ਚੰਡੀਗੜ੍ਹ: ਪੰਜਾਬ ਦੀ ਇਕ ਔਰਤ ਨੇ ਪਾਕਿਸਤਾਨ ਹਾਈ ਕਮਿਸ਼ਨ ਦੇ ਕਈ ਸੀਨੀਅਰ ਸਟਾਫ ਮੈਂਬਰਾਂ ਉੱਤੇ ਜਿਣਸੀ ਸ਼ੋਸ਼ਣ ਦੇ ਇਲਜਾਮ ਲਗਾਏ ਹਨ। ਮਹਿਲਾ ਦਾ ਕਹਿਣਾ ਹੈ ਕਿ ਵੀਜ਼ਾ ਅਪਾਇੰਟਮੈਂਟ ਦੌਰਾਨ ਉਸ ਨਾਲ ਜਿਣਸੀ ਸੋਸ਼ਣ ਕੀਤਾ ਗਿਆ ਹੈ। ਇਲਜ਼ਾਮ ਲਗਾਉਣ ਵਾਲੀ ਇਹ ਮਹਿਲਾ ਪੰਜਾਬ ਦੀ ਇਕ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹੈ। ਮਹਿਲਾ ਦੇ ਇਲਜ਼ਾਮ ਹਨ ਕਿ ਉਹ 2021 ਵਿਚ ਪਾਕਿਸਤਾਨ ਜਾਣ ਲਈ ਵੀਜ਼ਾ ਅਪਲਾਈ ਕਰਨ ਲਈ ਦੂਤਾਵਾਸ ਗਈ ਸੀ ਤਾਂ ਉੱਥੇ ਕੁਝ ਸੀਨੀਅਰ ਸਟਾਫ ਨੇ ਉਸ ਨਾਲ ਅਸ਼ਲੀਲਤਾ ਭਰਿਆ ਵਰਤਾਓ ਕੀਤਾ।
ਇਕ ਮੀਡੀਆ ਅਦਾਰੇ ਨਾਲ ਫੋਨ ਉੱਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਔਰਤ ਨੇ ਦੱਸਿਆ ਕਿ ਉਹ ਇਸ ਦੁਖਦ ਘਟਨਾ ਕਰਕੇ ਬਹੁਤ ਪਰੇਸ਼ਾਨ ਹੈ। ਪੰਜਾਬ ਦੀ ਇੱਕ ਯੂਨੀਵਰਸਿਟੀ ਵਿੱਚ ਇੱਕ ਸੀਨੀਅਰ ਪ੍ਰੋਫੈਸਰ ਵਜੋਂ ਸੇਵਾ ਨਿਭਾਉਣ ਵਾਲੀ ਮਹਿਲਾ ਨਾਲ ਇਸ ਤਰ੍ਹਾਂ ਦੀ ਘਟਨਾ ਦੀ ਚਰਚਾ ਹੋ ਰਹੀ ਹੈ। ਉਸਨੇ ਕਿਹਾ ਕਿ ਜਦੋਂ ਉਸਨੂੰ ਲਾਹੌਰ ਆਉਣ ਦੇ ਮਕਸਦ ਬਾਰੇ ਪੁੱਛਿਆ ਗਿਆ ਤਾਂ ਉਸਨੇ ਅਧਿਕਾਰੀ ਨੂੰ ਕਿਹਾ ਕਿ ਉਹ ਉਥੋਂ ਦੇ ਸਮਾਰਕਾਂ ਦੀ ਫੋਟੋ ਖਿੱਚਣ ਅਤੇ ਉਹਨਾਂ ਬਾਰੇ ਕੁਝ ਰਚਨਾਤਮਕ ਲਿਖਣ ਲਈ ਲਾਹੌਰ ਜਾਣਾ ਚਾਹੁੰਦੀ ਹੈ। ਇਸਦੇ ਨਾਲ ਹੀ ਉਹ ਇੱਕ ਯੂਨੀਵਰਸਿਟੀ ਵੀ ਦੇਖਣਾ ਚਾਹੁੰਦੀ ਹੈ, ਜਿੱਥੇ ਉਸਨੂੰ ਭਾਸ਼ਣ ਦੇਣ ਲਈ ਸੱਦਿਆ ਗਿਆ ਹੈ।
ਉਸਨੇ ਕਿਹਾ ਕਿ ਜਦੋਂ ਉਹ ਵਾਪਸ ਜਾਣ ਲੱਗੀ ਤਾਂ ਇਕ ਹੋਰ ਕਰਮਚਾਰੀ ਉੱਥੇ ਆ ਗਿਆ ਅਤੇ ਕਥਿਤ ਤੌਰ 'ਤੇ ਉਸ ਨੂੰ ਕੁੱਝ ਨਿੱਜੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਉਹ ਬੇਚੈਨ ਹੋ ਗਈ। ਉਸ ਕਰਮਚਾਰੀ ਨੇ ਉਸਨੂੰ ਪੁੱਛਿਆ ਕਿ ਉਸਨੇ ਵਿਆਹ ਕਿਉਂ ਨਹੀਂ ਕਰਵਾਇਆ? ਉਸਨੂੰ ਇਹ ਵੀ ਕਿਹਾ ਗਿਆ ਕਿ ਉਹ ਵਿਆਹ ਤੋਂ ਬਗੈਰ ਕਿਵੇਂ ਜਿਉਂਦੀ ਹੈ ਤੇ ਆਪਣੀਆਂ ਜਿਨਸੀ ਇੱਛਾਵਾਂ ਲਈ ਕੀ ਕਰਦੀ ਹੈ। ਮਹਿਲਾ ਦਾ ਇਹ ਵੀ ਕਹਿਣਾ ਹੈ ਕਿ ਉਸ ਨੇ ਗੱਲ ਬਦਲਣ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਅਧਿਕਾਰੀ ਨੇ ਆਪਣੇ ਸਵਾਲ ਜਾਰੀ ਰੱਖੇ। ਮਹਿਲਾ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਆਪਣੀ ਸ਼ਿਕਾਇਤ ਭੇਜ ਕੇ ਇਸ ਮੁੱਦੇ ਨੂੰ ਚੁੱਕਣ ਦੀ ਗੱਲ ਕੀਤੀ ਹੈ।
ਜਾਣਕਾਰੀ ਮੁਤਾਬਿਕ ਉਸ ਔਰਤ ਨੇ ਪਿਛਲੇ ਦਿਨੀਂ ਪਾਕਿਸਤਾਨ ਦੇ ਇੱਕ ਪੋਰਟਲ 'ਤੇ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਪਾਕਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਬਿਲਾਵਲ ਭੁੱਟੋ ਨੂੰ ਵੀ ਇਸ ਬਾਰੇ ਲਿਖਿਆ ਸੀ। ਉਸਨੇ ਵਿਦੇਸ਼ ਮੰਤਰੀ ਨੂੰ ਪਾਕਿਸਤਾਨ ਹਾਈ ਕਮਿਸ਼ਨ ਦੇ ਕਰਮਚਾਰੀ ਨਾਲ ਵਟਸਐਪ ਚੈਟ ਦੇ ਸਕਰੀਨ ਸ਼ਾਟ ਵੀ ਭੇਜੇ ਹਨ। ਇਸ ਔਰਤ ਨੇ ਇਹ ਇਲਜ਼ਾਮ ਵੀ ਲਾਇਆ ਹੈ ਕਿ ਉਸਨੂੰ ਭਾਰਤ ਸਰਕਾਰ ਵਿਰੁੱਧ ਲਿਖਣ ਲਈ ਵੀ ਕਿਹਾ ਗਿਆ ਅਤੇ ਇਸ ਲਈ ਵਧੀਆ ਮਿਹਨਤਾਨਾ ਦੇਣ ਦੀ ਪੇਸ਼ਕਸ਼ ਵੀ ਕੀਤੀ ਗਈ, ਜਿਸ ਤੋਂ ਉਸ ਨੇ ਇਨਕਾਰ ਕਰ ਦਿੱਤਾ ਹੈ। ਉਸਨੇ ਦਾਅਵਾ ਕੀਤਾ ਕਿ ਉਸਨੂੰ ਇਹ ਵੀ ਪੁੱਛਿਆ ਗਿਆ ਸੀ ਕਿ ਕੀ ਉਸਨੇ ਖਾਲਿਸਤਾਨ ਦੇ ਮੰਤਵ ਦਾ ਵੀ ਸਮਰਥਨ ਕੀਤਾ ਸੀ। ਇਸ ਪੀੜਤ ਔਰਤ ਨੇ ਕਿਹਾ ਕਿ ਜਦੋਂ ਉਸਦੀ ਕਿਸੇ ਪਾਸੇ ਸੁਣਵਾਈ ਨਹੀਂ ਹੋਈ ਤਾਂ ਉਹ ਇਸ ਗੱਲ ਨੂੰ ਜਨਤਕ ਕਰ ਰਹੀ ਹੈ। ਉਸਨੇ ਕਿਹਾ ਕਿ ਉਹ ਚਾਹੁੰਦੀ ਸੀ ਕਿ ਪਾਕਿਸਤਾਨ ਹਾਈ ਕਮਿਸ਼ਨ ਦਾ ਦੌਰਾ ਕਰਨ ਵਾਲੀਆਂ ਭਾਰਤੀ ਔਰਤਾਂ ਉਨ੍ਹਾਂ ਦੇ ਇਰਾਦਿਆਂ ਨੂੰ ਚੰਗੀ ਤਰ੍ਹਾਂ ਸਮਝ ਸਕਣ।
ਇਹ ਵੀ ਪੜ੍ਹੋ:Melbourne Hindu temple attack: ਖਾਲਿਸਤਾਨ ਸਮਰਥਕਾਂ ਨੇ ਕੰਧਾਂ 'ਤੇ ਲਿਖਿਆ 'ਹਿੰਦੁਸਤਾਨ ਮੁਰਦਾਬਾਦ'