ਚੰਡੀਗੜ੍ਹ: ਮੋਹਾਲੀ ਜ਼ਿਲ੍ਹੇ ਦੇ ਪਿੰਡ ਸਵਾਰਾਂ ਵਿਖੇ ਇੱਕ ਨਕਲੀ ਕ੍ਰਿਕੇਟ ਮੈਚ ਫਰਾਡ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ 2 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਦਰਅਸਲ ਇਹ ਮੈਚ ਸ਼੍ਰੀਲੰਕਾ ਟੀਮ ਦੀ ਵਰਦੀ ਵਿੱਚ ਕਰਵਾਇਆ ਜਾ ਰਿਹਾ ਸੀ ਤੇ ਦੋਸ਼ੀਆਂ ਵੱਲੋਂ ਵੱਡੇ ਪੱਧਰ 'ਤੇ ਸੱਟੇਬਾਜ਼ੀ ਦਾ ਧੰਦਾ ਕੀਤਾ ਜਾ ਰਿਹਾ ਸੀ। ਜਦ ਇਸ ਦੀ ਭਣਕ ਪੁਲਿਸ ਨੂੰ ਪਈ ਤਾਂ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਨਕਲੀ ਕ੍ਰਿਕੇਟ ਮੈਚ ਕਰਵਾ ਕੇ ਕਰਦੇ ਸੀ ਸੱਟੇਬਾਜ਼ੀ, ਪੁਲਿਸ ਨੇ ਦੋਸ਼ੀ ਕੀਤੇ ਕਾਬੂ - fake cricket match in chandigarh
ਮੋਹਾਲੀ ਦੇ ਪਿੰਡ ਸਵਾਰਾਂ ਤੋਂ ਇੱਕ ਨਕਲੀ ਕ੍ਰਿਕੇਟ ਮੈਚ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੱਸ ਦੇਈਏ ਕਿ ਕਿ ਆਰੋਪੀਆਂ ਵੱਲੋਂ ਇਹ ਮੈਚ ਮੋਹਾਲੀ ਦੇ ਪਿੰਡ ਸਵਾਰਾਂ 'ਚ ਕਰਵਾਇਆ ਜਾ ਰਿਹਾ ਸੀ। ਇਸ ਦੇ ਨਾਲ ਹੀ ਇਹ ਮੈਚ 29 ਜੂਨ ਨੂੰ ਖੇਡਿਆ ਗਿਆ ਸੀ। ਇਸ ਮੈਚ ਨੂੰ ਯੁਥ-ਟੀ20 ਲੀਗ ਸ਼੍ਰੀਲੰਕਾ ਦੇ ਬਦੁਲਾ ਸ਼ਹਿਰ ਨੂੰ ਦਿਖਾ ਕੇ ਪ੍ਰਸਾਰਿਤ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਮੈਚ ਖੇਡਣ ਵਾਲੇ ਸਾਰੇ ਖਿਡਾਰੀਆਂ ਦੇ ਮਾਸਕ ਪਾਏ ਹੋਏ ਸਨ, ਜਿਸ ਕਰਕੇ ਕਿਸੇ ਦੀ ਪਹਿਚਾਣ ਕਰਨਾ ਮੁਸ਼ਕਲ ਸੀ। ਇਸ ਮੌਕੇ ਡੀਐਸਪੀ ਪਾਲ ਸਿੰਘ ਨੇ ਦੱਸਿਆ ਕਿ ਮੋਹਾਲੀ ਦੇ ਪਿੰਡ ਸਵਾਰਾਂ ਵਿੱਚ ਮੈਚ ਲਈ ਪਿਚ ਤਿਆਰ ਕੀਤੀ ਗਈ ਸੀ, ਜਿੱਥੇ ਭਾਰਤ ਤੇ ਸ਼੍ਰੀਲੰਕਾ ਦਾ ਮੈਚ ਦਿਖਾਇਆ ਗਿਆ। ਇਸ ਦੇ ਨਾਲ ਹੀ ਦਿਖਾਵਾ ਕੀਤਾ ਗਿਆ ਕਿ ਮੈਚ ਭਾਰਤ ਨਹੀਂ ਬਲਕਿ ਸ਼੍ਰੀਲੰਕਾ 'ਚ ਹੋ ਰਿਹਾ ਹੈ ਤੇ ਇਸ ਉੱਤੇ ਸੱਟੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਦੀ ਸ਼ਿਕਾਇਤ ਉਨ੍ਹਾਂ ਨੂੰ ਆਨਲਾਈਨ ਮਿਲੀ ਤੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ।