ਚੰਡੀਗੜ੍ਹ/ਹੁਸ਼ਿਆਰਪੁਰ: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਵਿਚਲੇ ਤਲਵਾੜਾ ਬਲਾਕ ਦੇ ਪਿੰਡ ਭੰਬੋਤਾੜ ਦੀ 203 ਏਕੜ ਪੰਚਾਇਤੀ ਜ਼ਮੀਨ ਤੋਂ ਅੱਜ ਨਾਜਾਇਜ਼ ਕਬਜ਼ਾ ਛੁਡਵਾਇਆ।
203 ਏਕੜ ਜ਼ਮੀਨ ’ਤੇ ਨਾਜਾਇਜ਼ ਕਬਜ਼ਾ :ਪਿੰਡ ਦੇ ਕਮਿਊਨਿਟੀ ਸੈਂਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਚਾਇਤ ਮੰਤਰੀ ਨੇ ਦੱਸਿਆ ਕਿ ਭੰਬੋਤਾੜ ਅਧੀਨ ਪੈਂਦੇ ਚਾਰ ਪਿੰਡਾਂ ਵਿੱਚ 252 ਏਕੜ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਸੀ ਅਤੇ 203 ਏਕੜ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਪਿੰਡਾਂ ਦੀਆਂ ਪੰਚਾਇਤਾਂ ਅਤੇ ਕਿਸਾਨਾਂ ਵੱਲੋਂ ਆਪਣੀ ਮਰਜ਼ੀ ਨਾਲ ਛੱਡਿਆ ਗਿਆ ਹੈ, ਜੋ ਸ਼ਲਾਘਾਯੋਗ ਕੰਮ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੀ ਜ਼ਮੀਨ ’ਤੇ ਲੋਕਾਂ ਨੇ ਆਪਣੇ ਘਰ ਬਣਾ ਲਏ ਹਨ। ਇਸ ਸਬੰਧੀ ਨੀਤੀ ਬਣਾ ਕੇ ਜਲਦੀ ਹੀ ਕਬਜ਼ੇ ਛੁਡਵਾ ਲਏ ਜਾਣਗੇ ਅਤੇ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਜ਼ਮੀਨ ਕਬਜ਼ੇ ਤੋਂ ਮੁਕਤ ਕਰਵਾਈ ਗਈ ਹੈ, ਉਸ ’ਤੇ ਖੈਰ ਅਤੇ ਸਾਗਵਾਨ ਦੇ ਦਰੱਖਤ ਲੱਗੇ ਹੋਏ ਹਨ ਅਤੇ ਵੱਢਣਯੋਗ ਹੋ ਗਏ ਹਨ। ਉਨ੍ਹਾਂ ਕਿਹਾ ਕਿ ਵਿਭਾਗ ਤੋਂ ਮਨਜ਼ੂਰੀ ਲੈ ਕੇ ਇਨ੍ਹਾਂ ਦੀ ਕਟਾਈ ਕਰਵਾਈ ਜਾਵੇਗੀ ਅਤੇ ਪੈਸੇ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਏ ਜਾਣਗੇ।