ਚੰਡੀਗੜ੍ਹ: ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸਠਿਆਲਾ ਵਿੱਚ ਗੈਂਗਸਟਰ ਜਰਨੈਲ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਬੰਬੀਹਾ ਗੈਂਗ ਦੇ 10 ਸ਼ੂਟਰਾਂ ਦੀ ਪਛਾਣ ਕਰਦਿਆਂ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ 10 ਚੁਣੇ ਹੋਏ ਸ਼ੂਟਰਾਂ ਦੀ ਤਸਵੀਰ ਵਾਇਰਲ ਕੀਤੀ ਹੈ। ਡੀਜੀਪੀ ਯਾਦਵ ਨੇ ਦੱਸਿਆ ਕਿ ਪੁਲਿਸ ਇਨ੍ਹਾਂ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।
ਸ਼ੂਟਰਾਂ ਦੀ ਪਹਿਚਾਣ:ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਸਾਂਝੀਆ ਕੀਤੀਆਂ ਤਸਵੀਰਾਂ ਵਿੱਚ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਮੁਨ, ਬਲਵਿੰਦਰ ਸਿੰਘ ਦੋਨੀ, ਗਗਨਦੀਪ ਸਿੰਘ ਦਾਦੀ, ਜੋਬਨਜੀਤ ਸਿੰਘ ਬਿੱਲਾ, ਗੁਰਵੀਰ ਸਿੰਘ, ਜੋਬਨ, ਗੁਰਮੇਜ ਸਿੰਘ, ਮਨਜੀਤ ਮਾਹਲ ਵਜੋਂ ਹੋਈ ਹੈ। ਇਨ੍ਹਾਂ ਤੋਂ ਇਲਾਵਾ ਦੋ ਅਣਪਛਾਤੇ ਵੀ ਹਨ। ਡੀਜੀਪੀ ਯਾਦਵ ਨੇ ਕਿਹਾ ਕਿ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਮਾਮਲੇ ਦੇ ਪਿੱਛੇ ਦੀ ਕਹਾਣੀ ਨੂੰ ਸੁਲਝਾ ਲਿਆ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਹੈ ਕਿ ਇਹ ਸਾਰੇ ਮੁਲਜ਼ਮ ਜਲਦ ਗ੍ਰਿਫ਼ਤਾਰ ਕਰ ਲਏ ਜਾਣਗੇ।
ਸੋਸ਼ਲ ਮੀਡੀਆ ਉੱਤੇ ਲਈ ਜ਼ਿੰਮੇਵਾਰੀ:ਇਸ ਤੋਂ ਇਲਾਵਾ ਅੱਜ-ਕੱਲ੍ਹ ਗੈਂਗਸਟਰਾਂ ਵੱਲੋਂ ਕਤਲ ਕਰਕੇ ਜ਼ਿੰਮੇਵਾਰੀ ਸੋਸ਼ਲ ਮੀਡੀਆ ਉੱਤੇ ਪੋਸਟ ਸ਼ੇਅਰ ਕਰਕੇ ਲੈਣ ਦਾ ਟ੍ਰੇਂਡ ਚੱਲ ਰਿਹਾ ਹੈ ਅਤੇ ਇਸ ਕਤਲ ਤੋਂ ਬਾਅਦ ਵੀ ਬੰਬੀਹਾ ਗਰੁੱਪ ਦੇ ਕਥਿਤ ਸ਼ਖ਼ਸ ਨੇ ਫੇਸਬੁੱਕ ਉੱਤੇ ਪੋਸਟ ਪਾਕੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਉਸ ਨੇ ਪੋਸਟ ਵਿੱਚ ਇਹ ਵੀ ਦੱਸਿਆ ਸੀ ਕਿ ਕਤਲ ਕਿਉਂ ਕੀਤਾ । ਇਸ ਤੋਂ ਇਲਾਵਾ ਪੋਸਟ ਵਿੱਚ ਮੀਡੀਆ ਵੱਲੋਂ ਚਲਾਈਆਂ ਜਾ ਰਹੀਆਂ ਖ਼ਬਰਾਂ ਨੂੰ ਵੀ ਗਲਤ ਦੱਸਿਆ ਗਿਆ ਸੀ।
ਕਤਲ ਦੀ ਸੀਸੀਟੀਵੀ ਵੀਡੀਓ: ਦੱਸ ਦਈਏ ਗੈਂਗਸਟਰ ਜਰਨੈਲ ਸਿੰਘ ਦਾ ਬੀਤੇ ਦਿਨੀ ਅੰਮ੍ਰਿਤਸਰ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪਿੰਡ ਸਠਿਆਲਾ ਵਿੱਚ ਸਵਿਫਟ ਕਾਰ ਅੰਦਰ ਸਵਾਰ ਹੋਕੇ ਆਏ 4 ਨਕਾਬਪੋਸ਼ ਸ਼ੂਟਰਾਂ ਨੇ ਗੈਂਗਸਟਰ ਜਰਨੈਲ ਨੂੰ ਕਈ ਗੋਲੀਆਂ ਮਾਰੀਆਂ ਸਨ । ਇਸ ਹਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ। ਵੀਡੀਓ ਵਿੱਚ ਸਾਫ ਵਿਖਾਈ ਦੇ ਰਿਹਾ ਹੈ ਕਿ ਜਿਵੇਂ ਹੀ ਸ਼ੂਟਰ ਦੁਕਾਨ ਦੇ ਬਾਹਰ ਪਹੁੰਚੇ ਤਾਂ ਗੈਂਗਸਟਰ ਜਰਨੈਲ ਸਿੰਘ ਨੇ ਉਨ੍ਹਾਂ ਨੂੰ ਦੇਖ ਕੇ ਅੰਦਰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਸ਼ੂਟਰਾਂ ਨੇ ਉਸ ਉੱਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਇਸ ਦੌਰਾਨ ਜਰਨੈਲ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ।