Politics about the industrial summit: ਇੰਡੀਸਟਰੀਅਲ ਸਮਿਟ ਮੌਕੇ ਪੰਜਾਬ ਸਰਕਾਰ ਪੱਬਾਂ ਭਾਰ, ਸਮਿਟ ਨੂੰ ਲੈਕੇ ਵਿਰੋਧੀਆਂ ਨੇ ਕੀਤੇ ਵਾਰ ਉੱਤੇ ਵਾਰ ਚੰਡੀਗੜ੍ਹ: ਮੁਹਾਲੀ 'ਚ ਹੋ ਰਹੇ ਇਨਵੈਸਟਰ ਸਮਿਟ ਦੀ ਕਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸੰਭਾਲੀ ਹੈ। ਦੇਸ਼ ਵਿਦੇਸ਼ ਤੋਂ ਉਦਯੋਗਪਤੀਆਂ ਵੱਲੋਂ ਇਸ ਇਨਵੈਸਟਮੈਂਟ ਸਮਿਟ ਵਿੱਚ ਸ਼ਾਮਿਲ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਜਿਥੇ ਪੰਜਾਬ ਸਰਕਾਰ ਦਾ ਇਨਵੈਸਟਮੈਂਟ ਸਮਿਟ ਚਰਚਾਵਾਂ ਵਿੱਚ ਆਇਆ ਹੋਇਆ ਹੈ ਉਥੇ ਹੀ ਵਿਰੋਧੀ ਧਿਰਾਂ ਪੰਜਾਬ ਸਰਕਾਰ ਦੀ ਖਿੱਲੀ ਉਡਾਈ ਜਾ ਰਹੀ ਹੈ। ਸਰਕਾਰ ਜਿੱਥੇ ਇਸ ਸਮਿਟ ਨੂੰ ਲੈ ਕੇ ਉਤਸ਼ਾਹਿਤ ਵਿਖਾਈ ਦੇ ਰਹੀ ਹੈ ਉੱਥੇ ਹੀ ਵਿਰੋਧੀ ਪੰਜਾਬ ਸਰਕਾਰ ਨੂੰ ਪਹਿਲਾਂ ਚੰਗਾ ਮਾਹੌਲ ਸਿਰਜਣ ਦੀ ਸਲਾਹ ਦੇ ਰਹੇ ਹਨ।
ਪੰਜਾਬ ਕਾਂਗਰਸ ਦੀ ਸਰਕਾਰ ਨੂੰ ਸਲਾਹ : ਪੰਜਾਬ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ ਇੰਡਸਟਰੀਅਲ ਸਮਿਟ ਲਈ ਜਿਥੇ ਸਰਕਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਉੱਥੇ ਹੀ ਸਰਕਾਰ ਨੂੰ ਨਸੀਹਤ ਵੀ ਦਿੱਤੀ। ਉਹਨਾਂ ਆਖਿਆ ਕਿ ਪੰਜਾਬ ਦੇ ਆਪਣੇ ਵਪਾਰੀ ਪੰਜਾਬ ਛੱਡ ਕੇ ਜਾ ਰਹੇ ਹਨ ਪੰਜਾਬ ਦੇ ਮਾਹੌਲ ਨੂੰ ਵੇਖਦਿਆਂ ਉਹ ਪੰਜਾਬ ਛੱਡ ਕੇ ਜਾਣ ਲਈ ਮਜਬੂਰ ਹਨ। ਪੰਜਾਬ ਛੱਡ ਕੇ ਜਾਂ ਤਾਂ ਉਹ ਵਿਦੇਸ਼ਾਂ ਵਿੱਚ ਜਾਂ ਫਿਰ ਹੋਰ ਸੂਬਿਆਂ ਵਿਚ ਉਦਯੋਗਿਕ ਨਿਵੇਸ਼ ਕਰਨ ਲਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੇ ਇੰਡਸਟਰੀਅਲਾਂ ਨੂੰ ਰੋਕਣ ਲਈ ਪਹਿਲਾਂ ਉਪਰਾਲੇ ਕਰਨ। ਉਨ੍ਹਾਂ ਕਿਹਾ ਸਰਕਾਰ ਨੂੰ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਵਿੱਚ ਸੁਧਾਰ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੇਕਰ ਬਾਹਰੋਂ ਕੋਈ ਵਿਅਕਤੀ ਆ ਕੇ ਪੰਜਾਬ ਵਿੱਚ ਵਪਾਰ ਜਾਂ ਉਦਯੋਗ ਸਥਾਪਿਤ ਕਰਨਾ ਚਾਹੁੰਦਾ ਤਾਂ ਸਰਕਾਰ ਦਾ ਪਹਿਲਾ ਫਰਜ਼ ਬਣਦਾ ਹੈ ਕਿ ਉਸਦੇ ਲਈ ਉਸ ਨੂੰ ਅਨੁਕੂਲ ਮਾਹੌਲ ਦੇਣਾ।
ਭਾਜਪਾ ਨੇ ਵੀ ਪਾਇਆ ਮਾਹੌਲ ਦਾ ਰੌਲਾ: ਪੰਜਾਬ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਨੇ ਵੀ ਸਰਕਾਰ ਨੂੰ ਪੰਜਾਬ ਦੇ ਮਾਹੌਲ ਵੱਲ ਧਿਆਨ ਦੇਣ ਦਾ ਇਸ਼ਾਰਾ ਕੀਤਾ ਹੈ। ਉਹਨਾਂ ਆਖਿਆ ਕਿ ਸਰਕਾਰ ਪੰਜਾਬ ਵਿੱਚ ਇੰਡਸਟਰੀਅਲ ਸਮਿਟ ਤਾਂ ਕਰਵਾ ਰਹੀ ਹੈ ਪਰ ਪੰਜਾਬ ਦੇ ਅੰਦਰ ਉਹ ਮਾਹੌਲ ਨਹੀਂ ਜਿਸ ਨਾਲ ਉਦਯੋਗਪਤੀ ਪੰਜਾਬ ਵਿੱਚ ਆ ਕੇ ਨਿਵੇਸ਼ ਕਰਨ। ਉਦਯੋਗਪਤੀਆਂ ਨੂੰ ਪੰਜਾਬ ਲਿਆਉਣ ਲਈ ਪਹਿਲਾਂ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਠੀਕ ਕੀਤੀ ਜਾਵੇ ਤਾਂ ਜੋ ਲੋਕ ਸੁਰੱਖਿਅਤ ਮਹਿਸੂਸ ਕਰਨ ਜੋ ਕਿ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ:Amritpal Singh Warning police: ਅੰਮ੍ਰਿਤਪਾਲ ਸਿੰਘ ਦੀ ਪੁਲਿਸ ਨੂੰ ਚਿਤਾਵਨੀ, ਪਰਚੇ ਰੱਦ ਨਾ ਹੋਏ ਜਥੇਬੰਦੀ ਆਪਣੇ ਹਿਸਾਬ ਨਾਲ ਲੱਭੇਗੀ ਹੱਲ
ਸਰਕਾਰ ਨੇ 38 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਨਿਵੇਸ਼ ਦਾ ਕੀਤਾ ਦਾਅਵਾ : ਅੱਜ ਤੋਂ ਸ਼ੁਰੂ ਹੋਏ ਇਸ ਇੰਡਸਟਰੀਅਲ ਸਮਿਟ ਵਿੱਚ ਪੰਜਾਬੀ ਉਦਯੋਗਪਤੀਆਂ ਅਤੇ ਵਿਦੇਸ਼ੀ ਡੈਲੀਗੇਟਾਂ ਵਿੱਚ ਸਿੱਧਾ ਰਾਬਤਾ ਕਰਵਾਇਆ ਜਾ ਰਿਹਾ ਹੈ। ਇਸ ਨਾਲ ਵੱਖ-ਵੱਖ ਸੈਕਟਰਾਂ ਵਿੱਚ ਉਦਯੋਗਿਕ ਇਕਾਈਆਂ ਸਥਾਪਤ ਕਰਨ ਬਾਰੇ ਜਾਣਕਾਰੀ ਦੇ ਕੇ ਤਕਨੀਕੀ ਸਹਿਯੋਗ ਦੀਆਂ ਸੰਭਾਵਨਾਵਾਂ ਵਿੱਚ ਮਦਦ ਮਿਲੇਗੀ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਪਿਛਲੇ 10 ਮਹੀਨੇ ਦੌਰਾਨ 38 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਉਦਯੋਗਿਕ ਨਿਵੇਸ਼ ਪੰਜਾਬ ਵਿਚ ਹੋ ਚੁੱਕਾ ਹੈ। ਇਸ ਨਾਲ ਕੁੱਲ 1 ਲੱਖ 22 ਹਜ਼ਾਰ 225 ਪੰਜਾਬੀਆਂ ਨੂੰ ਰੁਜ਼ਗਾਰ ਮਿਲੇਗਾ। ਪੰਜਾਬ ਦੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਲੁਧਿਆਣਾ, ਪਟਿਆਲਾ, ਫਤਿਹਗੜ ਸਾਹਿਬ ਅਤੇ ਰੋਪੜ ਵਿਚ ਕਰੋੜਾਂ ਦੇ ਐਮਓਯੂ ਸਾਈਨ ਹੋਣ ਦਾ ਦਾਅਵਾ ਕੀਤਾ ਗਿਆ ਹੈ।