ਚੰਡੀਗੜ੍ਹ: ਮੂੰਗੀ ਦੀ ਦਾਲ ਸਿਹਤ ਲਈ ਗੁਣਕਾਰੀ ਹੁੰਦੀ ਹੈ। ਖੂਨ ਦੇ ਵਿੱਚ ਸ਼ੂਗਰ ਦਾ ਪੱਧਰ ਸਹੀ ਰੱਖਣ ਵਿੱਚ ਸਭ ਤੋਂ ਵਧੀਆ ਸ੍ਰੋਤ ਹਰੀ ਮੂੰਗੀ ਦੀ ਦਾਲ ਹੈ ਪਰ ਮੂੰਗੀ ਦੀ ਦਾਲ ਹੁਣ ਜ਼ਹਿਰ ਬਣਦੀ ਜਾ ਰਹੀ ਹੈ ਅਤੇ ਕਈ ਬਿਮਾਰੀਆਂ ਦਾ ਜਾਲ ਸਾਡੇ ਸਰੀਰ ਦੇ ਦੁਆਲੇ ਬੁਣ ਸਕਦੀ ਹੈ, ਕਿਉਂਕਿ ਮੂੰਗੀ ਉੱਤੇ 'ਪੈਰਾਕੁਆਟ' ਨਾਮੀ ਕੈਮੀਕਲ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਇਹ ਕੈਮੀਕਲ 32 ਦੇਸ਼ਾਂ ਵਿੱਚ ਬੈਨ ਹੈ ਪਰ ਪੰਜਾਬ ਵਿਚ ਮੂੰਗੀ ਦੀ ਫ਼ਸਲ ਉੱਤੇ ਧੜਾਧੜ ਇਸ ਕੈਮੀਕਲ ਦਾ ਛਿੜਕਾਅ ਹੋ ਰਿਹਾ ਹੈ। ਇਸ ਕੈਮੀਕਲ ਦਾ ਅਸਰ ਜਿੰਨੀ ਛੇਤੀ ਮੂੰਗੀ ਨੂੰ ਸੁਕਾਉਣ ਲਈ ਹੁੰਦਾ ਹੈ ਓਨੀ ਹੀ ਛੇਤੀ ਮਨੁੱਖੀ ਸਰੀਰ ਦਾ ਘਾਣ ਵੀ ਇਹ ਕੈਮੀਕਲ ਕਰਦਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਵੀ ਕਿਸਾਨਾਂ ਨੂੰ ਇਹ ਕੈਮੀਕਲ ਨਾ ਵਰਤਣ ਲਈ ਅਪੀਲ ਕੀਤੀ ਹੈ।
ਕੀ ਹੈ ਪੈਰਾਕੁਆਟ ?:ਪੈਰਾਕੁਆਟ ਇੱਕ ਜ਼ਹਿਰੀਲਾ ਰਸਾਇਣ ਹੈ ਜੋ ਮੁੱਖ ਤੌਰ 'ਤੇ ਨਦੀਨਾਂ ਅਤੇ ਘਾਹ ਦੇ ਨਿਯੰਤਰਣ ਲਈ ਇੱਕ ਜੜੀ- ਬੂਟੀਆਂ ਦੇ ਨਾਸ਼ਕ ਵਜੋਂ ਵਰਤਿਆ ਜਾਂਦਾ ਹੈ। ਪੈਰਾਕੁਆਟ ਪਹਿਲੀ ਵਾਰ 1961 ਵਿੱਚ ਵਪਾਰਕ ਉਦੇਸ਼ਾਂ ਲਈ ਤਿਆਰ ਕੀਤਾ ਗਿਆ ਸੀ। ਇਸਦਾ ਪ੍ਰਭਾਵ ਇੰਨਾ ਤੇਜ਼ ਹੁੰਦਾ ਹੈ ਕਿ 15 ਸਾਲ ਤੱਕ ਇਸਦਾ ਅਸਰ ਹਵਾ, ਪਾਣੀ ਅਤੇ ਵਾਤਾਵਰਣ ਵਿੱਚ ਮੌਜੂਦ ਰਹਿੰਦਾ ਹੈ। ਇਸ ਦਾ ਛਿੜਕਾਅ ਘਾਹ ਫੂਸ ਨਸ਼ਟ ਕਰਨ ਲਈ ਕੀਤਾ ਜਾਂਦਾ ਹੈ ਜੋ ਕਿ 24 ਘੰਟੇ ਵਿੱਚ ਨਦੀਨ ਜਾਂ ਘਾਹ ਫੂਸ ਨਸ਼ਟ ਕਰ ਦਿੰਦਾ ਹੈ। ਮੂੰਗੀ ਦੀ ਫ਼ਸਲ ਵਿੱਚ ਅੱਧ ਮੂੰਗੀ ਕੱਚੀ ਰਹਿ ਜਾਂਦੀ ਹੈ ਅਤੇ ਅੱਧਾ ਖੇਤ ਪੱਕ ਜਾਂਦਾ ਹੈ, ਇਸ ਲਈ ਫ਼ਸਲ ਨੂੰ ਇਕੋ ਵਾਰ ਪਕਾਉਣ ਲਈ ਇਸਦਾ ਛਿੜਕਾਅ ਖੇਤਾਂ ਵਿਚ ਕੀਤਾ ਜਾਂਦਾ ਹੈ ਇਸਦੀ ਸਭ ਤੋਂ ਜ਼ਿਆਦਾ ਵਰਤੋਂ ਪੰਜਾਬ ਵਿਚ ਹੋ ਰਹੀ ਹੈ। ਇਹ ਕੈਮੀਕਲ 32 ਦੇਸ਼ਾਂ ਵਿਚ ਬੈਨ ਹੋਣ ਦੀ ਬਾਵਜੂਦ ਵੀ ਇਥੇ ਵਿਕਰੀ ਅਤੇ ਵਰਤੋਂ ਦੋਵੇਂ ਹੀ ਧੜੱਲੇ ਨਾਲ ਹੋ ਰਹੀਆਂ ਹਨ। ਕਈ ਏਸ਼ੀਅਨ, ਯੂਰਪੀਅਨ, ਦੇਸ਼ਾਂ ਅਤੇ ਸਵਿਟਜ਼ਰਲੈਂਡ ਵਿੱਚ ਇਸ ਕੈਮੀਕਲ 'ਤੇ ਪੂਰੀ ਤਰ੍ਹਾਂ ਪਾਬੰਦੀ ਲੱਗੀ ਹੋਈ ਹੈ। ਸੰਯੁਕਤ ਰਾਜ ਵਿਚ ਇਸ ਦੇ ਜ਼ਹਿਰੀਲੇ ਹੋਣ ਦੇ ਕਾਰਨ, ਪੈਰਾਕੁਆਟ ਸਿਰਫ ਵਪਾਰਕ ਤੌਰ 'ਤੇ ਲਾਇਸੰਸਸ਼ੁਦਾ ਉਪਭੋਗਤਾਵਾਂ ਦੁਆਰਾ ਵਰਤੋਂ ਲਈ ਉਪਲੱਬਧ ਹੈ। ਭਾਰਤ ਵਿਚ ਇਸ ਉੱਤੇ ਕੋਈ ਵੀ ਪਾਬੰਦੀ ਨਹੀਂ। ਭਾਰਤ ਵਿੱਚ ਕੇਰਲਾ ਇਕੱਲਾ ਅਜਿਹਾ ਸੂਬਾ ਹੈ ਜਿਸ ਨੇ ਪੈਰਾਕੁਆਟ ਨੂੰ ਪਾਬੰਦੀ ਅਧੀਨ ਕੀਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀਆਂ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਹ ਪੈਰਾਕੁਆਟ ਦੀ ਸਿਫਾਰਿਸ਼ ਨਹੀਂ ਕਰਦੇ। ਜਿਸ ਦੇ ਬਾਵਜੂਦ ਪੰਜਾਬ ਵਿੱਚ ਮੂੰਗੀ ਨੂੰ ਪਕਾਉਣ ਲਈ ਪੈਰਾਕੁਆਟ ਦੀ ਵਰਤੋਂ ਕੀਤੀ ਜਾ ਰਹੀ ਹੈ। ਹਾਲਾਂਕਿ ਪਹਿਲਾਂ ਯੂਨੀਵਰਸਿਟੀ ਵੱਲੋਂ ਹੀ ਇਸਦੀ ਸਿਫਾਰਿਸ਼ ਕੀਤੀ ਗਈ ਸੀ।
