Parkash Singh Badal : ਪਰਕਾਸ਼ ਸਿੰਘ ਬਾਦਲ ਦੇ ਨਾਲ ਰਹੇ ਪੰਥਕ ਕਵੀ ਬਲਬੀਰ ਸਿੰਘ ਬੱਲ ਨੇ ਇੰਝ ਕੀਤਾ ਸਿਆਸਤ ਦੇ ਬਾਬਾ ਬੋਹੜ ਨੂੰ ਯਾਦ ਚੰਡੀਗੜ੍ਹ:ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਕੱਲ੍ਹ ਨੂੰ ਪੰਜ ਤੱਤਾਂ ਵਿਚ ਵਿਲੀਨ ਹੋ ਜਾਵੇਗੀ। ਉਹਨਾਂ ਦੇ ਚਾਹੁਣ ਵਾਲਿਆਂ ਨੇ ਆਪੋ- ਆਪਣੇ ਤਰੀਕੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਪੰਥਕ ਕਵੀ ਬਲਬੀਰ ਸਿੰਘ ਬੱਲ ਵੀ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਲਈ ਪਹੁੰਚੇ ਅਤੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨਾਲ ਬਿਤਾਇਆ ਪੁਰਾਣਾ ਸਮਾਂ ਉਹਨਾਂ ਯਾਦ ਕੀਤਾ।
ਇਨਸਾਨੀਅਤ ਦਾ ਮਸੀਹਾ ਸੀ ਬਾਦਲ: ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਲੰਮਾ ਸਮਾਂ ਰਹਿ ਵਾਲੇ ਪੰਥਕ ਕਵੀ ਬਲਬੀਰ ਸਿੰਘ ਬੱਲ ਕਹਿੰਦੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਇਨਸਾਨੀਅਤ ਦਾ ਮਸੀਹਾ ਸੀ। ਪ੍ਰਕਾਸ਼ ਸਿੰਘ ਬਾਦਲ ਹਿੰਦੂ ਸਿੱਖ ਏਕਤਾ ਦਾ, ਮੁਸਲਮਾਨ ਅਤੇ ਈਸਾਈ ਏਕਤਾ ਦਾ, ਭਾਈਚਾਰਕ ਸਾਂਝ ਦਾ ਮਸੀਹਾ ਸੀ। ਜਦੋਂ ਵੀ ਕੋਈ ਨਾ ਕੋਈ ਸ਼ਤਾਬਦੀ ਮਨਾਉਣੀ ਹੁੰਦੀ ਸੀ ਤਾਂ ਹਮੇਸ਼ਾ ਕਿਸੇ ਨਾ ਕਿਸੇ ਕੈਬਨਿਟ ਮੰਤਰੀ ਹੱਥ ਸੁਨੇਹਾ ਭੇਜ ਕੇ ਬਲਬੀਰ ਸਿੰਘ ਬੱਲ ਨੂੰ ਸ਼ਤਾਬਦੀ ਦਾ ਹਿੱਸਾ ਬਣਾਇਆ ਜਾਂਦਾ ਹੈ। ਕਵੀ ਦਰਬਾਰਾਂ ਵਿਚ ਅਕਸਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਤਰਜੀਹ ਦਿੰਦੇ ਰਹੇ।
