ਚੰਡੀਗੜ੍ਹ :ਦਿੱਲੀ ਦੀ ਤਰਜ 'ਤੇ ਪੰਜਾਬ ਵਿਚ ਮੁਹੱਲਾ ਕਲੀਨਿਕ ਬਣਾਏ ਗਏ। ਦਿੱਲੀ ਅਤੇ ਪੰਜਾਬ ਦੇ ਹਾਲਾਤਾਂ ਵਿਚ ਬਹੁਤ ਫ਼ਰਕ ਹੈ ਦਿੱਲੀ ਮੈਟਰੋਪੋਲੀਟਨ ਸ਼ਹਿਰ ਹੈ, ਪੰਜਾਬ ਪਿੰਡਾਂ ਦਾ ਸੂਬਾ ਹੈ ਪੰਜਾਬ ਵਿਚ 60 ਪ੍ਰਤੀਸ਼ਤ ਅਬਾਦੀ ਪੇਂਡੂ ਹੈ।
ਸ਼ੁਰੂਆਤ 27 ਜਨਵਰੀ: ਪੰਜਾਬ ਦੇ ਵਿਚ 27 ਜਨਵਰੀ ਨੂੰ 400 ਹੋਰ ਮੁਹੱਲਾ ਕਲੀਨਿਕ ਸਥਾਪਿਤ ਕੀਤੇ ਜਾਣਗੇ। ਅਗਸਤ ਮਹੀਨੇ ਵਿਚ 100 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ ਹੁਣ 400 ਹੋਰ ਦੀ ਸ਼ੁਰੂਆਤ 27 ਜਨਵਰੀ ਨੂੰ ਹੋਵੇਗੀ।ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਦਾ ਦਾਅਵਾ ਹੈ ਕਿ 10 ਲੱਖ ਤੋਂ ਜ਼ਿਆਦਾ ਮਰੀਜ਼ ਮੁਹੱਲਾ ਕਲੀਨਿਕਾਂ ਵਿਚ ਇਲਾਜ ਕਰਵਾ ਚੁੱਕੇ ਹਨ।
ਪੰਜਾਬ ਦੇ ਸਿਹਤ ਮਾਡਲ ਵਿਚ ਮੁਹੱਲਾ ਕਲੀਨਿਕ ਸਭ ਤੋਂ ਵੱਧ ਚਰਚਿਤ ਹਨ ਜੋ ਕਿ ਦਿੱਲੀ ਦੀ ਤਰਜ਼ 'ਤੇ ਬਣਾਏ ਗਏ। ਚਰਚਾਵਾਂ ਵਿਚ ਰਹਿਣ ਵਾਲੇ ਮੁਹੱਲਾ ਕਲੀਨਿਕਾਂ ਲਈ ਸਰਕਾਰ ਗੰਭੀਰਤਾ ਵਿਖਾ ਰਹੀ ਹੈ। ਸਵਾਲ ਇਹ ਹੈ ਕਿ ਮੁਹੱਲਾ ਕਲੀਨਿਕਾਂ ਲਈ ਸਰਕਾਰ ਇੰਨੀ ਸੁਹਿਰਦ ਕਿਉਂ ? ਦਿੱਲੀ ਦੀ ਤਰਜ 'ਤੇ ਪੰਜਾਬ ਵਿਚ ਮੁਹੱਲਾ ਕਲੀਨਿਕ ਕਿਉਂ ਬਣਾਏ ਜਾ ਰਹੇ ਹਨ ? ਆਪ ਸਰਕਾਰ ਦੀ ਇਸ ਮਨਸ਼ਾ ਕੀ ਹੈ ? ਸਿਹਤ ਮਾਡਲ ਵਿਚ ਮੁਹੱਲਾ ਕਲੀਨਿਕ ਕਿਸ ਤਰ੍ਹਾਂ ਬਦਲਾਅ ਕਰਨਗੇ। ਇਸ ਸਬੰਧੀ ਈਟੀਵੀ ਭਾਰਤ ਵੱਲੋਂ ਖਾਸ ਰਿਪੋਰਟ ਤਿਆਰ ਕੀਤੀ ਗਈ ਜਿਸ ਵਿਚ ਸਿਹਤ ਮਾਹਿਰਾਂ ਦੀ ਵੀ ਰਾਏ ਲਈ ਗਈ ਕਿ ਆਖਰਕਾਰ ਉਹ ਮੁਹੱਲਾ ਕਲੀਨਿਕਾਂ ਬਾਰੇ ਕੀ ਸੋਚਦੇ ਹਨ ?
