ਚੰਡੀਗੜ੍ਹ: "ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦਾ ਹੱਥ ਹੋ ਸਕਦਾ ਹੈ" ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇਸ ਬਿਆਨ ਤੋਂ ਬਾਅਦ ਕੈਨੇਡਾ ਤੋਂ ਲੈ ਕੇ ਭਾਰਤ ਤੱਕ ਬਵਾਲ ਮੱਚ ਗਿਆ ਹੈ। ਕੈਨੇਡਾ ਨੇ ਭਾਰਤੀ ਡਿਪਲੋਮੈਟ ਨੂੰ ਕੱਢਿਆ ਅਤੇ ਭਾਰਤ ਸਰਕਾਰ ਨੇ ਵੀ ਸਖ਼ਤ ਰੁਖ ਅਖਤਿਆਰ ਕਰਦਿਆਂ ਕੈਨੇਡੀਅਨ ਡਿਪਲੋਮੈਟ ਨੂੰ 5 ਦਿਨਾਂ 'ਚ ਭਾਰਤ ਛੱਡਣ ਲਈ ਕਹਿ ਦਿੱਤਾ ਹੈ। ਪੰਜਾਬ 'ਚ ਸਿਆਸੀ ਭੂਚਾਲ ਆ ਗਿਆ ਹੈ ਅਤੇ ਤਰ੍ਹਾਂ-ਤਰ੍ਹਾਂ ਦੀਆਂ ਰਾਜਨੀਤਿਕ ਪ੍ਰਤੀਕਿਰਿਆਂਵਾਂ ਸਾਹਮਣੇ ਆ ਰਹੀਆਂ ਹਨ।
ਭਾਜਪਾ ਦੀ ਟਰੂਡੋ ਨੂੰ ਲਲਕਾਰ:ਪੰਜਾਬ ਭਾਜਪਾ ਦੇ ਆਗੂ ਹਰਜੀਤ ਗਰੇਵਾਲ (BJP leader Harjit Grewal) ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮੋੜਵਾਂ ਜਵਾਬ ਦਿੱਤਾ ਹੈ। ਗਰੇਵਾਲ ਦਾ ਕਹਿਣਾ ਹੈ ਕਿਸੇ ਵੀ ਦੇਸ਼ ਦੇ ਪ੍ਰਮੁੱਖ ਨੂੰ ਅਜਿਹਾ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ। ਬਿਨ੍ਹਾਂ ਕਿਸੇ ਜਾਂਚ ਤੋਂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਦੀ ਸ਼ੰਕਾ ਜ਼ਾਹਿਰ ਕਰਨਾ ਇੱਕ ਗੈਰ ਜ਼ਿੰਮੇਵਾਰ ਬਿਆਨ ਹੈ। ਭਾਰਤ ਕਦੇ ਵੀ ਦੂਜੇ ਦੇਸ਼ ਵਿਚ ਆਪਣੀ ਦਖ਼ਲ ਅੰਦਾਜ਼ੀ ਨਹੀਂ ਕਰਦਾ। ਆਪਣੇ ਦੇਸ਼ ਦੇ ਅੰਦਰ ਮਚੀ ਖਲਬਲੀ ਅਤੇ ਅੱਤਵਾਦੀਆਂ ਖਾਲਿਸਤਾਨੀਆਂ ਨੂੰ ਪਨਾਹ ਦੇਣ ਵਾਲੇ ਮੁੱਦੇ ਤੋਂ ਧਿਆਨ ਹਟਾਉਣ ਲਈ ਟਰੂਡੋ ਵੱਲੋਂ ਇਹ ਬਿਆਨ ਦਿੱਤਾ ਗਿਆ ਹੋ ਸਕਦਾ ਹੈ।
ਪਾਕਿਸਤਾਨ ਦਾ ਹਸ਼ਰ:ਇਹੋ-ਜਿਹੀਆਂ ਗੈਰ-ਜ਼ਿੰਮੇਵਰ ਬਿਆਨਬਾਜ਼ੀਆਂ ਨਾਲ ਕੈਨੇਡਾ ਦਾ ਹੀ ਨੁਕਸਾਨ ਹੋਣਾ ਕਿਸੇ ਹੋਰ ਦਾ ਨਹੀਂ। ਕੈਨੇਡਾ ਬਹੁਤ ਵਧੀਆ ਮੁਲਕ ਸੀ, ਜਿੱਥੇ ਭੇਦਭਾਵ ਦੀ ਕੋਈ ਥਾਂ ਨਹੀਂ। ਜਦਕਿ ਸਮਾਜ ਵਿਰੋਧੀ ਅਨਸਰਾਂ ਦਾ ਪਾਲਣ ਕਰਕੇ ਉੱਥੇ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋ ਗਈ ਹੈ। ਜਿਸ ਤਰ੍ਹਾਂ ਪਾਕਿਸਤਾਨ ਦਾ ਹਸ਼ਰ ਹੋਇਆ ਹੁਣ ਕੈਨੇਡਾ ਵੀ ਉਸੇ ਪਾਸੇ ਵੱਲ ਵਧ ਰਿਹਾ ਹੈ, ਜਿਸ ਦੀ ਜ਼ਿੰਮੇਵਾਰੀ ਜਸਟਿਨ ਟਰੂਡੋ ਦੀ ਹੋਵੇਗੀ। ਰਹੀ ਗੱਲ ਪ੍ਰਧਾਨ ਮੰਤਰੀ ਵੱਲੋਂ ਜਵਾਬ ਨਾ ਦੇਣ ਦੀ ਤਾਂ ਪ੍ਰਧਾਨ ਮੰਤਰੀ ਮੋਦੀ ਅਜਿਹਾ ਕਦੇ ਵੀ ਨਹੀਂ ਕਰਦੇ ਉਹ ਸਭ ਦੀ ਗੱਲ ਸੁਣਦੇ ਹਨ।
ਭਾਰਤੀ ਡਿਪਲੋਮੈਟ ਬਰਖਾਸਤ:ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ (BJP national spokesperson RP Singh) ਨੇ ਵੀ ਇੱਕ ਟਵੀਟ ਜ਼ਰੀਏ ਟਰੂਡੋ ਨੂੰ ਖਰੀਆਂ ਖਰੀਆਂ ਸੁਣਾਈਆਂ। ਉਹਨਾਂ ਲਿਖਿਆ ਕਿ ਸੱਤਾ ਵਿੱਚ ਬਣੇ ਰਹਿਣ ਦੀਆਂ ਸਾਰੀਆਂ ਸਿਆਸੀ ਮਜਬੂਰੀਆਂ ਕਿਸੇ ਨੂੰ ਕੀ ਕਰਨ ਲਈ ਮਜਬੂਰ ਕਰ ਸਕਦੀਆਂ ਹਨ, ਇਹ ਤਾਜ਼ਾ ਬਿਆਨਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ।