ਚੰਡੀਗੜ੍ਹ: ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ 'ਚੋਂ ਮੁਕਤ ਕਰਵਾਉਣ ਵਾਲਿਆਂ 'ਚ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਨਾਂਅ ਸਭ ਤੋਂ ਮੁਹਰੇ ਆਉਂਦਾ ਹੈ। ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ ਵਿੱਚ ਹੋਇਆ। ਉਨ੍ਹਾਂ ਦੇ ਜਨਮ ਦਿਨ ਮੌਕੇ ਦੇਸ਼ ਦੇ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਵੀ ਟਵਿੱਟਰ ਉੱਤੇ ਟਵੀਟ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਟਵਿੱਟਰ ਉੱਤੇ ਯਾਦ ਕਰਦਿਆਂ ਟਵੀਟ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸ਼ਹੀਦ ਭਗਤ ਸਿੰਘ ਆਪਣਾ ਸੀਸ ਝੁਕਾਉਂਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵਿੱਟਰ ਉੱਤੇ ਟਵੀਟ ਕਰ ਕੇ ਭਗਤ ਸਿੰਘ ਨੂੰ ਯਾਦ ਕੀਤਾ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ ਉੱਤੇ ਟਵੀਟ ਕਰਦਿਆ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸਲਾਮ ਕੀਤਾ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਰਾਹ ਉੱਤੇ ਚੱਲਣ ਲਈ ਕਿਹਾ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਨੂੰ ਨਮਨ ਕੀਤਾ।
ਕੇਂਦਰੀ ਰਾਜ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਸ਼ਹੀਦ-ਏ-ਆਜ਼ਮ ਨੂੰ ਯਾਦ ਕਰਦਿਆ ਟਵੀਟ ਕੀਤਾ ਕਿ, 'ਨਿਡਰ ਇਨਕਲਾਬੀ, ਵਤਨਪ੍ਰਸਤ ਅਤੇ ਵਿਗਿਆਨਕ ਸੋਚ ਦੇ ਮਾਲਕ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ, ਉਸ ਪੰਜਾਬੀ ਕ੍ਰਾਂਤੀਕਾਰੀ ਨੂੰ ਮੇਰਾ ਸਨਿਮਰ ਸਲਾਮ!'
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਫ਼ਿਰੋਜ਼ਪੁਰ ਤੋਂ ਸਾਂਸਦ ਸੁਖਬੀਰ ਸਿੰਘ ਬਾਦਲ ਨੇ ਵੀ ਟਵਿੱਟਰ 'ਤੇ ਟਵੀਟ ਕੀਤਾ ਤੇ ਲਿਖਿਆ ਕਿ, 'ਪੰਜਾਬ ਦੀ ਅਣਖ ਦਾ ਸਿੱਕਾ ਸਾਰੀ ਦੁਨੀਆ 'ਚ ਚਲਾਉਣ ਵਾਲੇ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਉਸ ਅਮਰ ਕ੍ਰਾਂਤੀਕਾਰੀ ਨੂੰ ਮੇਰਾ ਅਦਬ ਭਰਿਆ ਸਲਾਮ!'
ਜ਼ਿਕਰਯੋਗ ਹੈ ਕਿ ਭਗਤ ਸਿੰਘ ਜੀ ਦਾ ਜੱਦੀ ਘਰ ਭਾਰਤੀ ਪੰਜਾਬ ਦੇ ਨਵਾਂਸ਼ਹਿਰ ਜਿਲ੍ਹੇ ਦੇ ਖਟਕੜ ਕਲਾਂ ਪਿੰਡ ਵਿੱਚ ਸਥਿਤ ਹੈ। ਭਗਤ ਸਿੰਘ ਦੇ ਜਨਮ ਵੇਲੇ ਉਨ੍ਹਾਂ ਦੇ ਪਿਤਾ ਅਤੇ ਚਾਚਾ ਅਜੀਤ ਸਿੰਘ ਅਤੇ ਸਵਰਨ ਸਿੰਘ ਦੀ ਜੇਲ੍ਹ ਵਿਚੋਂ ਰਿਹਾਈ ਹੋਈ ਸੀ ਜਿਸ ਕਾਰਨ ਉਸ ਨੂੰ ਭਾਗਾਂ ਵਾਲਾ ਸਮਝਿਆ ਗਿਆ ਤੇ ਦੇਸ਼ ਉੱਤੋਂ ਕੁਰਬਾਨ ਹੋਣ ਵਾਲੇ ਇਸ ਸੂਰਮੇ ਦਾ ਨਾਂਅ ਭਗਤ ਸਿੰਘ ਰੱਖਿਆ ਗਿਆ। ਇਸ ਮੌਕੇ ਅੱਜ ਉਨ੍ਹਾਂ ਦੇ ਜਨਮ ਸਥਾਨ ਖਟਕੜ ਕਲਾਂ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਕੂਲਾਂ ਤੇ ਕਾਲਜਾਂ ਵਿੱਚ ਸਮਾਗਮ ਕਰਵਾਏ ਜਾਣਗੇ, ਜਿੱਥੇ ਉਨ੍ਹਾਂ ਦੀ ਸ਼ਹੀਦੀ ਦੀ ਇਤਿਹਾਸਕ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਦੇਸ਼ ਦੇ ਭਾਗ ਬਦਲਣ ਲਈ ਜੰਮਿਆ 'ਭਾਗਾਂ ਵਾਲਾ'