ਚੰਡੀਗੜ੍ਹ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੰਗਲਵਾਰ ਸ਼ਾਮ ਨੂੰ ਆਖਰੀ ਸਾਹ ਲਿਆ। ਸ਼ੁੱਕਰਵਾਰ ਸਵੇਰੇ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੀ ਸਿਹਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। 95 ਸਾਲ ਦੇ ਪ੍ਰਕਾਸ਼ ਸਿੰਘ ਬਾਦਲ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ।
ਉਨ੍ਹਾਂ ਨੂੰ ਜੂਨ 2022 ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਪਰ ਸਤੰਬਰ 2022 ਨੂੰ ਉਨ੍ਹਾਂ ਦੀ ਸਿਹਤ ਵਿਗੜਨ 'ਤੇ ਉਨ੍ਹਾਂ ਨੂੰ ਦੁਬਾਰਾ ਪੀਜੀਆਈ ਵਿੱਚ ਭਰਤੀ ਕਰਵਾਇਆ ਗਿਆ।
ਬਾਦਲ ਦਾ ਜਨਮ ਤੇ ਸਿੱਖਿਆ: ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਅਬੁਲ-ਖੁਰਾਣਾ ਵਿੱਚ 8 ਦਸੰਬਰ 1927 ਨੂੰ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਂ ਸੁੰਦਰੀ ਕੌਰ ਅਤੇ ਪਿਤਾ ਦਾ ਨਾਂ ਰਘੂਰਾਜ ਸਿੰਘ ਸੀ। ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਇੱਕ ਸਥਾਨਕ ਅਧਿਆਪਕ ਤੋਂ ਲਈ ਅਤੇ ਫਿਰ ਉਹ ਲੰਬੀ ਦੇ ਸਕੂਲ ਵਿੱਚ ਪੜ੍ਹਨ ਲੱਗੇ ਜਿੱਥੇ ਉਹ ਬਾਦਲ ਪਿੰਡ ਤੋਂ ਘੋੜੀ ਉੱਤੇ ਪੜ੍ਹਨ ਜਾਇਆ ਕਰਦੇ ਸਨ। ਹਾਈ ਸਕੂਲ ਦੀ ਪੜ੍ਹਾਈ ਲਈ ਉਹ ਫਿਰੋਜ਼ਪੁਰ ਦੇ ਮਨੋਹਰ ਲਾਲ ਮੈਮੋਰੀਅਲ ਹਾਈ ਸਕੂਲ ਵਿੱਚ ਗਏ।
ਕਾਲਜ ਦੀ ਪੜ੍ਹਾਈ ਲਈ ਉਨ੍ਹਾਂ ਸਿੱਖ ਕਾਲਜ ਲਾਹੌਰ ਵਿਚ ਦਾਖਲ ਲਿਆ, ਪਰ ਮਾਈਗ੍ਰੇਸ਼ਨ ਲੈ ਕੇ ਉਹ ਫੋਰਮਨ ਕ੍ਰਿਸ਼ਚੀਅਨ ਕਾਲਜ ਵਿਚ ਦਾਖਲ ਹੋ ਗਏ ਅਤੇ ਇੱਥੋਂ ਹੀ ਉਨ੍ਹਾਂ ਆਪਣੀ ਗਰੈਜ਼ੂਏਸ਼ਨ ਦੀ ਡਿਗਰੀ ਹਾਸਲ ਕੀਤੀ। ਉਹ ਪੀਸੀਐੱਸ ਅਫਸਰ ਬਣਨਾ ਚਾਹੁੰਦੇ ਸਨ ਪਰ ਅਕਾਲੀ ਆਗੂ ਗਿਆਨੀ ਕਰਤਾਰ ਸਿੰਘ ਦੇ ਪ੍ਰਭਾਵ ਹੇਠ ਉਹ ਸਿਆਸਤ ਵਿੱਚ ਆ ਗਏ।