇ ਸਰਕਾਰ ਚੁੱਪ ਹੈ, ਜੇ ਖੇਤੀਬਾੜੀ ਮੰਤਰੀ ਅੱਜ ਬੋਲਿਆ ਤਾਂ ਉਹ ਵੀ ਕਿਸਾਨਾਂ ਦੇ ਹੱਕ ਵਿਚ ਨਹੀਂ ਭੁਗਤਿਆ। ਉਹਨਾਂ ਸਖ਼ਤ ਸ਼ਬਦਾਂ ਵਿਚ ਖੇਤੀਬਾੜੀ ਮੰਤਰੀ ਦੇ ਬਿਆਨ ਦੀ ਨਿਖੇਧੀ ਕੀਤੀ ਹੈ।