ਪੰਜਾਬ ਦੇ ਸਿਹਤ ਮਾਡਲ ਵਿਚ ਮੁਹੱਲਾ ਕਲੀਨਿਕਾਂ ਦਾ ਆਧਾਰ ਕੀ ?:ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਪਿਆਰੇ ਲਾਲ ਗਰਗ ਨੇ ਪੰਜਾਬ ਵਿਚ ਮੁਹੱਲਾ ਕਲੀਨਿਕਾਂ ਦੀ ਪੰਜਾਬ ਵਿਚ ਸਥਾਪਨਾ ਤੇ ਸਾਫ਼ ਕਿਹਾ ਹੈ ਕਿ ਮੁਹੱਲਾ ਕਲੀਨਿਕਾਂ ਨਾਲ ਪੰਜਾਬ ਦੀਆਂ ਸਿਹਤ ਸਮੱਸਿਆਵਾਂ ਦਾ ਹੱਲ ਨਹੀਂ ਹੋਣਾ।ਪੰਜਾਬ ਵਿਚ ਪਹਿਲਾਂ ਇਕ ਵਿਸ਼ਾਲ ਸਿਹਤ ਮਾਡਲ ਹੈ ਜੇਕਰ ਸਰਕਾਰ ਨੇ ਹਰੇਕ ਮੁਹੱਲੇ ਵਿਚ ਕਲੀਨਿਕ ਬਣਾਉਣੇ ਸਨ ਤਾਂ ਪੰਜਾਬ ਵਿਚ 60,000 ਮੁਹੱਲੇ ਹਨ ਤਾਂ 60,000 ਹੀ ਮੁਹੱਲਾ ਕਲੀਨਿਕ ਬਣਾਉਣੇ ਚਾਹੀਦੇ ਸਨ।
ਇਹ ਵੀ ਪੜ੍ਹੋ :ਚੰਡੀਗੜ੍ਹ 'ਚ ਹਿੱਟ ਐਂਡ ਰਨ: ਤੇਜ਼ ਰਫਤਾਰ ਥਾਰ ਨੇ ਕੁੜੀ ਨੂੰ ਦਰੜਿਆ, ਲੱਗੀਆਂ ਗੰਭੀਰ ਸੱਟਾਂ
ਦਰਅਸਲ ਮੁਹੱਲਾ ਕਲੀਨਿਕ ਦਾ ਮਤਲਬ ਸੀ ਕਿ ਮੁਹੱਲੇ ਅਤੇ ਰਿਹਾਇਸ਼ੀ ਖੇਤਰ ਦੇ ਨੇੜੇ ਡਾਕਟਰੀ ਸੁਵਿਧਾ ਤਾਂ ਪੈਦਲ ਜਾ ਕੇਛੋਟੀ ਮੋਟੀ ਬਿਮਾਰੀ ਦਾ ਇਲਾਜ ਕਰਵਾਇਆ ਜਾ ਸਕੇ। ਇਸ ਦੇ ਵਿਚ ਕੁੱਲ 60,000 ਆਸ਼ਾ ਵਰਕਰਾਂ ਲਗਾਉਣ ਦੀ ਵੀ ਜ਼ਰੂਰਤ ਸੀ 20, 000 ਤਾਂ ਪੰਜਾਬ ਵਿਚ ਪਹਿਲਾਂ ਹੀ ਹਨ।ਸਰਕਾਰ ਇਹ ਤਹੱਈਆ ਨਹੀਂ ਕਰ ਸਕੀ।ਡਾ. ਪਿਆਰੇ ਲਾਲ ਗਰਗ ਨੇ ਪੰਜਾਬ ਸਰਕਾਰ ਵੱਲੋਂ ਸਥਾਪਿਤ ਮੁਹੱਲਾ ਕਲੀਨਿਕਾਂ ਨੂੰ ਪੰਜਾਬ ਦੇ ਸਿਹਤ ਖੇਤਰ ਵਿਚ ਨਵਾਂ ਨਾਮ ਕਰਨ ਦੱਸਿਆ।ਉਹਨਾਂ ਆਖਿਆ ਕਿ ਪੰਜਾਬ ਸਰਕਾਰ ਮੁਹੱਲਾ ਕਲੀਨਿਕਾਂ ਨਾਲ ਸ਼ਬਦਾਵਲੀ ਅਤੇ ਸਿਹਤ ਮਾਪਦੰਡਾਂ ਵਿਚ ਕਈ ਤਰ੍ਹਾਂ ਦੇ ਭੰਲਭੂਸੇ ਵੀ ਪੈਦਾ ਹੋ ਰਹੇ ਹਨ। ਜਦੋਂ ਮੁਹੱਲਾ ਕਲੀਨਿਕ ਦਾ ਨਾਂ ਆ ਗਿਆ ਤਾਂ ਲੋਕ ਸੋਚਦੇ ਹਨ ਕਿ ਮੁਹੱਲਾ ਕਲੀਨਿਕ ਕਿਸੇ ਮੁਹੱਲੇ ਵਿਚ ਸਥਾਪਿਤ ਹੋਣਗੇ।
ਉਹਨਾਂ ਆਖਿਆ ਕਿ ਪੰਜਾਬ ਸਰਕਾਰ ਇਹ ਸਪੱਸ਼ਟ ਨਹੀਂ ਕਰ ਸਕੀ ਕਿ ਮੁਹੱਲਾ ਕਲੀਨਿਕ ਹੈਲਥ ਸਟਰਕਚਰ ਵਿਚ ਕਿਸ ਪੱਧਰ 'ਤੇ ਕੰਮ ਕਰਨਗੇ। ਸਿਹਤ ਖੇਤਰ ਵਿਚ ਸਬ ਸੈਂਟਰ, ਡਿਸਪੈਂਸਰੀਆਂ, ਪ੍ਰਾਇਮੀ ਹੈਲਥ ਸੈਂਟਰ, ਤਹਿਸੀਲ ਪੱਧਰ ਦਾ ਹਸਪਤਾਲ, ਜ਼ਿਲ੍ਹਾ ਪੱਧਰ ਦਾ ਹਸਪਤਾਲ, ਮੈਡੀਕਲ ਕਾਲਜ ਸਭ ਦੇ ਸਿਹਤ ਖੇਤਰ ਵਿਚ ਵੱਖਰੇ ਵੱਖਰੇ ਮਾਪਦੰਡ ਹਨ।ਸਰਕਾਰ ਵੱਲੋਂ ਮੁਹੱਲਾ ਕਲੀਨਿਕ ਦਾ ਪੱਧਰ ਤੈਅ ਨਹੀਂ ਕੀਤਾ ਗਿਆ।
ਅੰਕੜਿਆਂ ਅਨੁਸਾਰ ਪੰਜਾਬ ਵਿਚ ਵੱਡੇ ਪੱਧਰ ਦੀਆਂ ਸਿਹਤ ਸੇਵਾਵਾਂ :ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਅੰਕਿੜਆਂ ਅਨੁਸਾਰ ਪੰਜਾਬ ਵਿਚ 516 ਪ੍ਰਾਇਮਰੀ ਹੈਲਥ ਸੈਂਟਰ ਹਨ, 1400 ਤੋਂ ਜ਼ਿਆਦਾ ਐਲੋਪੈਥੀ ਡਿਸਪੈਂਸਰੀਆਂ ਹਨ, 550 ਡਿਸਪੈਂਸਰੀਆਂ ਆਯੂਰਵੈਦਿਕ ਹਨ, 10 ਹੋਮਿਓਪੈਥੀ ਡਿਸਪੈਂਸਰੀਆਂ ਹਨ।ਪੰਜਾਬ ਵਿਚ 2100 ਸਿਹਤ ਇਨਫਰਾਸਟਰਕਚਰ ਅਜਿਹੇ ਹਨ ਜਿਥੇ ਤਜਰਬੇਕਾਰ ਡਾਕਟਰ ਭਰਤੀ ਹਨ।
ਮੁਹੱਲਾ ਕਲੀਨਿਕਾਂ ਦੀ ਨਵੀਂ ਪਿਰ :ਪੰਜਾਬ ਦਾ ਐਨਾ ਵਿਸ਼ਾਲ ਹੈਲਥ ਸਟਰਕਚਰ ਛੱਡ ਕੇ ਸਰਕਾਰ ਨੇ ਮੁਹੱਲਾ ਕਲੀਨਿਕਾਂ ਦੀ ਨਵੀਂ ਪਿਰਤ। ਜਦਕਿ ਪੁਰਾਣੇ ਸਿਹਤ ਢਾਂਚੇ ਵਿਚ ਸੁਧਾਰ ਕਰਕੇ ਸਿਹਤ ਮਾਡਲ ਵਿਚ ਚੰਗੀ ਕ੍ਰਾਂਤੀ ਲਿਆਂਦੀ ਜਾ ਸਕਦੀ ਸੀ।ਦੇਸ਼ ਦੀ ਆਜ਼ਾਦੀ ਤੋਂ ਤੁਰੰਤ ਬਾਅਦ 5000 ਪ੍ਰਾਇਮਰੀ ਹੈਲਥ ਸੈਂਟਰਾਂ ਦੀ ਸ਼ੁਰੂਆਤ ਕੀਤੀ ਗਈ ਸੀ ਸਭ ਤੋਂ ਪਹਿਲਾਂ ਪੰਜਾਬ ਨੇ 130 ਹੈਲਥ ਸੈਂਟਰ ਬਣਾਏ ਸਨ ਜਿਹਨਾਂ ਨੂੰ ਬਣਾਉਣ 'ਤੇ 10 ਸਾਲ ਤੋਂ ਜ਼ਿਆਦਾ ਦਾ ਸਮਾਂ ਲੱਗਿਆ ਤਾਂ 5 ਸਾਲਾਂ ਦੀ ਸਰਕਾਰ ਵਿਚ ਮੁਹੱਲਾ ਕਲੀਨਿਕ ਬਣਾ ਕੇ ਆਮ ਆਦਮੀ ਪਾਰਟੀ ਸਿਹਤ ਖੇਤਰ ਵਿਚ ਕਿਵੇਂ ਵਿਸਥਾਰ ਕਰ ਸਕਦੀ ਹੈ ? ਕਹਿਣਾ ਬਹੁਤ ਸੌਖਾ ਹੈ ਪਰ ਨਵੇਂ ਸਿਰੇ ਤੋਂ ਸਿਹਤ ਢਾਂਚੇ ਦੀ ਸਿਰਜਣਾ ਕਰਨਾ ਖਾਲਾ ਜੀ ਦਾ ਵਾੜਾ ਨਹੀਂ। ਹੋਰ ਜ਼ਿਆਦਾ ਮਿਹਨਤ ਅਤੇ ਹੋਰ ਜ਼ਿਆਦਾ ਪੈਸੇ ਖਰਚ ਕੇ ਹੋਰ ਜ਼ਿਆਦਾ ਸਮਾਂ ਜਾਇਆ ਜਾਵੇਗਾ। ਜਦੋਂ ਕਿ ਮੌਜੂਦਾ ਸਿਸਟਮ ਦੀਆਂ ਕਮੀਆਂ ਨੂੰ ਦੂਰ ਕਰਕੇ ਛੇਤੀ ਅਤੇ ਸੌਖਿਆਂ ਵੱਡਾ ਢਾਂਚਾ ਕਾਇਮ ਕੀਤਾ ਜਾ ਸਕਦਾ ਸੀ।
ਮੁਹੱਲਾ ਕਲੀਨਿਕਾਂ ਪਿੱਛੇ ਸਰਕਾਰ ਦੀ ਰਣਨੀਤੀ ਕੀ? :ਮੁਹੱਲਾ ਕਲੀਨਿਕਾਂ ਬਣਾਉਣ ਪਿੱਛੇ ਸਰਕਾਰ ਨੇ ਆਪਣਾ ਮਕਸਦ ਜ਼ਾਹਿਰ ਕੀਤਾ ਸੀ ਕਿ ਹਰ ਗਲੀ ਮੁਹੱਲੇ ਦੇ ਲੋਕਾਂ ਨੂੰ ਮੁਫ਼ਤ ਅਤੇ ਵਧੀਆ ਇਲਾਜ ਮਿਲ ਸਕੇ। ਜਦਕਿ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਸਰਕਾਰ ਨੇ ਰਾਜਨੀਤੀ ਦੇ ਮਕਸਦ ਨਾਲ ਇਹ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਗਏ। ਦਿੱਲੀ ਦੀ ਤਰਜ ਤੇ ਪੰਜਾਬ ਵਿਚ ਮੁਹੱਲਾ ਕਲੀਨਿਕ ਬਣਾਏ ਗਏ। ਦਿੱਲੀ ਅਤੇ ਪੰਜਾਬ ਦੇ ਹਾਲਾਤਾਂ ਵਿਚ ਬਹੁਤ ਫ਼ਰਕ ਹੈ ਦਿੱਲੀ ਮੈਟਰੋਪੋਲੀਟਨ ਸ਼ਹਿਰ ਹੈ, ਪੰਜਾਬ ਪਿੰਡਾਂ ਦਾ ਸੂਬਾ ਹੈ ਪੰਜਾਬ ਵਿਚ 60 ਪ੍ਰਤੀਸ਼ਤ ਅਬਾਦੀ ਪੇਂਡੂ ਹੈ। ਪੰਜਾਬ ਦਾ ਖੇਤਰਫ਼ਲ ਦਿੱਲੀ ਤੋਂ ਕਿਧਰੇ ਵੱਡਾ ਹੈ।ਇਹ ਧਿਆਨ ਦੇਣ ਯੋਗ ਪੱਖ ਸਨ ਜੋ ਆਪ ਸਰਕਾਰ ਨੇ ਬਿਲਕੁਲ ਧਿਆਨ ਵਿਚ ਨਹੀਂ ਰੱਖੇ।
ਮੁਹੱਲਾ ਕਲੀਨਿਕਾਂ ਦੇ ਪਿੱਛੇ ਕਿਉਂ ਪਈ ਸਰਕਾਰ ?:ਸਿਆਸੀ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਨੇ ਮੁਹੱਲਾ ਕਲੀਨਿਕਾਂ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ।ਉਹਨਾਂ ਆਖਿਆ ਕਿ ਮੁਹੱਲਾ ਕਲੀਨਿਕਾਂ ਨੂੰ ਮੁਹੱਲਾ ਕਲੀਨਿਕ ਘੱਟ ਅਤੇ ਆਮ ਆਦਮੀ ਕਲੀਨਿਕ ਜ਼ਿਆਦਾ ਕਿਹਾ ਜਾਂਦਾ ਹੈ।ਜਿਸਦਾ ਇਕ ਮਤਲਬ ਹੈ ਕੇਜਰੀਵਾਲ ਮਾਡਲ ਨੂੰ ਪੰਜਾਬ ਵਿਚ ਲਾਗੂ ਕਰਨਾ ਤਾਂ ਕਿ ਕੇਜਰੀਵਾਲ ਨੂੰ ਖੁਸ਼ ਕੀਤਾ ਜਾ ਸਕੇ। ਦੂਜਾ ਇਹ ਕਿਹਾ ਕਿ ਮੁਹੱਲਾ ਕਲੀਨਿਕਾਂ ਵਿਚ ਆਪਣੇ ਬੰਦੇ ਸੈਟ ਕਰਨਾ ਮਤਲਬ ਜਿਹੜੇ ਬੰਦੇ ਉਥੇ ਬੈਠਣਗੇ ਉਹਨਾਂ ਨੂੰ ਸਰਕਾਰੀ ਖਜਾਨੇ ਵਿਚੋਂ ਪੈਸੇ ਲੁਟਾਏ ਜਾਣਗੇ।
ਇਕ ਮਰੀਜ਼ ਦੇ ਹਿਸਾਬ ਨਾਲ ਉਥੇ ਬੈਠਣ ਵਾਲੇ ਡਾਕਟਰਾਂ ਨੂੰ ਸਰਕਾਰੀ ਖ਼ਜਾਨੇ ਵਿਚੋਂ ਪੈਸੇ ਦਿੱਤੇ ਜਾਣਗੇ। ਕਿੰਨੇ ਮਰੀਜ਼ ਆ ਰਹੇ ਕਿੰਨੇ ਜਾ ਰਹੇ ਕਿਸੇ ਕੋਲ ਕੋਈ ਰਿਕਾਰਡ ਨਹੀਂ। ਉਹਨਾਂ ਆਖਿਆ ਕਿ ਇਲਾਜ ਦੇ ਨਾਂ ਤੇ ਆਪਣੇ ਬੰਦੇ ਐਡਜਸਟ ਕਰਕੇ ਸਰਕਾਰੀ ਖਜਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ, ਜੇਕਰ ਸਰਕਾਰ ਡਿਸਪੈਂਸਰੀਆਂ ਵਿਚ ਵਧੀਆ ਇਲਾਜ ਨਹੀਂ ਦੇ ਸਕਦੀ ਤਾਂ ਫਿਰ ਮੁਹੱਲਾ ਕਲੀਨਿਕਾਂ ਵਿਚ ਕਿਥੋਂ ਦੇਵੇਗੀ ?
ਪੰਜਾਬ ਕੋਲ ਪਹਿਲਾਂ ਹੀ ਵੱਡਾ ਸਿਹਤ ਸਟਰਕਚਰ:ਪ੍ਰੋਫੈਸਰ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਕੋਲ ਪਹਿਲਾਂ ਹੀ ਸਿਹਤ ਦਾ ਬਹੁਤ ਵੱਡਾ ਸਟਰਕਚਰ ਹੈ ਸਰਕਾਰ ਉਸਨੂੰ ਕਿਉਂ ਨਹੀਂ ਮਜ਼ਬੂਤ ਕਰ ਰਹੀ ? ਮੁਹੱਲਾ ਕਲੀਨਿਕਾਂ ਦੇ ਪਿੱਛੇ ਕਿਉਂ ਪਈ ਹੈ ? ਇਸਦਾ ਮਤਲਬ ਤਾਂ ਇਹ ਹੈ ਕਿ ਸਰਕਾਰ ਦਾ ਇਸ ਵਿਚ ਆਪਣਾ ਕੋਈ ਇਰਾਦਾ ਹੈ।ਇਕ ਤਾਂ ਕੇਜਰੀਵਾਲ ਨੂੰ ਪ੍ਰਮੋਟ ਕਰਨਾ। ਜੇਕਰ ਸਰਕਾਰ ਵਾਕਿਆ ਹੀ ਲੋਕਾਂ ਦੀ ਸਿਹਤ ਲਈ ਗੰਭੀਰ ਹੈ ਤਾਂ ਫਿਰ ਵੱਡੇ ਵੱਡੇ ਸਰਕਾਰੀ ਹਸਪਤਾਲ, ਡਿਸਪੈਂਸਰੀਆਂ ਅਤੇ ਪੈਂਡੂ ਖੇਤਰਾਂ ਵਿਚ ਇਲਾਜ ਦੀਆਂ ਸੁਵਿਧਾਵਾਂ ਕਿਉਂ ਨਹੀਂ ਮੁਹੱਈਆ ਕਰਵਾਈਆਂ ਜਾਂਦੀਆਂ। ਪੰਜਾਬ ਵੱਡੇ ਸਿਹਤ ਮਾਡਲ ਦੇ ਬਰਾਬਰ ਸਰਕਾਰ ਆਪਣਾ ਸਟਰਕਚਰ ਕਿਉਂ ਖੜਾ ਕਰ ਰਹੀ ਹੈ ?
