ਚੰਡੀਗੜ੍ਹ:ਕੋਟਕਪੂਰਾ ਗੋਲੀ ਕਾਂਡ ਵਿੱਚ ਦਰਜ 2 ਐਫਆਈਆਰ, ਜਿਸ ਵਿੱਚ 129/18 ਅਤੇ 192/15 ਦੀ ਜਾਂਚ ਕਰ ਰਹੀ ਐਸਆਈਟੀ ਨੇ ਮੰਗਲਵਾਰ ਨੂੰ ਕਰੀਬ 2400 ਪੰਨਿਆਂ ਦਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਦੋਵਾਂ ਐਫਆਈਆਰ ਵਿੱਚ ਕੁੱਝ ਗ਼ਲਤ ਹੋਣ ਤੋਂ ਬਾਅਦ ਨਵੇਂ ਤੱਥ ਸਾਹਮਣੇ ਆਏ ਹਨ। ਇੱਕ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਹੈ ਜਿਸ ਦੇ ਕਰੀਬ 5-5 ਹਿੱਸੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਕੋਈ ਨਵਾਂ ਮੁਲਜ਼ਮ ਨਹੀਂ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਤਫਤੀਸ਼ ਜਾਰੀ ਹੈ, ਜਿਵੇਂ ਕੋਈ ਨਵਾਂ ਤੱਥ ਸਾਹਮਣੇ ਆਉਣਗੇ ਜਿਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
ਪ੍ਰਕਾਸ਼ ਬਾਦਲ ਤੇ ਸੁਖਬੀਰ ਬਾਦਲ ਸਣੇ ਸਾਬਕਾ ਡੀਜੀਪੀ-ਐਸਐਸਪੀ ਮੁੱਖ ਮੁਲਜ਼ਮ: ਦੱਸਿਆ ਜਾ ਰਿਹਾ ਹੈ ਕਿ 2400 ਪੰਨਿਆਂ ਦੇ ਚਲਾਨ ਦੇ ਕਾਲਮ 4 ਵਿੱਚ ਸੁਖਬੀਰ ਸਿੰਘ ਬਾਦਲ, ਸੁਮੇਧ ਸਿੰਘ ਸੈਣੀ ਸਾਬਕਾ ਡੀਜੀਪੀ, ਪ੍ਰਕਾਸ਼ ਸਿੰਘ ਬਾਦਲ, ਪਰਮਰਾਜ ਸਿੰਘ ਉਮਰਨਾਗਲ ਸਾਬਕਾ ਸੀਪੀ ਲੁਧਿਆਣਾ, ਚਰਨਜੀਤ ਸ਼ਰਮਾ ਸਾਬਕਾ ਐਸਐਸਪੀ ਮੋਗਾ, ਅਮਰ ਸਿੰਘ ਚਾਹਲ ਸਾਬਕਾ ਡੀ.ਜੀ.ਪੀ. ਡੀਆਈਜੀ ਫਿਰੋਜ਼ਪੁਰ ਰੇਂਜ, ਸੁਖਮੰਦਰ ਮਾਨ ਸਾਬਕਾ ਐਸਐਸਪੀ ਫਰੀਦਕੋਟ, ਗੁਰਦੀਪ ਸਿੰਘ ਸਾਬਕਾ ਐਸਐਚਓ ਸਿਟੀ ਕੋਟਕਪੂਰਾ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਅਕਾਲੀ ਦਲ ਨੇ ਦੱਸਿਆ ਸ਼ਾਜ਼ਿਸ: ਕੋਟਕਪੂਰਾ ਗੋਲੀ ਕਾਂਡ ਵਿੱਚ 2400 ਪੇਜ ਦਾ ਚਲਾਨ ਪੇਸ਼ ਕਰਨ ਨੂੰ ਅਕਾਲੀ ਦਲ ਨੇ ਪੰਜਾਬ ਸਰਕਾਰ ਦੀ ਸਾਜ਼ਿਸ਼ ਦੱਸਿਆ ਹੈ। ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਜਲੰਧਰ ਜਿਮਨੀ ਚੋਣਾਂ ਵਿਚ ਗਰਾਫ ਡਾਊਨ ਜਾ ਰਿਹਾ ਹੈ। ਜਿਸਦੇ ਕਾਰਨ ਆਪ ਸਰਕਾਰ ਨੇ ਇਹ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਬਣਾਈ ਰੇਤੇ ਦੀ ਕੰਧ ਜਲਦ ਹੀ ਕੋਰਟ ਵਿੱਚ ਢਹਿ-ਢੇਰੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਅੰਮ੍ਰਿਤਪਾਲ ਦੇ ਮੁੱਦੇ ਉਤ ਵੀ ਫੇਲ੍ਹ ਹੋਈ ਹੈ ਜਿਸ ਕਾਰਨ ਹੁਣ ਲੋਕਾਂ ਦਾ ਧਿਆਨ ਭੜਕਾ ਰਹੀ ਹੈ।