ਨਵੀਂ ਦਿੱਲੀ: ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਜ਼ਲ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਭਾਰਤ ਤੋਂ ਜੋ ਵੀ ਸ਼ਰਧਾਲੂ ਨਨਕਾਣਾ ਸਾਹਿਬ ਦਰਸ਼ਨਾਂ ਲਈ ਆਵੇਗਾ ਉਸ ਨੂੰ ਪਾਕਿ ਸਰਕਾਰ ਨੂੰ 1400 ਰੁਪਏ ਯਾਨੀ ਕਿ 20 ਡਾਲਰ ਸਰਵਿਸ ਫ਼ੀਸ ਦੇ ਰੂਪ 'ਚ ਦੇਣਾ ਹੀ ਪਵੇਗਾ।
ਕਰਤਾਰਪੁਰ ਲਾਂਘਾ: ਦਰਸ਼ਨਾਂ ਲਈ 20 ਡਾਲਰ ਸਰਵਿਸ ਫੀਸ ਵਸੂਲੇਗਾ ਪਾਕਿ - Kartarpur corridor news
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਜ਼ਲ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਆਪਣਾ ਬਿਆਨ ਜਾਰੀ ਕੀਤਾ ਹੈ। ਡਾ. ਫੈਜ਼ਲ ਨੇ ਕਿਹਾ ਕਿ ਪਾਕਿ ਆਉਣ ਵਾਲੇ ਹਰ ਸ਼ਰਧਾਲੂ ਨੂੰ 1400 ਰੁਪਏ ਸਰਵਿਸ ਫ਼ੀਸ ਦੇ ਰੂਪ 'ਚ ਦੇਣੇ ਪੈਣਗੇ।
ਡਾ. ਮੁਹੰਮਦ ਫੈਜ਼ਲ ਨੇ ਕਿਹਾ ਕਿ ਪਾਕਿ ਐਂਟਰੀ ਫੀਸ ਦੇ ਤੌਰ ‘ਤੇ ਇਹ ਪੈਸੇ ਨਹੀਂ ਲੈ ਰਿਹਾ, ਇਹ ਸਰਵਿਸ ਫੀਸ ਹੈ ਜੋ ਹਰੇਕ ਸ਼ਰਧਾਲੂ ਨੂੰ ਦੇਣੀ ਪਵੇਗੀ। ਉੱਧਰ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਵੀਰਵਾਰ ਨੂੰ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਆਪਣੇ ਨਿਸ਼ਚਤ ਸਮੇਂ ’ਚ ਮੁਕੰਮਲ ਹੋਵੇਗੀ। ਇਸ ਵਿੱਚ ਕਿਸੇ ਕਿਸਮ ਦਾ ਕੋਈ ਅੜਿੱਕਾ ਨਹੀਂ ਹੈ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਪਾਕਿਸਤਾਨ ਤੇ ਭਾਰਤ ਸਰਕਾਰ ਦੇ ਅਧਿਕਾਰੀਆਂ ਵਿਚਾਲੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਅਟਾਰੀ ਸਰਹਦ 'ਤੇ ਬੈਠਕ ਹੋਈ। ਦੋਹਾਂ ਸਰਕਾਰਾਂ ਵਿਚਾਲੇ ਹੋਈ ਇਸ ਬੈਠਕ 'ਚ ਕਈ ਅਹਿਮ ਮੁੱਦਿਆਂ ਨੂੰ ਪਾਸ ਕੀਤਾ ਗਿਆ, ਪਰ ਸ਼ਰਧਾਲੂਆਂ ਤੋਂ 20 ਡਾਲਰ ਦੀ ਫ਼ੀਸ ਵਸੂਲ ਕਰਨ ਵਾਲੀ ਪਾਕਿ ਦੀ ਗੱਲ 'ਤੇ ਭਾਰਤ ਸਰਕਾਰ ਨੇ ਅਸਹਿਮਤੀ ਜਤਾਈ ਸੀ। ਭਾਰਤ ਵੱਲੋਂ ਲਗਾਤਾਰ ਪਾਕਿ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਉਹ ਇਸ ਫ਼ੀਸ ਨੂੰ ਨਾ ਵਸੂਲ ਕਰਨ ਤਾਂ ਜੋ ਗਰੀਬ ਜਾਂ ਅਮੀਰ ਹਰ ਕੋਈ ਤੀਰਥ ਸਥਾਨ ਦੇ ਦਰਸ਼ਨ ਕਰ ਸਕੇ।