ਪੰਜਾਬ ਦੇ ਕਿਸ ਸ਼ਹਿਰ ਵਿਚ ਕਿੰਨੇ ਮੁਹੱਲਾ ਕਲੀਨਿਕ ?:ਪੰਜਾਬ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਵਿਚ 15, ਬਰਨਾਲਾ ਵਿਚ 5, ਬਠਿੰਡਾ ਵਿਚ 18, ਫਰੀਦਕੋਟ ਵਿਚ 8, ਫਤਿਹਗੜ ਸਾਹਿਬ ਵਿਚ 5, ਫਾਜ਼ਿਲਕਾ 7, ਫਿਰੋਜ਼ਪੁਰ ਵਿਚ 13, ਗੁਰਦਾਸਪੁਰ ਵਿਚ 11, ਹੁਸ਼ਿਆਰਪੁਰ ਵਿਚ 11, ਜਲੰਧਰ ਵਿਚ 18, ਕਪੂਰਥਲਾ ਵਿਚ 5, ਲੁਧਿਆਣਾ ਵਿਚ 22, ਮਲੇਰਕੋਟਲਾ ਵਿਚ 6, ਮਾਨਸਾ ਵਿਚ 7, ਮੋਗਾ ਵਿਚ 9, ਪਠਾਨਕੋਟ ਵਿਚ 5, ਪਟਿਆਲਾ ਵਿਚ 7, ਰੂਪਨਗਰ ਵਿਚ 8, ਸੰਗਰੂਰ ਵਿਚ 11, ਮੁਹਾਲੀ ਵਿਚ 15, ਐਸਬੀਐਸ ਨਗਰ ਵਿਚ 7, ਮੁਕਤਸਰ ਸਾਹਿਬ 9 ਅਤੇ ਤਰਨਤਾਰਨ ਵਿਚ 9 ਮੁਹੱਲਾ ਕਲੀਨਿਕ ਸਥਾਪਿਤ ਕੀਤੇ ਗਏ।
ਮੁਹੱਲਾ ਕਲੀਨਿਕਾਂ ਵਿਚ ਮਿਲਦੀਆਂ ਇਹ ਸੁਵਿਧਾਵਾਂ:ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਕਿ ਮੁਹੱਲਾ ਕਲੀਨਿਕਾਂ ਵਿਚ ਇਲਾਜ ਅਤੇ ਸਾਰੇ ਟੈਸਟ ਮੁਫ਼ਤ ਹਨ।ਸਰਕਾਰੀ ਜਾਣਕਾਰੀ ਅਨੁਸਾਰ ਮੁਹੱਲਾ ਕਲੀਨਿਕਾਂ ਵਿਚ ਹੀਮੋਗਲੋਬਿਨ, ਪਲੇਟਲੈਟਸ ਕਾਊਂਟ, ਖੂਨ ਸਬੰਧੀ ਸਾਰੇ ਟੈਸਟ, ਯੂਰੀਨ ਟੈਸਟ, ਗਲੂਕੋਜ਼, ਬਿਲਰੂਬੀਨ, ਐਮਪੀ ਸਲਾਈਡ ਮੈਥਡ, ਮਲੇਰੀਆ, ਯੂਰੀਨ ਮਾਈਕ੍ਰੋਸਕੋਪੀ, ਯੂਰੀਨਰੀ ਪ੍ਰੋਟੀਨ, ਸਟੂਲ ਫਾਰ ਓਵਾ ਐਂਡ ਸਿਸਟ, ਸਪੂਟਮ ਏਐਫਬੀ, ਬਲੱਡ ਸ਼ੂਗਰ, ਬਿਲੀਨੂਬਿਨ, ਸਿਰਮ ਕ੍ਰਿਟਾਈਨ, ਬਲੱਡ ਯੂਰੀਆ ਅਤੇ ਯੂਰਿਕ ਐਸਿਡ ਵਰਗੇ ਟੈਸਟ ਮੁਹੱਈਆ ਕਰਵਾਏ ਜਾਂਦੇ ਹਨ।