ਮੁਹਾਲੀ: ਫਿਲਮ ਇੰਡਸਟਰੀ ਵਿੱਚ ਕੁੜੀਆਂ ਨੂੰ ਕੰਮ ਦਿਵਾਉਣ ਦਾ ਝਾਸਾਂ ਦੇ ਕੇ ਬਲੈਕਮੇਲ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਇਹ ਵਿਅਕਤੀ ਵ੍ਹਾਈਟਹਿੱਲ ਕੰਪਨੀ ਦੇ ਨਾਂਅ 'ਤੇ ਝਾਸਾਂ ਦੇ ਕੇ ਕੁੜੀਆਂ ਨੂੰ ਬਲੈਕਮੈਲ ਕਰਦਾ ਸੀ।
ਜਾਣਕਾਰੀ ਮੁਤਾਬਕ ਮੁਹਾਲੀ ਪੁਲਿਸ ਕੋਲ ਪੰਜਾਬੀ ਫਿਲਮ ਪ੍ਰੋਡਿਉਸਰ ਗੁਨਬੀਰ ਸਿੰਘ ਸਿੱਧੂ ਵ੍ਹਾਈਟਹਿੱਲ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਦਿੱਲੀ ਦਾ ਵਸਨੀਕ ਉਬੇਦ ਅਫਰੀਕੀ ਜੋ ਕਿ ਆਪਣੇ ਵੱਖ-ਵੱਖ ਮੋਬਾਈਲ ਨੰਬਰਾਂ ਤੋਂ ਕੁੜੀਆਂ ਨੂੰ ਮੈਸੇਜ ਭੇਜਦਾ ਹੈ ਤੇ ਉਨ੍ਹਾਂ ਦੇ ਨਾਂ (ਗੁਨਬੀਰ ਸਿੰਘ ਸਿੱਧੂ ਵ੍ਹਾਈਟਹਿੱਲ) 'ਤੇ ਕੁੜੀਆਂ ਨੂੰ ਝਾਂਸਾ ਦਿੰਦਾ ਹੈ ਕਿ ਉਨ੍ਹਾਂ ਨੂੰ ਫਿਲਮਾਂ ਵਿੱਚ ਕੰਮ ਦਿੱਤਾ ਜਾਏਗਾ ਤੇ ਇਸ ਦੀ ਟ੍ਰੇਨਿੰਗ ਵੀ ਦਿੱਤੀ ਜਾਏਗੀ। ਬਾਅਦ ਵਿੱਚ ਕੁੜੀਆਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ।