ਪੰਜਾਬ

punjab

ETV Bharat / state

ਪੰਜਾਬ ਵਿੱਚ ਲੋਹੜੀ ਦੀ ਧੂਮ, ਜਾਣੋ ਕੀ ਹੈ ਇਸਦਾ ਇਤਿਹਾਸ

ਲੋਹੜੀ ਦਾ ਤਿਉਹਾਰ ਅੱਜ ਪੰਜਾਬ ਭਰ ਵਿੱਚ ਧੂਮ-ਧਾਮ ਮਨਾਇਆ ਜਾਵੇਗਾ। ਮਾਘ ਮਹੀਨੇ ਤੋਂ ਇੱਕ ਦਿਨ ਪਹਿਲਾਂ ਇਹ ਤਿਉਹਾਰ ਪੂਰੇ ਧੂਮ-ਧਾਮ ਅਤੇ ਪੁਰਾਤਣ ਰੀਤਾਂ-ਰਸਮਾਂ ਨਾਲ ਮਨਾਇਆ ਜਾਵੇਗਾ।

lohri festival
ਫ਼ੋਟੋ

By

Published : Jan 13, 2020, 7:03 AM IST

Updated : Jan 13, 2020, 1:24 PM IST

ਚੰਡੀਗੜ੍ਹ: ਪੰਜਾਬ ਤੇ ਪੰਜਾਬੀ ਸੱਭਿਆਚਾਰ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਹੈ ਲੋਹੜੀ ਦਾ ਤਿਉਹਾਰ। ਮਾਘ ਮਹੀਨੇ ਤੋਂ ਇੱਕ ਦਿਨ ਪਹਿਲਾਂ ਇਹ ਤਿਉਹਾਰ ਪੂਰੇ ਢੋਲ ਢਮਾਕਿਆਂ ਤੇ ਪੁਰਾਤਣ ਰਸਮਾਂ ਰੀਤਾਂ ਨਾਲ ਮਨਾਇਆ ਜਾਂਦਾ ਹੈ। ਇਹ ਤਿਉਹਾਰ ਜਿੱਥੇ ਕਿਸਾਨਾਂ ਦੀਆਂ ਹਾੜੀ ਦੀ ਫ਼ਸਲਾਂ ਨਾਲ ਸੰਬਧ ਰੱਖਦਾ ਹੈ ਉੱਥੇ ਹੀ ਇਸ ਤਿਉਹਾਰ ਦੇ ਨਾਲ ਕਈ ਪੁਰਾਤਨ ਕਹਾਣੀਆਂ ਵੀ ਜੁੜੀਆਂ ਹਨ।

ਵੇਖੋ ਵੀਡੀਓ

ਲੋਹੜੀ ਦਾ ਇਤਿਹਾਸ

ਇਸ ਤਿਉਹਾਰ ਦਾ ਇਤਿਹਾਸ ਦੁਲਾ ਭੱਟੀ ਦੀ ਕਹਾਣੀ ਨਾਲ ਸੰਬਧਿਤ ਹੈ। ਦੁੱਲਾ ਭੱਟੀ ਜੋ ਕਿ ਅਕਬਰ ਦੇ ਸ਼ਾਸਨਕਾਲ ਦਾ ਇੱਕ ਵੱਡਾ ਡਾਕੂ ਸੀ, ਜੋ ਅਮੀਰਾਂ ਤੋਂ ਧਨ ਲੁੱਟ ਕੇ ਗਰੀਬਾਂ ਵਿੱਚ ਵੰਡਦਾ ਸੀ ਅਤੇ ਗ਼ਰੀਬ ਲੋਕ ਉਸ ਨੂੰ ਆਪਣਾ ਮਸੀਹਾ ਮੰਨਦੇ ਸਨ। ਇੱਕ ਕੱਥਾ ਮੁਤਾਬਕ ਇੱਕ ਗ਼ਰੀਬ ਬ੍ਰਾਹਮਣ ਦੀਆਂ ਸੁੰਦਰੀ ਤੇ ਮੁੰਦਰੀ ਨਾਂਅ ਦੀਆਂ ਦੋ ਧੀਆਂ ਸਨ, ਜੋ ਮੰਗੀਆਂ ਹੋਈਆਂ ਸਨ ਪਰ ਗ਼ਰੀਬੀ ਕਾਰਨ ਬ੍ਰਾਹਮਣ ਉਸ ਦਾ ਵਿਆਹ ਨਹੀਂ ਕਰ ਪਾ ਰਿਹਾ ਸੀ। ਕਿਹਾ ਜਾਂਦਾ ਹੈ ਕਿ ਇਲਾਕੇ ਦੇ ਹਾਕਮ ਨੇ ਸੁੰਦਰੀ ਤੇ ਮੁੰਦਰੀ ਨੂੰ ਅਗਵਾ ਕਰਨ ਦੀ ਧਾਰ ਲਈ, ਜਿਸ ਤੋਂ ਬਾਅਦ ਬ੍ਰਾਹਮਣ ਦੁੱਲਾ ਭੱਟੀ ਕੋਲ ਗਿਆ। ਬ੍ਰਾਹਮਣ ਦੀ ਪੁਕਾਰ ਸੁਣ ਕੇ ਦੁੱਲਾ ਭੱਟੀ ਨੇ ਸੁੰਦਰੀ ਤੇ ਮੁੰਦਰੀ ਦੇ ਵਿਆਹ ਦੀ ਜ਼ਿਮੇਵਾਰੀ ਚੁੱਕੀ। ਉਨ੍ਹਾਂ ਦਾ ਵਿਆਹ ਕਰਵਾਉਣ ਲਈ ਉਸ ਨੇ ਜੰਗਲ ਵਿੱਚੋਂ ਲੱਕੜਾ ਇਕੱਠੀਆਂ ਕਰਕੇ ਅੱਗ ਚਲਾਈ ਅਤੇ ਵਿਆਹ ਕਰਾਇਆ। ਦੁੱਲਾ ਭੱਟੀ ਕੋਲ ਸੁੰਦਰੀ ਤੇ ਮੁੰਦਰੀ ਨੂੰ ਦਾਨ ਕਰਨ ਲਈ ਸਿਰਫ਼ ਸ਼ੱਕਰ ਹੀ ਸੀ। ਕੁੜੀਆਂ ਦੀ ਡੋਲੀ ਤੁਰਨ ਤੋਂ ਬਾਅਦ ਬ੍ਰਾਹਮਣ ਨੇ ਦੁੱਲਾ ਭੱਟੀ ਦਾ ਸ਼ੁਕਰੀਆਂ ਅਦਾ ਕੀਤਾ। ਕਿਹਾ ਜਾਂਦਾ ਹੈ ਕਿ ਉਸੇ ਦਿਨ ਤੋਂ ਲੋਕਾਂ ਨੇ ਲੋਹੜੀ ਮਨਾਉਣੀ ਸ਼ੁਰੂ ਕਰ ਦਿੱਤੀ ਅਤੇ ਲੋਹੜੀ ਦੇ ਦਿਨ ਦੁੱਲਾ ਭੱਟੀ ਨੂੰ ਯਾਦ ਕੀਤਾ ਜਾਂਦਾ ਹੈ।

