ਚੰਡੀਗੜ੍ਹ:ਦੇਸ਼ ਭਰ 'ਚ ਦਿਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਪੰਜਾਬ 'ਚ ਦਿਵਾਲੀ ਦੇ ਨਾਲ-ਨਾਲ ਬੰਦੀ ਛੋੜ ਦਿਵਸ ਕਾਸ ਮਹੱਤਤਾ ਰੱਖਦਾ ਹੈ। ਇਸ ਨੂੰ ਲੈਕੇ ਸਿਆਸੀ ਆਗੂਆਂ ਵਲੋਂ ਦੇਸ਼ ਦੇ ਲੋਕਾਂ ਨੂੰ ਵਧਾਈ ਦਿੱਤੀ ਜਾ ਰਹੀ ਹੈ। ਜਿਸ 'ਚ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੋਂ ਇਲਾਵਾ ਹੋਰ ਕਈ ਆਗੂਆਂ ਵਲੋਂ ਲੋਕਾਂ ਨੂੰ ਮੁਬਾਰਕਬਾਦ ਦਿੱਤੀ ਜਾ ਰਹੀ ਹੈ।
ਇਸ ਮੌਕੇ ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲੋਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲੋਕਾਂ ਨੂੰ ਦਿਵਾਲੀ ਦਾ ਵਧਾਈ ਸੰਦੇਸ਼ ਦਿੰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਦਿਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਾਮਨਾ ਕੀਤੀ ਕਿ ਇਹ ਤਿਉਹਾਰ ਹਰ ਕਿਸੇ ਦੇ ਜੀਵਨ ਵਿੱਚ ਖੁਸ਼ਹਾਲੀ ਅਤੇ ਚੰਗੀ ਸਿਹਤ ਲੈ ਕੇ ਆਵੇ। ਜਿਸ ਸਬੰਧੀ ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਸਾਂਝੀ ਕੀਤੀ ਹੈ।
ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਕਸ 'ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਰੌਸ਼ਨੀਆਂ ਦੇ ਮਹਾਨ ਤਿਉਹਾਰ ਦਿਵਾਲੀ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਰੌਸ਼ਨੀਆਂ ਦਾ ਇਹ ਤਿਉਹਾਰ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਨਵੀਂ ਰੌਸ਼ਨੀ, ਖੁਸ਼ੀਆਂ ਅਤੇ ਚੰਗੀ ਸਿਹਤ ਲੈ ਕੇ ਆਵੇ।
ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਕਿ , ਰੌਸ਼ਨੀਆਂ ਦੇ ਤਿਓਹਾਰ ਦਿਵਾਲੀ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ…ਪਰਮਾਤਮਾ ਕਰੇ ਇਹ ਦੀਵਾਲੀ ਸਭ ਲਈ ਤੰਦਰੁਸਤੀਆਂ ਤਰੱਕੀਆਂ ਲੈ ਕੇ ਆਵੇ…ਖ਼ੁਸ਼ੀਆਂ ਖੇੜੇ ਬਣੇ ਰਹਿਣ।
ਇਸ ਦੇ ਨਾਲ ਹੀ ਮੁੱਖ ਮੰਤਰੀ ਮਾਨ ਨੇ ਬੰਦੀ ਛੋੜ ਦਿਵਸ ਨੂੰ ਲੈਕੇ ਟਵੀਟ ਕਰਦਿਆਂ ਲਿਖਿਆ ਕਿ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਸੱਚ ਦੀ ਆਵਾਜ਼ ਬਣੇ…ਜ਼ੁਲਮ ਦੇ ਸਤਾਏ ਰਾਜਿਆਂ ਦੀ ਮਦਦ ਲਈ ਅੱਗੇ ਆਏ…ਮਹਾਨ ਦਿਨ ਨੂੰ ਸਿੱਖ ਇਤਿਹਾਸ ਨੇ ਬੰਦੀ ਛੋੜ ਦਾ ਨਾਮ ਦੇ ਦਿੱਤਾ…ਸਮੂਹ ਸਿੱਖ ਕੌਮ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ।
ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰਦਿਆਂ ਲਿਖਿਆ ਕਿ ਇਹ ਦਿਵਾਲੀ ਤੁਹਾਡੀ ਜ਼ਿੰਦਗੀ ਨੂੰ ਭਵਿੱਖ ਦੀਆਂ ਨਵੀਆਂ ਉਮੀਦਾਂ ਅਤੇ ਕੱਲ੍ਹ ਲਈ ਨਵੇਂ ਸੁਪਨਿਆਂ ਨਾਲ ਭਰ ਦੇਵੇ। ਸਾਰਿਆਂ ਨੂੰ ਆਸ਼ੀਰਵਾਦ, ਤੰਦਰੁਸਤ ਅਤੇ ਸ਼ੁਭਕਾਮਨਾਵਾਂ।
ਜਦਕਿ ਬੰਦੀ ਛੋੜ ਦਿਵਸ ਨੂੰ ਲੈਕੇ ਸੁਖਬੀਰ ਬਾਦਲ ਨੇ ਲਿਖਿਆ ਕਿ ਛੇਵੇਂ ਪਾਤਸ਼ਾਹ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਯਾਦਗਾਰੀ ਦਿਹਾੜੇ 'ਬੰਦੀ ਛੋੜ ਦਿਵਸ' ਦੀ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ। ਗੁਰੂ ਸਾਹਿਬ ਸਭ 'ਤੇ ਮੇਹਰ ਭਰਿਆ ਹੱਥ ਰੱਖਣ ਤੇ ਜ਼ੁਲਮ ਖ਼ਿਲਾਫ ਲੜਨ ਦਾ ਬਲ ਬਖਸ਼ਣ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿਵਾਲੀ ਅਤੇ ਬੰਦੀ ਛੋੜ ਦਿਵਸ 'ਤੇ ਵਧਾਈ ਦਿੰਦਿਆਂ ਲਿਖਿਆ ਕਿ ਆਪ ਸਭ ਨੂੰ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਬਹੁਤ ਬਹੁਤ ਸ਼ੁੱਭਕਾਮਨਾਵਾਂ। ਪਰਮਾਤਮਾ ਆਪ ਸਭ ਨੂੰ ਤੰਦਰੁਸਤੀਆਂ ਤੇ ਚੜਦੀਕਲ੍ਹਾ ਬਖਸ਼ਿਸ਼ ਕਰਨ। ਹਰ ਮਿੱਥਿਆ ਟੀਚਾ ਸਰ ਹੋਵੇ ਤੇ ਬਾਬਾ ਜੀ ਆਪਣੀ ਮਿਹਰ ਸਭ ‘ਤੇ ਬਣਾਈ ਰੱਖਣ।
ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਲਿਖਿਆ ਕਿ ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ...ਰੌਸ਼ਨੀਆਂ ਦਾ ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਬਹੁਤ ਸਾਰੀਆਂ ਖੁਸ਼ੀਆਂ, ਸਫ਼ਲਤਾਵਾਂ ਅਤੇ ਤਰੱਕੀਆਂ ਲੈ ਕੇ ਆਵੇ।
ਇਸ ਦੇ ਨਾਲ ਹੀ ਉਨ੍ਹਾਂ ਬੰਦੀ ਛੋੜ ਦਿਵਸ ਨੂੰ ਲੈਕੇ ਟਵੀਟ ਕਰਦਿਆਂ ਲਿਖਿਆ ਕਿ ਸਤਿਗੁਰੁ ਬੰਦੀ ਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ।। ਸਮੂਹ ਸਿੱਖ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ। ਸਿੱਖ ਧਰਮ ਵਿੱਚ ਇਸ ਪਾਵਨ ਤਿਉਹਾਰ ਦਾ ਵਿਲੱਖਣ ਇਤਿਹਾਸ ਹੈ। ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅੱਜ ਦੇ ਦਿਨ ਹੀ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਸਨ। ਆਓ ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ 'ਸਰਬੱਤ ਦੇ ਭਲੇ' ਅਤੇ ਸਮੂਹ ਸੰਗਤ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਲਈ ਅਰਦਾਸ ਕਰੀਏ ।