ਆਜ਼ਾਦੀ ਦਿਹਾੜੇ 'ਤੇ ਭਾਵੁਕ ਹੁੰਦੇ ਸਨੇਹ ਲਤਾ ਆਖਿਆ 'ਵੰਡ ਨੇ ਸਭ ਕੁੱਝ ਵੰਡ ਦਿੱਤਾ, ਪਰ ਮੋਹ ਦੀਆਂ ਤੰਦਾਂ ਨਹੀਂ ਟੁੱਟੀਆਂ'.... ਚੰਡੀਗੜ੍ਹ: ਅਸੀਂ ਆਜ਼ਾਦ ਭਾਰਤ ਦੇ ਵਾਸੀ ਹੋਣ ਦਾ ਬਹੁਤ ਮਾਣ ਮਹਿਸੂਸ ਕਰਦੇ ਹਾਂ ਅਤੇ ਬਹੁਤ ਹੀ ਖੁਸ਼ੀ ਨਾਲ ਆਜ਼ਾਦੀ ਦਿਹਾੜਾ ਵੀ ਮਨਾਉਂਦੇ ਹਾਂ ਪਰ ਇਸ ਆਜ਼ਾਦੀ ਪਿੱਛੇ ਕਿੰਨ੍ਹਾਂ ਜਿਆਦਾ ਦਰਦ ਹੈ, ਕਿੰਨਾਂ ਕਾਤਲੋ ਗਾਰਤ ਹੋਇਆ, ਕਿਸ ਤਰੀਕੇ ਨਾਲ ਵੰਡੀਆਂ ਪਈਆਂ ਇਹ ਉਹ ਹੀ ਜਾਣਦੇ ਨੇ ਜਿੰਨ੍ਹਾਂ ਨੇ ਉਸ ਕਾਲੇ ਦਿਲ ਆਪਣਿਆਂ ਦੇ ਸਾਹਮਣੇ ਹੀ ਆਪਣੇ ਕਤਲ ਹੁੰਦੇ ਵੇਖੇ ਹਨ। 15 ਅਗਸਤ 1947 ਉਹ ਦਿਨ ਜਦੋਂ ਆਪਣੇ ਆਪਣਿਆਂ ਤੋਂ ਵਿਛੜੇ ਅਤੇ ਭਾਰਤ-ਪਾਕਿਸਤਾਨ ਦੋਂ ਦੇਸ਼ ਬਣ ਗਏ।ਇੱਕ ਪਾਸੇ ਲੋਕ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ ਤਾਂ ਦੂਸਰੇ ਪਾਸੇ ਵੰਡ ਦਾ ਦਰਦ ਝੱਲ ਰਹੇ ਲੋਕ ਆਪਣਿਆਂ ਨੂੰ ਯਾਦ ਕਰ ਅੱਜ ਵੀ ਖੂਨ ਦੇ ਹੰਝੂ ਰੋਂਦੇ ਹਨ। ਉਸ ਕਾਲੇ ਦਿਨ ਦੀ ਚੀਕ-ਪੁਕਾਰ ਅੱਜ ਵੀ ਉਨਹਾਂ ਦੇ ਕੰਨਾਂ 'ਚ ਗੂੰਜਦੀ ਹੈ ਅਤੇ ਉਹ ਮਨਹੂਸ ਦਿਨ ਯਾਦ ਕਰ ਉਨ੍ਹਾਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ।
ਅਜ਼ਾਦੀ ਦੀ ਖੁਸ਼ੀ ਪਰ ਵੰਡ ਦਾ ਦੁੱਖ ਜ਼ਿਆਦਾ:1947 ਦੀ ਵੰਡ ਦਾ ਸ਼ਿਕਾਰ ਮੁਹਾਲੀ ਦੀ ਏਰੋਸਿਟੀ ਵਿੱਚ ਰਹਿਣ ਵਾਲੀ ਸਨੇਹ ਲਤਾ ਵੀ ਹੋਈ ਸੀ। ਸਨੇਹ ਲਤਾ ਨੇ ਆਪਣੀ ਦਰਦ ਬਾਤਰੀ ਦਾਸਤਾਨ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਉਹ ਪਾਕਿਸਤਾਨੀ ਪੰਜਾਬ ਦੇ ਸਿਆਲਕੋਟ 'ਚ ਰਹਿਣ ਵਾਲੇ ਵੱਡੇ ਵਪਾਰੀਆਂ ਦੀ ਦੋਹਤੀ ਹੈ। ਉਨ੍ਹਾਂ ਦਾ ਬਚਪਨ ਆਪਣੇ ਨਾਨਕੇ ਘਰ ਸਿਆਲਕੋਟ ਦੀ ਖੜਕ ਸਿੰਘ ਹਵੇਲੀ 'ਚ ਬੀਤਿਆ।ਸਨੇਹ ਲਤਾ ਨੇ ਪੰਜਵੀਂ ਤੱਕ ਦੀ ਪੜਾਈ ਵੀ ਸਿਆਲਕੋਟ ਦੇ ਸਰਕਾਰੀ ਸਕੂਲ ਵਿੱਚ ਕੀਤੀ। ਉਨ੍ਹਾਂ ਦੱਸਿਆ ਕਿ ਪਿਤਾ ਦਾ ਸਾਇਆ ਉਨਹਾਂ ਦੇ ਸਿਰ ਤੋਂ ਪਹਿਲਾਂ ਹੀ ਉੱਠ ਗਿਆ ਸੀ ਜਦਕਿ ਮਾਂ ਯੂਪੀ ਦੇ ਮੇਰਠ 'ਚ ਅਨਾਥ ਆਸ਼ਰਮ 'ਚ ਕੰਮ ਕਰਦੀ ਸੀ। ਇਸ ਲਈ ਲਤਾ ਨੂੰ ਆਪਣੇ ਨਾਨਕੇ ਘਰ ਰਹਿਣਾ ਪਿਆ ਜਿੱਥੇ ਉਨ੍ਹਾਂ ਦੀ 13 ਸਾਲ ਤੱਕ ਪਰਵਰਿਸ਼ ਹੋਈ। ਸਨੇਹ ਲਤਾ ਨੇ ਦੱਸਿਆ ਕਿ ਉੇਨ੍ਹਾਂ ਦੀ ਜ਼ਿੰਦਗੀ ਵਧੀਆ ਚੱਲ ਰਹੀ ਸੀ ਕਿ ਇੱਕ ਦਿਨ ਅਚਾਨਕ ਸਭ ਕੁੱਝ ਤਹਿਸ-ਨਹਿਸ ਹੋ ਗਿਆ ਅਤੇ ਦੇਖਦੇ ਹੀ ਦੇਖਦੇ ਹਿੰਦੂ, ਮੁਸਲਮਾਨ ਅਤੇ ਸਿੱਖ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਗਏ । ਇਸ ਖ਼ੂਨ-ਖ਼ਰਾਬੇ ਕਾਰਨ ਇੱਕ ਮੁਲਕ ਦੇ 2 ਮੁਲਕ ਬਣਗੇ ਭਾਰਤ ਅਤੇ ਪਾਕਿਸਤਾਨ। ਸਨੇਹ ਲਤਾ ਨੇ ਆਪਣਾ ਦਰਦ ਬਿਆਨ ਕਰਦੇ ਕਿਹਾ ਕਿ ਜਦੋਂ ਭਾਰਤ-ਪਾਕਿਸਤਾਨ ਦੀ ਵੰਡ ਹੋਈ ਉਦੋਂ ਉਨਹਾਂ ਦੀ ਉਮਰ 13 ਸਾਲ ਦੀ ਸੀ। ਵੰਡ ਦੇ ਦਿਨਾਂ ਨੂੰ ਯਾਦ ਕਰਦਿਆਂ ਲਤਾ ਨੇ ਆਖਿਆ ਕਿ ਉਨਹਾਂ ਦੇਸ਼ ਦੇ ਅਜ਼ਾਦ ਹੋਣ ਦੀ ਖੁਸ਼ੀ ਤਾਂ ਹੈ ਪਰ ਵੰਡ ਦਾ ਦਰਦ ਵੀ ਉਹ ਕਦੇ ਨਹੀਂ ਭੁੱਲ ਸਕਦੇ ਕਿਉਂਕਿ ਇਸ ਵੰਡ ਨੇ ਜੋ ਕਤਲੇਆਮ ਅਤੇ ਦਰਦ ਦਿੱਤਾ ਉਹ ਨਾ ਬਰਦਾਸ਼ਤ ਕਰਨ ਯੋਗ ਹੈ।
