ਚੰਡੀਗੜ੍ਹ:ਕਲਾ ਉਹ ਜਿਸਦਾ ਜਾਦੂ ਸਿਰ ਚੜ੍ਹ ਕੇ ਬੋਲੇ ਅਤੇ ਕਲਾਕਾਰ ਉਹ ਜਿਸਦਾ ਹੁਨਰ ਸਾਨੂੰ ਮੰਤਰਮੁਗਧ ਕਰ ਦੇੇਵੇ। ਕਲਾ ਵੈਸੇ ਤਾਂ ਕਈ ਤਰ੍ਹਾਂ ਦੀ ਹੁੰਦੀ ਹੈ ਪਰ ਆਪਣੇ ਮਨ ਦੇ ਵਲਵਿਲਆਂ ਨੂੰ ਕੈਨਵਸ 'ਤੇ ਉਤਾਰ ਕੇ ਪੇਂਟਿੰਗ ਦਾ ਰੂਪ ਦੇਣ ਦਾ ਹੁਨਰ ਬਾਕਮਾਲ ਹੈ। ਦਰਅਸਲ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਪੈਂਟਿੰਗਜ਼ ਦੀ ਅਜਿਹੀ ਹੀ ਪ੍ਰਦਰਸ਼ਨੀ ਲੱਗੀ ਹੈ ਜਿਸ ਵਿਚਲੀਆਂ ਪੈਟਿੰਗਜ਼ ਨੇ ਸਭ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ। ਇਹ ਤਸਵੀਰਾਂ ਬਣਾਈਆਂ ਹਨ ਰਮੇਸ਼ ਛੇਤਰੀ ਨੇ ਅਤੇ ਈਟੀਵੀ ਭਾਰਤ ਵੱਲੋਂ ਉਹਨਾਂ ਨਾਲ ਖ਼ਾਸ ਗੱਲਬਾਤ ਕੀਤੀ ਗਈ।
ਰੈਟਰੋਸਪੈਕਟਿਵ ਕਲਾ ਨਾਲ ਬਣਾਈਆਂ ਪੇਟਿੰਗਜ਼: ਰੈਟਰੋਸਪੈਕਟਿਵ ਪੇਂਟਿੰਗਸ ਦਾ ਮਤਲਬ ਹੈ ਜ਼ਿੰਦਗੀ ਦੇ ਅਤੀਤ ਨੂੰ ਪੇਟਿੰਗਸ ਦੇ ਜ਼ਰੀਏ ਸਭ ਦੇ ਸਾਹਮਣੇ ਪੇਸ਼ ਕਰਨਾ। ਬੀਤੀ ਹੋਈ ਜ਼ਿੰਦਗੀ ਨੂੰ ਕੈਦ ਕਰਕੇ ਰੰਗਾਂ ਨਾਲ ਚਿੱਤਰਾਂ ਵਿੱਚ ਢਾਲਣਾ ਅਤੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਸੰਜੋ ਕੇ ਰੱਖਣਾ। ਰਮੇਸ਼ ਛੇਤਰੀ ਨੇ ਵੀ ਆਪਣੀਆਂ ਪੈਟਿੰਗਜ਼ ਵਿੱਚ ਆਪਣੀ ਜ਼ਿੰਦਗੀ ਦੇ ਅਤੀਤ, ਪੁਰਾਤਨ ਸੱਭਿਆਚਾਰ, ਪੁਰਾਤਨ ਕਾਲ ਨੂੰ ਦਰਸਾਉਂਦੀਆਂ ਕਈ ਪੇਂਟਿੰਗਸ ਤਿਆਰ ਕੀਤੀਆਂ ਹਨ। ਇਹ ਚਿੱਤਰ ਲੈਂਡਸਕੇਪ, ਪੈਟਿੰਗਸ ਕਲਰਸ, ਐਕਰੀਲਿਕ ਅਤੇ ਡਰਾਇੰਗ ਫੌਮ ਵਿਚ ਬਣਾਈਆਂ ਗਈਆਂ। ਕੁੱਝ ਪੇਂਟਿੰਗਜ਼ ਵਿੱਚ ਪਾਣੀ ਵਾਲੇ ਰੰਗਾਂ ਦਾ ਇਸਤੇਮਾਲ ਕੀਤਾ ਗਿਆ।
ਭਾਰਤ ਵਿਚ ਇਕਲੌਤੇ ਰੈਟਰੋਸਪੈਕਟਿਵ ਪੇਂਟਰ: ਈਟੀਵੀ ਭਾਰਤ ਨਾਲ ਗੱਲ ਕਰਦਿਆਂ ਰਮੇਸ਼ ਛੇਤਰੀ ਨੇ ਦੱਸਿਆ ਕਿ ਉਹ ਇਕੱਲੇ ਅਜਿਹੇ ਪੇਂਟਰ ਹਨ ਜੋ ਰੈਟਰੋ ਸਟਾਈਲ ਵਿੱਚ ਤਸਵੀਰਾਂ ਬਣਾਉਂਦੇ ਹਨ। ਸਾਰੀਆਂ ਪੁਰਾਣੀਆਂ ਯਾਦਾਂ ਨੂੰ ਇਕੱਠਾ ਕਰਕੇ ਉਹਨਾਂ ਨੇ ਤਸਵੀਰ ਦਾ ਰੂਪ ਦਿੱਤਾ। ਇੰਨਾ ਹੀ ਨਹੀਂ ਭਾਰਤੀ ਸੱਭਿਅਤਾ ਦੀਆਂ ਪੁਰਾਤਨ ਕਦਰਾਂ ਕੀਮਤਾਂ ਨੂੰ ਦਰਸਾਉਂਦੀਆਂ ਪੇਟਿੰਗਜ਼ ਬਣਾਈਆਂ ਗਈਆਂ ਅਤੇ ਪੁਰਾਤਨ ਕਾਲ ਦੇ ਦੇਵੀ ਦੇਵਤਿਆਂ ਦੀਆਂ ਪੇਟਿੰਗਜ਼ ਵੀ ਬਣਾਈਆਂ ਗਈਆਂ। ਇਹ ਸਾਰੀਆਂ ਪੇਟਿੰਗਜ਼ ਪੁਰਾਣੇ ਸਮੇਂ ਨੂੰ ਦਰਸਾਉਂਦੀਆਂ ਹਨ।
ਕਲਾਕਾਰ ਦੀ ਕਲਾ ਦਾ ਮੁੱਲ ਕਦੇ ਵੀ ਨਹੀਂ ਮਿਲਦਾ: ਰਮੇਸ਼ ਛੇਤਰੀ ਨੇ ਦੱਸਿਆ ਕਿ ਭਾਰਤ ਵਿੱਚ ਕਲਾਕਾਰ ਦੀ ਕਲਾ ਦਾ ਮੁੱਲ ਕਦੇ ਵੀ ਸਹੀ ਮਾਇਨਿਆਂ ਵਿੱਚ ਨਹੀਂ ਪਾਇਆ ਜਾਂਦਾ। ਅਕਸਰ ਚਿੱਤਰ ਪ੍ਰਦਰਸ਼ਨੀ ਵਿੱਚ ਲੋਕ ਆਉਂਦੇ ਹਨ ਉਹਨਾਂ ਕਲਾਕਾਰੀ ਦੀ ਤਾਰੀਫ਼ ਕਰਦੇ ਹਨ ਪਰ ਜਦੋਂ ਖਰੀਦਣ ਦੀ ਵਾਰੀ ਆਉਂਦੀ ਹੈ ਤਾਂ ਪਿੱਛੇ ਹੱਟ ਜਾਂਦੇ ਹਨ। ਅਜਿਹੇ ਬਹੁਤ ਘੱਟ ਲੋਕ ਹੁੰਦੇ ਹਨ ਜੋ ਉਹਨਾਂ ਦੀਆਂ ਪੇਟਿੰਗਜ਼ ਨੂੰ ਖਰੀਦ ਦੇ ਹਨ। ਜਦ ਕਿ ਵਿਦੇਸ਼ਾਂ ਵਿੱਚ ਕਲਾ ਦੀ ਕਦਰ ਅਤੇ ਮੁੱਲ ਦੋਵੇਂ ਪਾਏ ਜਾਂਦੇ ਹਨ। ਪ੍ਰਦਰਸ਼ਨੀਆਂ ਵਿੱਚ ਰੱਖੀਆਂ ਗਈਆਂ ਪੇਟਿੰਗਜ਼ ਨੂੰ ਮਹਿੰਗੇ ਰੇਟਾਂ 'ਤੇ ਖਰੀਦਿਆ ਜਾਂਦਾ ਹੈ। ਰਮੇਸ਼ ਛੱਤਰੀ ਕਹਿੰਦੇ ਹਨ ਰੈਟਰੋ ਦਾ ਮਤਲਬ ਗੁਜ਼ਰਿਆ ਹੋਇਆ ਵਕਤ। ਗੁਜ਼ਰੇ ਹੋਏ ਵਕਤ ਦੀਆਂ ਕੁਝ ਯਾਦਾਂ ਅਜਿਹੀਆਂ ਹੁੰਦੀਆਂ ਹਨ ਜੋ ਚੇਤੇ ਵਿਚੋਂ ਕਦੇ ਵਿਸਾਰੀਆਂ ਨਹੀਂ ਜਾਂਦੀਆਂ। ਜੇਕਰ ਉਹਨਾਂ ਨੂੰ ਤਸਵੀਰਾਂ ਵਿੱਚ ਕੈਦ ਕਰ ਲਿਆ ਜਾਵੇ ਤਾਂ ਹਮੇਸ਼ਾ ਅੱਖਾਂ ਦੇ ਸਾਹਮਣੇ ਰਹਿੰਦੀਆਂ ਹਨ। ਇਸੇ ਲਈ ਰੈਟਰੋਸਪੈਕਟਿਵ ਪੇਂਟਿੰਗਸ ਦੀ ਬਹੁਤ ਮਹੱਤਤਾ ਹੈ। ਅੱਜ ਦੇ ਦੌਰ ਵਿੱਚ ਤਾਂ ਇਸ ਦੀ ਅਹਿਮੀਤ ਹੋਰ ਵੀ ਵੱਧ ਜਾਂਦੀ ਹੈ।