ਸੱਭਿਆਚਾਰਕ ਰਸਮਾਂ

ਲੋਹੜੀ ਤੋਂ 10-15 ਦਿਨ ਪਹਿਲਾਂ ਮੁੰਡੇ, ਕੁੜੀਆਂ, ਬੱਚੇ ਟੋਲੀਆਂ ਬਣਾ ਕੇ ਘਰ-ਘਰ ਜਾ ਕੇ ਲੋਹੜੀ ਮੰਗਦੇ ਹਨ ਅਤੇ ਲੋਹੜੀ ਨਾਲ ਸਬੰਧਿਤ ਗੀਤ ਗਾਉਂਦੇ ਹਨ।

ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ, ਦੁੱਲੇ ਧੀ ਵਿਆਹੀ ਹੋ, ਸੇਰ ਸ਼ੱਕਰ ਪਾਈ ਹੋ....

ਜਦ ਕੋਈ ਘਰ ਵਾਲਾ ਲੋਹੜੀ ਦੇਣ ਵਿੱਚ ਦੇਰ ਕਰਦਾ ਹੈ ਤਾਂ ਲੋਹੜੀ ਮੰਗਣ ਵਾਲਿਆਂ ਵੱਲੋਂ ਕਾਹਲ ਨੂੰ ਦਰਸਾਉਂਦੀਆਂ ਇਹ ਸਤਰਾਂ ਗਾਈਆਂ ਜਾਂਦੀਆਂ ਹਨ।

ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ ਛੇਤੀ ਤੋਰ। ਸਾਡੇ ਪੈਰਾਂ ਹੇਠ ਸਲਾਈਆਂ, ਅਸੀਂ ਕਿਹੜੇ ਵੇਲੇ ਦੀਆਂ ਆਈਆਂ....

ਲੋਹੜੀ ਵਾਲੇ ਦਿਨ ਲੋਕੀਂ ਘਰਾਂ ਦੀਆਂ ਛੱਤਾਂ ਉੱਪਰ ਚੜ੍ਹ ਕੇ ਰੰਗ ਬਿਰੰਗੀਆਂ ਪਤੰਗਾਂ ਵੀ ਉਡਾਉਂਦੇ ਹਨ ਤੇ ਉੱਚੀ-ਉੱਚੀ ਰੌਲਾ ਪਾ ਕੇ ਖੁਸ਼ੀਆਂ ਮਨਾਉਂਦੇ ਹਨ।

ਇਸ ਦਿਨ ਲੋਕ ਰਾਤ ਪੈਣ 'ਤੇ ਲੋਹੜੀ ਬਾਲਦੇ ਹਨ, ਘਰ ਦੇ ਸਾਰੇ ਮੈਂਬਰ ਬਲਦੀ ਅੱਗ ਦੁਆਲੇ ਇਕੱਠੇ ਹੋ ਕੇ ਮੂੰਗਫਲੀਆਂ, ਰਿਉੜੀਆਂ, ਗੱਚਕ ਤੇ ਹੋਰ ਕਈ ਪਕਵਾਨ ਖਾਂਦੇ ਹਨ ਤੇ ਅੱਗ ਵਿੱਚ ਤਿੱਲ ਸੁੱਟ ਕੇ ਬੋਲਦੇ ਹਨ -

ਈਸ਼ਰ ਆਏ, ਦਲਿੱਦਰ ਜਾਏ, ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ...

ਇਨ੍ਹਾਂ ਸਤਰਾਂ ਦੇ ਅਰਥ ਹਨ - ਖੁਸ਼ਹਾਲੀ ਆਵੇ ਤੇ ਦਲਿੱਦਰ ਮਤਲਬ ਮੰਦਹਾਲੀ ਜਾਵੇ।

Last Updated : Jan 13, 2020, 1:24 PM IST

ABOUT THE AUTHOR

...view details