ਦਾਜ ਦਾ ਸਮਾਨ ਸੜ ਕੇ ਹੋਇਆ ਸਵਾਹ : ਸਨੇਹ ਲਤਾ ਨੇ ਆਪਣਾ ਦਰਦ ਬਿਆਨ ਕਰਦੇ ਆਖਿਆ ਕਿ ਉਨ੍ਹਾਂ ਦੀ ਨਾਨੀ ਵਿਆਹ ਲਈ ਅਕਸਰ ਛੋਟਾ-ਛੋਟਾ ਸਮਾਨ ਜੋੜਦੀ ਰਹਿੰਦੀ ਸੀ ਅਤੇ ਇਸ ਵੰਡ ਕਾਰਨ ਉਨ੍ਹਾਂ ਨੂੰ ਇੱਕ ਨਹੀਂ ਬਲਕਿ ਦੋ ਵਾਰ ਘਰ ਛੱਡਣਾ ਪਿਆ। ਮੁਸਲਮਾਨਾਂ ਨੇ ਘਰ ਨੂੰ ਅੱਗ ਲਾ ਦਿੱਤੀ ਇਸ ਅੱਗ 'ਚ ਘਰ ਦੇ ਬਰਤਨ, ਗਹਿਣੇ, ਬਿਸਤਰੇ ਅਤੇ ਹੋਰ ਬਹੁਤ ਕੱਝ ਸੜ ਕੇ ਸੁਆਹ ਹੋ ਗਿਆ ਪਰ ਘਰ ਦੇ ਨਾਲ -ਨਾਲ ਸੱਧਰਾਂ, ਆਸਾਂ, ਉਮੀਦਾਂ ਅਤੇ ਚਾਅ ਵੀ ਸੜ ਗਏ।
ਆਜ਼ਾਦੀ ਦਿਹਾੜੇ 'ਤੇ ਭਾਵੁਕ ਹੁੰਦੇ ਸਨੇਹ ਲਤਾ ਆਖਿਆ 'ਵੰਡ ਨੇ ਸਭ ਕੁੱਝ ਵੰਡ ਦਿੱਤਾ, ਪਰ ਮੋਹ ਦੀਆਂ ਤੰਦਾਂ ਨਹੀਂ ਟੁੱਟੀਆਂ'.... ਲੁੱਕ -ਲੁੱਕ ਪਹੁੰਚੇ ਮੇਰਠ:ਕਾਲੇ ਦਿਨ੍ਹਾਂ ਨੂੰ ਯਾਦ ਕਰਦੇ ਸਨੇਹ ਲਤਾ ਨੇ ਦੱਸਿਆ ਕਿ ਆਏ ਦਿਨ ਹਾਲਾਤ ਖ਼ਰਾਬ ਹੁੰਦੇ ਗਏ। ਇਸ ਕਾਰਨ ਉਨਹਾਂ ਦੀ ਨਾਨੀ ਨੇ ਕਈ ਦਿਨ ਉਨ੍ਹਾਂ ਨੂੰ ਕਮਰੇ 'ਚ ਬੰਦ ਰੱਖਿਆ ਪਰ ਇਹ ਸਭ ਕਤਲੋ ਗਾਰਤ ਦੇਖ ਕੇ ਉਹ ਬਹੁਤ ਜਿਆਦਾ ਡਰ ਗਈ ਅਤੇ ਆਪਣੀ ਮਾਂ ਕੋਲ ਜਾਣ ਦੀ ਜਿੱਦ ਕਰਨ ਲੱਗੀ। ਉਸ ਦੀ ਜਿੱਦ ਨੂੰ ਵੇਖਦੇ ਉਹ ਆਪਣੇ ਨਾਨਾ ਜੀ ਨਾਲ ਮੁੰਬਈ ਆ ਗਏ ਕਿਉਂਕਿ ਨਾਨਾ ਜੀ ਵਪਾਰੀ ਸਨ। ਇਸ ਲਈ ਉਨ੍ਹਾਂ ਦਾ ਮੰਬਈ ਆਉਣਾ-ਜਾਣਾ ਲੱਗਿਆ ਰਹਿੰਦਾ ਸੀ ਪਰ ਹਾਲਾਤ ਖ਼ਰਾਬ ਹੋਣ ਕਾਰਨ ਉਹ ਬੱਚਦੇ ਬਚਾਉਂਦੇ ਕਿਸੇ ਤਰ੍ਹਾਂ ਮੇਰਠ ਆ ਗਏ ਪਰ ਉਨਹਾਂ ਦੇ ਨਾਨਕੇ ਪਰਿਵਾਰ 'ਚ ਮਾਮੇ ਅਤੇ ਮਾਸੀ ਜੋ ਪਿੱਛੇ ਸਿਆਲਕੋਟ 'ਚ ਰਹਿ ਗਏ ਉਨ੍ਹਾਂ ਨੇ ਵੰਡ ਦਾ ਸੰਤਾਪ ਬਹੁਤ ਬੁਰੀ ਤਰ੍ਹਾਂ ਹੰਢਾਇਆ ਹੈ। ਉਸ ਸਮੇਂ ਹਾਲਾਤ ਇੰਨ੍ਹੇ ਜਿਆਦਾ ਮਾੜੇ ਹੋ ਗਏ ਸਨ ਕਿ ਉਹਨਾਂ ਦੀ ਮਾਸੀ ਨੂੰ ਤਾਂ 5 ਦਿਨ ਦਾ ਬੱਚਾ ਲੈ ਕੇ ਪੈਦਲ ਜੰਮੂ ਅਤੇ ਫਿਰ ਜਲੰਧਰ ਆਉਣਾ ਪਿਆ ਕਿਉਂਕਿ ਜਿਹੜੀ ਰੇਲ ਗੱਡੀ ਰਾਹੀਂ ਉਹ ਭਾਰਤ ਆਉਣਾ ਚਾਹੁੰਦੇ ਸਨ ਉਸ ਵਿਚ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਸੀ। ਜਲੰਧਰ ਵਿਚ ਇਕ ਖਾਲੀ ਮਕਾਨ ਵਿਚ ਉਹਨਾਂ ਆਸਰਾ ਲੈਣਾ ਚਾਹਿਆ ਤਾਂ ਉਥੇ ਇਕ ਲਾਸ਼ ਵੇਖ ਕੇ ਡਰ ਗਏ ਅਤੇ ਉਹ ਵੀ ਉਹਨਾਂ ਕੋਲ ਆ ਕੇ ਮੇਰਠ ਰਹਿਣ ਲੱਗੇ। ਮੇਰਠ ਵਿਚ ਜਿਸ ਅਨਾਥ ਆਸ਼ਰਮ ਵਿਚ ਉਹ ਰਹਿਣ ਲੱਗੇ ਉਹ ਪੂਰਾ ਸ਼ਰਨਾਰਥੀ ਕੈਂਪ ਬਣ ਗਿਆ।
ਪਤੀ ਦੇ ਪਰਿਵਾਰ ਨੇ ਕਤਲੇਆਮ ਦਾ ਸੇਕ ਹੰਢਾਇਆ: ਸਨੇਹ ਲਤਾ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਉਹਨਾਂ ਦਾ ਸਹੁਰਾ ਪਰਿਵਾਰ ਵੀ ਲਾਹੌਰ ਵਿਚ ਰਹਿੰਦਾ ਸੀ। ਜਿੱਥੇ ਉਹਨਾਂ ਦਾ ਸਹੁਰਾ ਵਕਾਲਤ ਕਰਦਾ ਸੀ। ਉਹਨਾਂ ਦਾ ਸਾਰਾ ਪਰਿਵਾਰ ਸਰਦਾਰਾਂ ਦਾ ਸੀ ਅਤੇ ਪੱਗ ਬੰਨਦੇ ਸਨ। ਸਿਰਫ਼ ਇਕ ਉਹਨਾਂ ਦੇ ਪਤੀ ਦੇ ਵਾਲ ਕੱਟੇ ਹੋਏ ਸਨ। ਜਦੋਂ ਰੌਲਾ ਪਿਆ ਤਾਂ ਉਹਨਾਂ ਦੇ ਸਹੁਰੇ ਨੂੰ ਮੁਸਲਮਾਨਾਂ ਨੇ ਤਲਵਾਰਾਂ ਨਾਲ ਵੱਡ ਦਿੱਤਾ। ਇਸ ਤੋਂ ਬਾਅਦ ਉਹ ਵੀ ਪੰਜਾਬ ਆ ਗਏ । ਜਿੱਥੇ ਕਈ ਮਹੀਨੇ ਕੈਂਪਾਂ ਵਿਚ ਕੱਟੇ ਆਖਰਕਾਰ 7 ਤੋਂ 8 ਮਹੀਨੇ ਬਾਅਦ ਜਾ ਕੇ ਜ਼ਿੰਦਗੀ ਮੁੜ ਪੱਟੜੀ 'ਤੇ ਆਈ ਅਤੇ ਕਾਰੋਬਾਰ ਅਤੇ ਘਰ ਸੈਟ ਹੋਣ ਲੱਗੇ।