ਪੈਰਾਕੁਆਟ ਦੇ ਨਤੀਜੇ ਖ਼ਤਰਨਾਕ : ਪੈਰਾਕੁਆਟ ਕੋਈ ਆਮ ਕੈਮੀਕਲ ਨਹੀਂ ਇਸਦੇ ਨਤੀਜੇ ਸਾਲਾਂ ਤੱਕ ਭੁਗਤਣੇ ਪੈ ਸਕਦੇ ਹਨ। ਇੱਕ ਵਾਰ ਕੀਤੇ ਇਸ ਦੇ ਛਿੜਕਾਅ ਦਾ ਖਮਿਆਜ਼ਾ 15 ਤੋਂ 20 ਸਾਲਾਂ ਤੱਕ ਭੁਗਤਣਾ ਪੈ ਸਕਦਾ ਹੈ। ਇਸ ਦੇ ਨਾਲ ਕੈਂਸਰ ਵਰਗੀ ਗੰਭੀਰ ਬਿਮਾਰੀ ਹੁੰਦੀ ਹੈ। ਪੈਰਕੁਆਟ ਨਾਲ ਖੂਨ ਸਬੰਧੀ ਰੋਗ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਇਹ ਲੀਵਰ ਅਤੇ ਕਿਡਨੀ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਪ੍ਰਭਾਵਿਤ ਵਿਅਕਤੀ ਕੋਮਾ ਵਿੱਚ ਜਾ ਸਕਦਾ ਹੈ। ਸਰੀਰ ਨੂੰ ਤਾਂ ਪੈਰਾਕੁਆਟ ਪ੍ਰਭਾਵਿਤ ਕਰਦਾ ਹੀ ਹੈ ਇਸ ਨਾਲ ਮਾਨਸਿਕ ਸੰਤੁਲਨ ਵੀ ਖਰਾਬ ਹੁੰਦਾ ਹੈ। ਇੱਕ ਗੰਭੀਰ ਮਾਨਸਿਕ ਬਿਮਾਰੀ ਸਕੀਜੋਫਰੇਨੀਆਂ ਵੀ ਪੈਰਾਕੁਆਟ ਕੈਮੀਕਲ ਦੇ ਕਾਰਨ ਹੋ ਸਕਦੀ ਹੈ। ਜਿਸ ਤੋਂ ਪੀੜਤ ਵਿਅਕਤੀ ਅਸਧਾਰਣ ਅਤੇ ਕਈ ਵਾਰ ਹਿੰਸਕ ਵਿਹਾਰ ਕਰਨਾ ਵੀ ਸ਼ੁਰੂ ਦਿੰਦਾ ਹੈ।
ਪੀਜੀਆਈ ਚੰਡੀਗੜ੍ਹ ਦੀ ਚਿੰਤਾਜਨਕ ਰਿਪੋਰਟ:ਨਦੀਨ ਨਾਸ਼ਕਾਂ ਸਬੰਧੀ ਇੱਕ ਪੀਜੀਆਈ ਦੀ ਰਿਪੋਰਟ ਸਾਹਮਣੇ ਆਈ, ਜਿਸ ਵਿੱਚ ਇਹ ਦੱਸਿਆ ਗਿਆ ਕਿ ਮਾਂ ਤੋਂ ਬੱਚੇ ਨਾਲ ਜੁੜੀ ਨਾੜੀ ਵਿੱਚ ਵੀ ਇਹ ਕੈਮੀਕਲ ਪਾਇਆ ਗਿਆ ਅਤੇ ਮਾਂ ਦੇ ਦੁੱਧ ਵਿੱਚ ਵੀ ਇਸ ਕੈਮੀਕਲ ਦੇ ਸੈਂਪਲ ਮਿਲੇ। ਅਮੈਰੀਕਨ ਮੈਡੀਕਲ ਸਾਇੰਸ ਵੱਲੋਂ ਵੀ ਸਾਲ 2014 ਵਿੱਚ ਅਜਿਹਾ ਹੀ ਖੁਲਾਸਾ ਕੀਤਾ ਗਿਆ ਸੀ।