ਚੰਡੀਗੜ੍ਹ:ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਸਰਹੱਦੀ ਖੇਤਰਾਂ ਦੌਰੇ ਤੋਂ ਬਾਅਦ ਪੰਜਾਬ ਵਿੱਚ ਸਿਆਸਤ ਖੂਬ ਗਰਮ ਹੈ। ਇਸ ਦੌਰੇ ਅਤੇ ਦੌਰੇ ਦੌਰਾਨ ਬਨਵਾਰੀ ਲਾਲ ਦੇ ਬਿਆਨ ਅਤੇ ਪ੍ਰੈੱਸ ਕਾਨਫਰੰਸ ਕਰਕੇ ਕਹੀਆਂ ਕੁੱਝ ਗੱਲਾਂ ਨਾਲ ਸਿਆਸਤ ਭਖ ਰਹੀ ਹੈ। ਇਸਦੇ ਕਈ ਮਾਇਨੇ ਨਿਕਲ ਰਹੇ ਹਨ। ਸਿਆਸੀ ਲੋਕ ਵੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ। ਹਾਲਾਤ ਇਹ ਹਨ ਕਿ ਸਰਕਾਰ ਅਤੇ ਰਾਜਪਾਲ ਵਿਚਾਲੇ ਇਕ ਵਾਰ ਫਿਰ ਟਕਰਾਅ ਵਾਲੀ ਸਥਿਤੀ ਹੈ। ਅਖਿਰ ਇਸ ਦੇ ਪਿੱਛੇ ਕੀ ਕਾਰਣ ਹਨ ਅਤੇ ਰਾਜਪਾਲ ਦੇ ਅਚਾਨਕ ਦੌਰਿਆਂ ਦੀ ਤਾਰ ਕਿੱਥੇ ਜੁੜ ਰਹੀ ਹੈ...ਪੜ੍ਹੋ ਇਹ ਰਿਪੋਰਟ...
ਗਵਰਨਰ ਭਾਜਪਾ ਲਈ ਨਸ਼ਿਆਂ ਦਾ ਮੁੱਦਾ ਕਰ ਰਹੇ ਸਰਗਰਮ:ਸੀਨੀਅਰ ਪੱਤਰਕਾਰ ਅਤੇ ਸਿਆਸੀ ਮਾਹਿਰ ਹਮੀਰ ਸਿੰਘ ਕਹਿੰਦੇ ਹਨ ਕਿ ਗਵਰਨਰ ਦੇ ਜ਼ਰੀਏ ਭਾਜਪਾ ਪੰਜਾਬ ਵਿਚ ਨਸ਼ੇ ਦਾ ਮੁੱਦਾ ਉਭਾਰਣਾ ਚਾਹੁੰਦੀ ਹੈ। ਦਰਅਸਲ ਭਾਜਪਾ ਸੂਬਾ ਕਾਰਜਕਾਰਨੀ ਦੀ ਮੀਟਿੰਗ ਵਿਚ ਇਕ ਵਿਸ਼ੇਸ਼ ਰਣਨੀਤੀ ਬਣਾਈ ਗਈ, ਜਿਸ ਵਿਚ ਇਹ ਤੈਅ ਹੋਇਆ ਕਿ ਮਾਰਚ ਮਹੀਨੇ ਵਿਚ ਭਾਜਪਾ ਵੱਲੋਂ ਨਸ਼ਿਆਂ ਖਿਲਾਫ਼ ਪੰਜਾਬ ਵਿਚ ਮਾਰਚ ਕੱਢਣ ਜਾ ਰਹੀ ਹੈ, ਜਿਸਦੀ ਅਗਵਾਈ ਅਮਿਤ ਸ਼ਾਹ ਕਰਨਗੇ। ਹੁਣ ਮੰਨਿਆ ਇਹ ਜਾ ਰਿਹਾ ਹੈ ਕਿ ਗਵਰਨਰ ਭਾਜਪਾ ਲਈ ਨਸ਼ਿਆਂ ਦਾ ਮੁੱਦਾ ਪੰਜਾਬ ਵਿਚ ਸਰਗਰਮ ਕਰ ਰਹੇ ਹਨ।ਬਤੌਰ ਕੇਂਦਰ ਸਰਕਾਰ ਦੇ ਨੁਮਾਇੰਦੇ ਬਨਵਾਰੀ ਲਾਲ ਪੁਰੋਹਿਤ ਪੰਜਾਬ ਵਿਚ ਹਵਾ ਬਣਾ ਰਹੇ ਹਨ ਅਤੇ ਵਿਵਾਦ ਦਾ ਮੁੱਦਾ ਖੜਾ ਕਰ ਰਹੇ ਹਨ।ਕਿਉਂਕਿ ਭਾਜਪਾ ਦੀ ਮੰਸ਼ਾ ਹੈ ਕਿ ਉਹ ਵੱਡੀ ਪਾਰਟੀ ਦੇ ਤੌਰ ਤੇ ਪੰਜਾਬ ਵਿਚ ਉਭਰੇ।
