ਚੰਡੀਗੜ੍ਹ: ਅੱਜ ਬੁੱਧਵਾਰ ਨੂੰ ਵਿਖੇ ਮਿਊਂਸੀਪਲ ਭਵਨ ਵਿੱਚ ਸਕੂਲ ਵਿਭਾਗ ਦੇ ਨਵੇਂ ਨਿਯੁਕਤ ਕਲਰਕਾਂ ਨੂੰ ਨਿਯੁਕਤੀ ਪੱਤਰ ਵੰਡੇ ਸਮਾਰੋਹ ਹੋਇਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ, ਨਵੇਂ ਕਲਰਕਾਂ ਨੂੰ ਨਿਯੁਕਤੀ ਪੱਤਰ ਵੰਡੇ, ਉੱਥੇ ਹੀ, ਨੌਜਵਾਨਾਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਿਤਾਬਾਂ ਪੜ੍ਹੋ , ਅਸੀਂ ਲਾਈਬ੍ਰੇਰੀਆਂ ਵੀ ਖੋਲ੍ਹ ਰਹੇ ਹਾਂ। ਸਾਡੇ ਕੋਲ ਕਈ ਸ਼ਾਇਰ ਨੇ, ਪਰ ਪਾਠਕ ਬਹੁਤ ਘੱਟ ਰਹੇ ਹਨ। ਡਿਜੀਟਲ ਲਾਈਬ੍ਰੇਰੀਆਂ ਵੀ ਖੋਲ੍ਹ ਰਹੇ ਹਾਂ, ਤਾਂ ਕਿ ਨਵੀਂ ਪੀੜ੍ਹੀ ਜਾਣਕਾਰੀ ਲੈ ਸਕੇ। ਜਾਣਕਾਰੀ ਬਹੁਤ ਜ਼ਰੂਰੀ ਹੈ।
ਭਗਤ ਸਿੰਘ ਬਹੁਤ ਪੜ੍ਹਦੇ ਸੀ:ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਕਵਿਤਾਵਾਂ ਦਾ ਵੀ ਜ਼ਿਕਰ ਕੀਤਾ। ਬਾਬਾ ਸਾਹੇਬ ਡਾ. ਭੀਮ ਰਾਓ ਅੰਬੇਡਕਰ ਦੀ ਵੀ ਉਦਾਹਰਣ ਦਿੱਤੀ। ਉਨ੍ਹਾਂ ਕਿਹਾ ਕਿ ਉਹ ਕਿੰਨਾ ਪੜ੍ਹੇ ਲਿਖੇ ਸਨ। ਇਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਲੋਕ ਉਨ੍ਹਾਂ ਦੀ ਪਿਸਤੌਲ ਵਾਲੀ ਫੋਟੋ ਹੀ ਵੇਖਦੇ ਹਨ, ਪਰ ਕਦੇ ਕਿਤਾਬ ਵਾਲੀ ਫੋਟੋ ਨਹੀਂ ਵੇਖਦੇ। ਉਨ੍ਹਾਂ ਕਿਹਾ ਕਿ ਭਗਤ ਸਿੰਘ ਬਹੁਤ ਪੜ੍ਹਦੇ ਸਨ। ਉਨ੍ਹਾਂ ਬਹੁਤ ਜਾਣਕਾਰੀ ਸੀ। ਭਗਤ ਸਿੰਘ ਖ਼ੁਦ ਵੀ ਲਿੱਖਦੇ ਸਨ।
ਸਭ ਤੋਂ ਖ਼ਤਰਨਾਕ ਹੁੰਦਾ, ਸੁਪਨਿਆਂ ਦਾ ਮਰ ਜਾਣਾ:ਸੀਐਮ ਮਾਨ ਨੇ ਕਿਹਾ ਕਿ ਕਲਰਕ ਦੀ ਨੌਕਰੀ ਪਾ ਕੇ ਇਸ ਨੂੰ ਹੀ ਮੰਜਿਲ ਨਾ ਮੰਨੋ। ਅੱਗੇ ਯੂਪੀਐਸਸੀ, ਪੀਸੀਐਸ ਤੇ ਹੋਰ ਤਰੱਕੀਆਂ ਲਈ ਪੜਾਈ ਕਰੋ। ਇਹ ਨਾ ਕਰਿਓ ਕਿ ਘਰੋ ਕੰਮ ਉੱਤੇ ਅਤੇ ਕੰਮ ਤੋਂ ਘਰ। ਉਨ੍ਹਾਂ ਨੇ ਲੇਖਕ ਪਾਸ਼ ਦੀ ਕਵਿਤਾ ਦੀਆਂ ਸਤਰਾਂ ਦਾ ਜ਼ਿਕਰ ਕਰਦਿਆ ਕਿਹਾ ਕਿ, "ਸਭ ਤੋਂ ਖ਼ਤਰਨਾਕ ਹੁੰਦਾ, ਸੁਪਨਿਆਂ ਦਾ ਮਰ ਜਾਣਾ, ਘਰੋਂ ਕੰਮ 'ਤੇ ਤੇ ਕੰਮ ਤੋਂ ਘਰ ਜਾਣਾ।" ਕਿਹਾ ਕਿ ਤਰੱਕੀਆਂ ਵਾਸਤੇ ਕਦੇ ਰਾਹ ਬੰਦ ਨਹੀਂ ਕਰਨੇ। ਉਨ੍ਹਾਂ ਕਿਹਾ ਕਿ ਕਿਸੇ ਬਿਲਡਿੰਗ ਉੱਤੇ ਚੜ੍ਹ ਕੇ ਉਸ ਨੂੰ ਛੱਤ ਨਾ ਕਹੋ, ਕਿਉਂਕਿ ਉਸ ਉੱਤੇ ਹੋਰ ਵੀ 4 ਮੰਜਿਲਾਂ ਪੈ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਲੋਕਾਂ ਦੇ ਮਿਹਣੇ ਤਾਂ ਵੱਜਦੇ ਰਹਿਣਗੇ, ਮਜ਼ਾਰ ਝਲਣੇ ਪੈਂਦੇ, ਪਰ ਉਨ੍ਹਾਂ ਦੀ ਪਰਵਾਹ ਨਹੀਂ ਕਰਨੀ, ਬਸ ਮੰਜਿਲ ਵਲ ਧਿਆਨ ਦੇਣਾ ਹੈ। ਜੋ ਪਹਿਲਾਂ ਇਹ ਕਹਿੰਦੇ ਨੇ ਕਿ ਤੇਰੇ ਤੋਂ ਕਿੱਥੇ ਹੋਣਾ, ਬਾਅਦ ਵਿੱਚ ਉਹੀ ਲੋਕ ਲਾਈਨ ਵਿੱਚ ਵਧਾਈ ਦੇਣ ਲਈ ਅੱਗੇ ਖੜ੍ਹੇ ਹੁੰਦੇ ਹਨ।