ਨਵੀਂ ਦਿੱਲੀ: ਕੈਨੇਡਾ ਦੀਆਂ ਸੰਸਦੀ ਚੋਣਾਂ ਵਿੱਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਭਾਵੇਂ ਸਪੱਸ਼ਟ ਬਹੁਮਤ ਨਹੀ ਮਿਲਿਆ ਪਰ ਸਭ ਤੋਂ ਵੱਡੀ ਪਾਰਟੀ ਵਜੋਂ ਉਭਰਨ ਵਿੱਚ ਸਫਲ ਰਹੀ ਹੈ। ਉੱਥੇ ਹੀ ਦੂਜੇ ਪਾਸੇ ਜਸਟਿਨ ਟਰੂਡੋ ਨੇ ਆਮ ਚੋਣਾਂ ਵਿੱਚ ਆਪਣੀ ਲਿਬਰਲ ਪਾਰਟੀ ਵੱਲੋਂ ਸੀਟਾਂ ਗੁਆਉਣ ਤੋਂ ਬਾਅਦ ਗੱਠਜੋੜ ਦੀ ਸਰਕਾਰ ਬਣਾਉਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਹੈ।
ਸਪੱਸ਼ਟ ਬਹੁਮਤ ਨਾ ਮਿਲਣ ਨੂੰ ਲੈ ਕੇ ਟਰੂਡੋ ਨੇ ਕਿਹਾ ਕਿ ਉਹ ਸੰਸਦ ਵਿੱਚ ਸਮਰਥਨ ਲਈ ਹੋਰ ਪਾਰਟੀ ਦੇ ਨੇਤਾਵਾਂ ਨਾਲ ਗੱਲਬਾਤ ਕਰਨਗੇ। ਟਰੂਡੋ ਦੀ ਲਿਬਰਲ ਪਾਰਟੀ ਨੂੰ 157 ਸੀਟਾਂ ਮਿਲੀਆਂ ਹਨ ਜੋ ਕਿ ਬਹੁਮਤ ਤੋਂ 13 ਸੀਟਾਂ ਦੂਰ ਹਨ। ਉੱਥੇ ਹੀ ਜਗਮੀਤ ਸਿੰਘ ਦੀ ਐਨਡੀਪੀ ਪਾਰਟੀ ਨੂੰ 24 ਸੀਟਾਂ ਹਾਸਲ ਹੋਈਆਂ ਹਨ।
ਜਸਟਿਨ ਟਰੂਡੋ ਨੇ ਨਤੀਜਿਆਂ ਤੋਂ ਬਾਅਦ ਪਹਿਲੀ ਕਾਨਫ਼ਰੰਸ ਕਰਦੇ ਹੋਏ ਆਖਿਆ ਸੀ ਕਿ 20 ਨਵੰਬਰ ਨੂੰ ਸਹੁੰ ਚੁੱਕ ਪ੍ਰੋਗਰਾਮ ਵਿੱਚ ਉਨ੍ਹਾਂ ਦੀ ਘੱਟ ਗਿਣਤੀ ਸਰਕਾਰ ਦੀ ਨਵੀਂ ਕੈਬਿਨਟ ਵਿੱਚ ਜੈਂਡਰ ਬੈਲੇਂਸ ( ਬਰਾਬਰ ਔਰਤਾ ਅਤੇ ਮਰਦ) ਹੋਵੇਗਾ। ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦਾ ਪਾਰਟੀ ਬਲੋਕ ਕਿਊਬਸ ਅਤੇ ਦੂਜੀਆਂ ਪਾਰਟੀਆਂ ਨਾਲ ਮਿਲ ਕੇ ਕੰਮ ਕਰੇਗੀ ਪਰ ਉਨ੍ਹਾਂ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਉਨ੍ਹਾਂ ਦੀ ਪਾਰਟੀ ਐੱਨ.ਡੀ.ਪੀ. ਦਾ ਸਮਰਥਨ ਲਵੇਗੀ ਜਾਂ ਨਹੀ ਕਿਉਂਕੀ ਖਬਰਾਂ ਵਿੱਚ ਸਾਹਮਣੇ ਆ ਰਿਹਾ ਸੀ ਕਿ ਟਰੂਡੋ ਜਗਮੀਤ ਦੀ ਪਾਰਟੀ ਐਨ.ਡੀ.ਪੀ ਦਾ ਸਮਰਥਨ ਲੈਣਗੇ।