ਚੰਡੀਗੜ੍ਹ: ਗੁਆਢੀ ਮੁਲਕ ਪਾਕਿਸਤਾਨ ਤੋਂ ਅਕਸਰ ਸ਼ਰਾਰਤੀ ਅਨਸਰ ਪੰਜਾਬ ਦੇ ਵੱਖ-ਵੱਖ ਸਰਹੱਦੀ ਜ਼ਿਲ੍ਹਿਆਂ ਵਿੱਚ ਡਰੋਨਾਂ ਰਾਹੀਂ ਹੈਰੋਇਨ ਵਰਗੇ ਮਾਰੂ ਨਸ਼ਿਆਂ ਦੀ ਤਸਕਰੀ ਕਰਦੇ ਹਨ ਅਤੇ ਅਜਿਹੀ ਕੋਸਿਸ਼ ਕਰਦੇ ਦੋ ਨਾਪਾਕ ਡਰੋਨ ਬਾਰਡਰ ਸਿਕਿਓਰਿਟੀ ਫੋਰਸ (Border Security Force) ਨੇ ਅੰਮ੍ਰਿਤਸਰ ਅਤੇ ਤਰਨ ਤਾਰਨ ਦੀਆਂ ਪੁਲਿਸ ਟੀਮਾਂ ਨਾਲ ਮਿਲ ਕੇ ਸਾਂਝੇ ਓਪਰੇਸ਼ਨ ਦੌਰਾਨ ਬਰਾਮਦ ਕੀਤੇ ਹਨ। ਇਸ ਬਰਾਮਦਗੀ ਸਬੰਧੀ ਬੀਐੱਸਐੱਫ ਨੇ ਸੋਸ਼ਲ ਮੀਡੀਆ ਪਲੇਟਫਾਰਮ x ਉੱਤੇ ਜਾਣਕਾਰੀ ਵੀ ਸਾਂਝੀ ਕੀਤੀ ਹੈ।
ਸਰਹੱਦੀ ਜ਼ਿਲ੍ਹਿਆਂ ਤੋਂ ਡਰੋਨ ਹੋਏ ਬਰਾਮਦ: ਦਰਅਸਲ ਅੱਜ 15 ਨਵੰਬਰ ਨੂੰ ਸਵੇਰੇ 8:00 ਵਜੇ ਦੇ ਕਰੀਬ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਬਾਰਡਰ ਦੀ ਕੰਡਿਆਲੀ ਤਾਰ ਤੋਂ ਪਹਿਲਾਂ ਖੇਤਰ ਵਿੱਚ ਗਸ਼ਤ ਕਰਦੇ ਹੋਏ ਅੰਮ੍ਰਿਤਸਰ ਦੇ ਪਿੰਡ ਰੋੜਾਂਵਾਲਾ ਖੁਰਦ ਨੇੜੇ ਖੇਤਾਂ ਵਿੱਚ ਪਈਆਂ ਸ਼ੱਕੀ ਵਸਤੂਆਂ ਵੇਖੀਆਂ। ਇਸ ਤੋਂ ਇਲਾਵਾ, ਖੇਤਰ ਦੀ ਵਿਸਤ੍ਰਿਤ ਤਲਾਸ਼ੀ ਦੌਰਾਨ, ਬੀਐਸਐਫ ਦੇ ਜਵਾਨਾਂ ਨੇ ਪੀਲੀ ਚਿਪਕਣ ਵਾਲੀ ਟੇਪ ਨਾਲ ਲਪੇਟੇ ਗਏ 500 ਗ੍ਰਾਮ ਹੈਰੋਇਨ ਦੇ 1 ਪੈਕੇਟ ਸਮੇਤ 1 ਡਰੋਨ ਬਰਾਮਦ ਕੀਤਾ। ਬਰਾਮਦ ਕੀਤਾ ਗਿਆ ਡਰੋਨ ਇੱਕ ਕਵਾਡਕਾਪਟਰ ਹੈ,ਜੋ ਚੀਨ ਵਿੱਚ ਤਿਆਰ ਕੀਤਾ ਗਿਆ। ਇਸੇ ਤਰ੍ਹਾਂ ਬੀਐੱਸਐੱਫ ਨੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਮੀਆਂਮਾਰ ਦੇ ਖੇਤਾਂ ਵਿੱਚੋਂ ਵੀ ਤਲਾਸ਼ੀ ਮੁਹਿਮ ਦੌਰਾਨ ਪਾਕਿਸਤਾਨੀ ਡਰੋਨ ਬਰਾਮਦ ਕੀਤਾ।