ਸੂਬੇ ਦਾ ਦੌਰਾ ਗਵਰਨਰ ਦਾ ਸੰਵਿਧਾਨਕ ਹੱਕ ਨਹੀਂ:ਈਟੀਵੀ ਭਾਰਤ ਨਾਲ ਗੱਲ ਕਰਦਿਆਂ ਹਮੀਰ ਸਿੰਘ ਨੇ ਕਿਹਾ ਕਿ ਇਸਦੇ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿਚ ਨਸ਼ਾ ਗੰਭੀਰ ਸਮੱਸਿਆ ਹੈ। 2014 ਦੀਆਂ ਲੋਕ ਸਭਾ ਚੋਣਾਂ, 2017 ਦੀਆਂ ਵਿਧਾਨ ਸਭਾ ਚੋਣਾਂ ਅਤੇ 2022 ਦੀਆਂ ਚੋਣਾਂ ਵੀ ਨਸ਼ੇ ਦੇ ਮੁੱਦੇ ਨੂੰ ਆਧਾਰ ਬਣਾ ਕੇ ਲੜੀਆਂ ਗਈਆਂ। ਇਸੇ ਲਈ ਹੁਣ ਭਾਜਪਾ ਵੀ ਨਸ਼ਿਆਂ ਦਾ ਰੌਲਾ ਪਾਉਣ ਦੀ ਨੀਤੀ ਤੇ ਕੰਮ ਕਰ ਰਹੀ ਹੈ। ਜਦਕਿ ਸੰਵਿਧਾਨਕ ਤੌਰ 'ਤੇ ਕਿਸੇ ਵੀ ਗਵਰਨਰ ਨੂੰ ਇਹ ਹੱਕ ਨਹੀਂ ਕਿ ਉਹ ਕਿਸੇ ਸੂਬੇ ਦਾ ਆਪ ਜਾ ਕੇ ਨਿਰੀਖਣ ਕਰੇ, ਸਿੱਧਾ ਲੋਕਾਂ ਨਾਲ ਰਾਬਤਾ ਕਰੇ ਅਤੇ ਸਿੱਧੀਆਂ ਬਿਆਨਬਾਜ਼ੀਆਂ ਕਰੇ। ਗਵਰਨਰ ਦੇ ਧਿਆਨ ਵਿਚ ਜੇਕਰ ਕੋਈ ਮਾਮਲਾ ਆਉਂਦਾ ਹੈ ਤਾਂ ਉਹਨਾਂ ਦਾ ਕੰਮ ਸਰਕਾਰ ਦੇ ਅੱਗੇ ਸਮੱਸਿਆ ਰੱਖਣਾ ਹੈ।
ਪੰਜਾਬ ਸਰਕਾਰ ਨੇ ਮੌਕਾ ਦਿੱਤਾ :ਸੀਨੀਅਰ ਪੱਤਰਕਾਰ ਹਮੀਰ ਸਿੰਘ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਨੇ ਗਵਰਨਰ ਨੂੰ ਅਜਿਹਾ ਕਰਨ ਦਾ ਮੌਕਾ ਦਿੱਤਾ ਹੈ। ਸਰਕਾਰ ਉਸ ਤਰੀਕੇ ਨਾਲ ਗਵਰਨਰ ਦਾ ਵਿਰੋਧ ਨਹੀਂ ਕਰ ਰਹੀ ਜਿਸ ਤਰੀਕੇ ਨਾਲ ਕਰਨਾ ਚਾਹੀਦਾ ਹੈ।ਇਹ ਸੂਬੇ ਦੇ ਫੈਡਰਲ ਢਾਂਚੇ ਤੇ ਹਮਲਾ ਹੈ ਜਿਸਦਾ ਸਰਕਾਰ ਅਤੇ ਪੰਜਾਬ ਨਾਲ ਸਿੱਧਾ ਸਰੋਕਾਰ ਹੈ। ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੇ ਹੀ ਗਵਰਨਰ ਨੂੰ ਸਰਕਾਰ ਨਾਲ ਸਿੱਧਾ ਟਕਰਾਅ ਪੈਦਾ ਕਰਨ ਦਾ ਮੌਕਾ ਦਿੱਤਾ, ਜਿਸਦਾ ਪੰਜਾਬ ਦੀ ਸਿਆਸੀ ਸਿਹਤ ਤੇ ਮਾੜਾ ਅਸਰ ਪੈ ਸਕਦਾ ਹੈ।ਸਰਕਾਰ ਦਾ ਬੁਨਿਆਦੀ ਮੁੱਦਿਆਂ 'ਤੇ ਧਿਆਨ ਕੇਂਦਰਿਤ ਨਾ ਹੋਣ ਕਰਕੇ ਅਜਿਹੇ ਹਾਲਾਤ ਪੈਦਾ ਹੋਏ।
