ਚੰਡੀਗੜ੍ਹ: ਪੀਜੀਆਈ ਹਸਪਤਾਲ ਦੇ ਬਾਹਰ ਲੰਗਰ ਲਗਾਉਣ ਵਾਲੇ ਜਗਦੀਸ਼ ਲਾਲ ਆਹੂਜਾ ਜਿਨ੍ਹਾਂ ਨੂੰ ਲੰਗਰ ਵਾਲੇ ਬਾਬਾਜੀ ਵਜੋਂ ਵੀ ਜਾਣਿਆ ਜਾਂਦਾ ਹੈ। ਸਮਾਜ ਸੇਵਾ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਮੁਲਕ ਦੇ ਚੌਥੇ ਸਭ ਤੋਂ ਉੱਚੇ ਨਾਗਰਿਕ ਪੁਰਸਕਾਰ ਪਦਮਸ਼੍ਰੀ ਲਈ ਚੁਣਿਆ ਗਿਆ ਹੈ। ਪਦਮਸ਼੍ਰੀ ਲਈ ਚੁਣੇ ਜਾਣ ਤੋਂ ਬਾਅਦ ਜਗਦੀਸ਼ ਲਾਲ ਅਹੂਜਾ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ।
ਗੱਲਬਾਤ ਦੌਰਾਨ 84 ਸਾਲਾ ਜਗਦੀਸ਼ ਲਾਲ ਅਹੂਜਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਬੇਟਾ ਅੱਠ ਸਾਲ ਦਾ ਸੀ ਤਾਂ ਲੰਗਰ ਦਾ ਸਿਲਸਿਲਾ ਵੀ ਉਸ ਦੇ ਜਨਮ ਦਿਨ ਤੋਂ ਸ਼ੁਰੂ ਕੀਤਾ ਗਿਆ। 37 ਸਾਲ ਦੌਰਾਨ ਉਨ੍ਹਾਂ ਨੇ ਕਦੇ ਵੀ ਕੋਈ ਛੁੱਟੀ ਨਹੀਂ ਮਾਰੀ। ਉਨ੍ਹਾਂ ਨੇ ਕਿਹਾ ਕਿ ਤਿਉਹਾਰ ਹਨੇਰੀ, ਤੂਫ਼ਾਨ ਮੀਂਹ ਦੇ ਵਿੱਚ ਵੀ ਹਰ ਦਿਨ ਉਨ੍ਹਾਂ ਦਾ ਲੰਗਰ ਪੀਜੀਆਈ ਦੇ ਬਾਹਰ ਲਗਦਾ ਹੈ। ਇਸ ਤੋਂ ਪਹਿਲਾਂ ਸੈਕਟਰ 26 ਦੀ ਮੰਡੀ ਦੇ ਵਿੱਚ ਲੰਗਰ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਮੰਡੀ ਤੋਂ ਬਾਅਦ ਚੰਡੀਗੜ੍ਹ ਦੀ ਕਾਲੋਨੀਆਂ ਦੇ ਵਿੱਚ ਲੰਗਰ ਲਗਾਇਆ ਜਾਂਦਾ ਸੀ। ਇੰਨਾ ਹੀ ਨਹੀਂ ਅਹੂਜਾ ਹਰ ਰੋਜ਼ 500 ਤੋਂ 600 ਲੋਕਾਂ ਦੇ ਲਈ ਲੰਗਰ ਤਿਆਰ ਕਰਦੇ ਹਨ ਤੇ ਲੰਗਰ ਦੇ ਵਿੱਚ ਆਉਣ ਵਾਲੇ ਬੱਚਿਆਂ ਨੂੰ ਬਿਸਕੁਟ ਤੇ ਖਿਡੌਣੇ ਵੀ ਵੰਡੇ ਜਾਂਦੇ ਹਨ।