ਖਾਲਸਾ ਦੀ 300 ਸਾਲਾ ਸ਼ਤਾਬਦੀ ਲਈ ਵਿਸ਼ੇਸ਼ ਤੌਰ 'ਤੇ ਬੁਲਾਇਆ:ਬਲਬੀਰ ਸਿੰਘ ਬੱਲ ਨੇ ਬਾਦਲ ਨੂੰ ਯਾਦ ਕਰਦਿਆਂ ਕਿਹਾ ਕਿ ਜਦੋਂ ਖਾਲਸਾ ਸਾਜਨਾ ਦਿਵਸ ਦੀ 300 ਸਾਲਾ ਸ਼ਤਾਬਦੀ ਮਨਾਈ ਗਈ ਤਾਂ ਉਸ ਵਿਚ ਹਿੱਸਾ ਲੈਣ ਲਈ ਖਾਸ ਤੌਰ 'ਤੇ ਉਹਨਾਂ ਨੂੰ ਅਕਾਲੀ ਦਲ ਵੱਲੋਂ ਸੁਨੇਹਾ ਭੇਜਿਆ ਗਿਆ।ਕੈਬਿਨਟ ਮੰਤਰੀ ਤੋਤਾ ਸਿੰਘ ਨੂੰ ਖੁਦ ਉਹਨਾਂ ਦੇ ਘਰ ਭੇਜਿਆ ਗਿਆ। ਬਲਬੀਰ ਸਿੰਘ ਬੱਲ ਬਾਦਲ ਨੂੰ ਮਿਲਣ ਗਏ ਤਾਂ ਅੱਗੋ ਕਿਸੇ ਕੰਮ ਗਏ ਹੋਏ ਸਨ ਵਾਪਸ ਆ ਕੇ ਉਹਨਾਂ ਨੇ ਸਭ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਪਰ ਬਲਬੀਰ ਸਿੰਘ ਬੱਲ ਦਾ ਨਾਂ ਲੈਂਦਿਆਂ ਕਿਹਾ ਕਿ ਉਹਨਾਂ ਨਾਲ ਮਿਲਾ ਦਿਓ। ਦੋਵਾਂ ਵਿਚ ਮਿਲ ਬੈਠ ਕੇ ਕਵੀ ਦਰਬਾਰ 'ਤੇ ਚਰਚਾ ਹੋਈ ਅਤੇ ਉਹਨਾਂ ਵੱਲੋਂ 52 ਕਵੀਆਂ ਦੇ ਨਾਂ ਕਵੀ ਦਰਬਾਰ ਲਈ ਸੁਝਾਏ ਗਏ। ਕਵੀ ਦਰਬਾਰ ਦੀ ਸਫ਼ਲਤਾ ਤੋਂ ਬਾਅਦ ਉਹਨਾਂ ਨੂੰ ਇਨਾਮ ਵੀ ਦਿੱਤਾ ਗਿਆ।
ਇਹ ਵੀ ਪੜ੍ਹੋ :Late Parkash Singh Badal Cremation: ਇਸ ਜਗ੍ਹਾ ਹੋਵੇਗਾ ਮਰਹੂਮ ਪਰਕਾਸ਼ ਸਿੰਘ ਬਾਦਲ ਦਾ ਅੰਤਿਮ ਸਸਕਾਰ, ਦੋ ਏਕੜ ਥਾਂ ਕੀਤੀ ਖਾਲੀ
ਬਾਦਲ ਅਤੇ ਟੋਹੜਾ ਨਾਲ ਜੇਲ੍ਹਾਂ ਵੀ ਕੱਟੀਆਂ:ਉਹਨਾਂ ਆਖਿਆ ਕਿ ਪ੍ਰਕਾਸ਼ ਸਿੰਘ ਬਾਦਲ ਨਾਲ ਉਹਨਾਂ ਦਾ ਇੰਨਾ ਜ਼ਿਆਦਾ ਪਿਆਰ ਸੀ ਕਿ ਗੁਰਚਰਨ ਸਿੰਘ ਟੋਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਨਾਲ ਉਹਨਾਂ ਜੇਲ੍ਹਾਂ ਵੀ ਕੱਟੀਆਂ। ਜਿੰਨੀ ਵਾਰ ਉਹਨਾਂ ਦੀ ਮੁਲਾਕਾਤ ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ ਤਾਂ ਹਰੇਕ ਕੰਮ ਨੇਪਰੇ ਚੜਦਾ ਰਿਹਾ। ਪ੍ਰਕਾਸ਼ ਸਿੰਘ ਬਾਦਲ ਦੀ ਸ਼ਖ਼ਸ਼ੀਅਤ ਅਜਿਹੀ ਸੀ ਕਿ ਹਰ ਕਿਸੇ ਨੂੰ ਮਿੱਠਾ ਬੋਲਦੇ ਅਤੇ ਜੇਕਰ ਉਹਨਾਂ ਨੂੰ ਕੋਈ ਕੌੜਾ ਬੋਲ ਵੀ ਬੋਲਦੇ ਸਨ ਤਾਂ ਅੱਗੋਂ ਕਦੇ ਮੋੜਵਾਂ ਜਵਾਬ ਨਹੀਂ ਦਿੰਦੇ ਸਨ। ਸਿਆਸਤ ਦੇ ਵਿਚ ਵੀ ਉਹਨਾਂ ਦਾ ਸੁਭਾਅ ਅਜਿਹਾ ਸੀ ਕਿ ਆਪਣੇ ਵਿਰੋਧੀਆਂ ਨੂੰ ਕਦੇ ਉਹਨਾਂ ਸਖ਼ਤੀ ਨਾਲ ਜਵਾਬ ਨਹੀਂ ਦਿੱਤਾ।