ਗਵਰਨਰ ਦੇ ਬਿਆਨਾਂ ਨਾਲ ਹੋਈ ਸਿਆਸੀ ਹਲਚਲ:ਪੰਜਾਬ ਸਰਕਾਰ ਅਤੇ ਗਵਰਨਰ ਵਿਚਾਲੇ ਤਕਰਾਰ ਅੱਜ ਦੀ ਨਹੀਂ ਬਲਕਿ ਕਈ ਮਹੀਨਿਆਂ ਤੋਂ ਚੱਲਦੀ ਆ ਰਹੀ ਹੈ।ਹੁਣ ਇਹ ਨਵਾਂ ਵਿਵਾਦ ਪੰਜਾਬ ਵਿਚ ਨਸ਼ੇ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਤੇ ਸ਼ੁਰੂ ਹੋਇਆ। ਦਰਅਸਲ ਬਨਵਾਰੀ ਲਾਲ ਪੁਰੋਹਿਤ ਪੰਜਾਬ ਦੇ 6 ਸਰਹੱਦੀ ਇਲਾਕਿਆਂ ਦੇ ਦੌਰੇ 'ਤੇ ਹਨ। ਜਿਥੇ ਫਾਜ਼ਿਲਕਾ ਅਤੇ ਫਿਰੋਜ਼ਪੁਰ ਦੌਰੇ ਦੌਰਾਨ 54 ਪਿੰਡਾਂ ਦੇ ਸਰਪੰਚਾਂ ਨਾਲ ਸਿੱਧਾ ਸੰਵਾਦ ਕੀਤਾ ਅਤੇ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ'। ਗਵਰਨਰ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਪਤਾ ਵੀ ਨਹੀਂ ਕਿ ਪੰਜਾਬ ਵਿਚ ਨਸ਼ਾ ਟੂਥਪੇਸਟ ਦੀ ਤਰ੍ਹਾਂ ਵਿੱਕ ਰਿਹਾ ਹੈ। ਅਜਿਹਾ ਵੀ ਪਹਿਲੀ ਵਾਰ ਹੋਇਆ ਜਦੋਂ ਬਨਵਾਰੀ ਲਾਲ ਪੁਰੋਹਿਤ ਖਾਲਿਸਤਾਨ ਅਤੇ ਦੇਸ਼ ਵਿਰੋਧੀ ਤਾਕਤਾਂ ਦਾ ਜ਼ਿਕਰ ਕੀਤਾ ਹੋਵੇ।ਉਹਨਾਂ ਫਿਰੋਜ਼ਪੁਰ ਵਿਚ ਇਕ ਵੱਡਾ ਬਿਆਨ ਦਿੰਦਿਆਂ ਆਖਿਆ ਕਿ ਪੰਜਾਬ ਵਿਚ ਗੁਆਂਢੀ ਦੇਸ਼ ਨਸ਼ਾ, ਹਥਿਆਰ ਅਤੇ ਅੱਤਵਾਦ ਰਾਹੀਂ ਪੰਜਾਬ ਵਿਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਗਵਰਨਰ ਦੇ ਇਹਨਾਂ ਭਾਸ਼ਣਾਂ 'ਚ ਸਿੱਧਾ ਪੰਜਾਬ ਸਰਕਾਰ 'ਤੇ ਨਿਸ਼ਾਨ ਪੰਜਾਬ ਵਿਚ ਸਿਆਸੀ ਹਵਾ ਦਾ ਵੇਗ ਤੇਜ਼ ਕਰ ਗਿਆ। ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਬਨਵਾਰੀ ਲਾਲ ਪੁੁਰੋਹਿਤ ਨੇ ਜਿਸ ਤਰ੍ਹਾਂ ਦੀਆਂ ਟਿਕਾ ਟਿੱਪਣੀਆਂ ਕੀਤੀਆਂ ਉਸਤੇ ਪੰਜਾਬ ਸਰਕਾਰ ਵਿਚ ਹਲਚਲ ਹੋਣੀ ਲਾਜ਼ਮੀ ਸੀ।