ਚੰਡੀਗੜ੍ਹ (ਡੈਸਕ) :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਾਲੇ ਅਲਟੀਮੇਟਮ ਦੀ ਲਕੀਰ ਕੱਲ੍ਹ ਪੂਰੀ ਹੋ ਰਹੀ ਹੈ। ਦਰਅਸਲ ਮਾਨ ਨੇ ਚੰਨੀ ਉੱਤੇ ਲੰਘੇ ਹਫਤੇ ਟਵੀਟ ਕਰਕੇ ਗੰਭੀਰ ਇਲਜਾਮ ਲਗਾਏ ਸਨ। ਮਾਨ ਨੇ ਕਿਹਾ ਸੀ ਕਿ ਚੰਨੀ ਵਲੋਂ ਇੱਕ ਖਿਡਾਰੀ ਤੋਂ ਨੌਕਰੀ ਦੇਣ ਲਈ 2 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਮਾਨ ਨੇ ਇਸ ਦੇ ਸਬੰਧ ਵਿੱਚ ਆਪਣਾ ਪੱਖ ਰੱਖਣ ਦਾ ਚੰਨੀ ਨੂੰ 31 ਮਈ ਤੱਕ ਦਾ ਸਮਾਂ ਦਿੱਤਾ ਸੀ। ਕੱਲ੍ਹ ਇਹ ਸਮਾਂ ਪੂਰਾ ਹੋ ਰਿਹਾ ਹੈ।
ਲੋਕਾਂ ਅੱਗੇ ਰੱਖਣਗੇ ਸੱਚਾਈ :ਇਹ ਵੀ ਯਾਦ ਰਹੇ ਕਿ ਮਾਨ ਨੇ ਕਿਹਾ ਸੀ ਕਿ ਜੇਕਰ ਚੰਨੀ ਸੱਚ ਨਹੀਂ ਦੱਸਦੇ ਤਾਂ ਉਹ ਇਸ ਮਾਮਲੇ ਵਿੱਚ ਵੱਡਾ ਖੁਲਾਸਾ ਕਰਨਗੇ। ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਵਲੋਂ ਵੀ ਉਸ ਤੋਂ ਬਾਅਦ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ ਗਿਆ ਸੀ। ਬਕਾਇਦਾ ਚੰਨੀ ਨੇ ਗੁਰੂਘਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕ ਕੇ ਅਰਦਾਸ ਕੀਤੀ ਸੀ ਕਿ ਉਨ੍ਹਾਂ ਵੱਲੋਂ ਕੋਈ ਵੀ ਅਜਿਹਾ ਪੈਸਾ ਨਹੀਂ ਲਿਆ ਗਿਆ ਹੈ।
ਮਾਨ ਨੇ ਲਗਾਏ ਸੀ ਇਲਜਾਮ :ਯਾਦ ਰਹੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੜ੍ਹਬਾ ਵਿੱਚ ਸੰਬੋਧਨ ਦੌਰਾਨ ਸਾਬਕਾ ਸੀਐੱਮ ਚਰਨਜੀਤ ਚੰਨੀ ਉੱਤੇ ਗੰਭੀਰ ਇਲਜ਼ਾਮ ਲਗਾਏ ਸਨ। ਸੀਐੱਮ ਮਾਨ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਚੰਨੀ ਦੇ ਭਾਣਜੇ ਨੇ ਕ੍ਰਿਕਟਰ ਨੂੰ ਨੌਕਰੀ ਦੇਣ ਲਈ 2 ਕਰੋੜ ਰੁਪਏ ਮੰਗੇ ਸਨ। ਮਾਨ ਨੇ ਕਿਹਾ ਕਿ ਇਹ ਖੁਦ ਨੂੰ ਗ਼ਰੀਬ ਦੱਸਦੇ ਹਨ ਪਰ ਖਿਡਾਰੀਆਂ ਕੋਲੋਂ ਕਰੋੜਾਂ ਰੁਪਏ ਮੰਗਦੇ ਰਹੇ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਰਾਹੀਂ ਸ਼ਰੇਆਮ ਕਿਹਾ ਕਿ ਪੰਜਾਬ ਦੇ ਸਾਬਕਾ ਸੀਐੱਮ ਚਰਨਜੀਤ ਚੰਨੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕਿਸੇ ਕੌਮਾਂਤਰੀ ਪੱਧਰ ਦੇ ਕ੍ਰਿਕਟਰ ਨੂੰ ਨੌਕਰੀ ਦੇਣ ਬਦਲੇ ਉਸ ਤੋਂ 2 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ। ਸੀਐੱਮ ਮਾਨ ਨੇ ਕਿਹਾ ਕਿ ਇਸ ਪੂਰੇ ਰਿਸ਼ਵਤ ਕਾਂਡ ਨੂੰ ਅੰਜਾਮ ਦੇਣ ਲਈ ਮੀਟਿੰਗ ਦਾ ਸਮਾਂ ਅਤੇ ਸਥਾਨ ਵੀ ਤੈਅ ਹੋਇਆ ਸੀ।
ਚੰਨੀ ਨੇ ਕੀਤੀ ਸੀ ਪ੍ਰੈੱਸ ਕਾਨਫਰੰਸ :ਮਾਨ ਵਲੋਂ ਲਗਾਏ ਇਲਜਾਮਾਂ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਜੇਕਰ ਭਗਵੰਤ ਮਾਨ ਕੋਲ ਮੇਰੇ ਖਿਲਾਫ ਕੋਈ ਠੋਸ ਸਬੂਤ ਹਨ ਤਾਂ ਦੱਸਣ। ਮੈਂ ਗੁਰੂ ਘਰ ਜਾ ਕੇ ਅਰਦਾਸ ਕੀਤੀ ਹੈ ਕਿ ਜੇਕਰ ਮੈਂ ਗਲਤ ਹਾਂ ਤਾਂ ਮੈਨੂੰ ਸਜ਼ਾ ਦਿੱਤੀ ਜਾਵੇ। ਚੰਨੀ ਨੇ ਕਿਹਾ ਕਿ ਮੈਂ ਹਜ਼ਾਰਾਂ ਨੌਕਰੀਆਂ ਦਿੱਤੀਆਂ। ਜੇਕਰ ਨੌਕਰੀਆਂ ਦੇਣ ਵਿੱਚ ਭ੍ਰਿਸ਼ਟਾਚਾਰ ਹੈ ਤਾਂ ਉਨ੍ਹਾਂ ਲੋਕਾਂ ਤੋਂ ਪੁੱਛੋ ਜਿਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ। ਚੰਨੀ ਨੇ ਇਹ ਵੀ ਕਿਹਾ ਕਿ ਮੈਂ ਖੁਦ ਸਪੋਰਟਸ ਮੈਨ ਰਿਹਾ ਹਾਂ। ਮੈਨੂੰ ਵਜੀਫਾ ਮਿਲ ਰਿਹਾ ਹੈ। ਤਿੰਨ ਸੋਨ ਤਗਮੇ ਵੀ ਜਿੱਤੇ। ਮੈਂ ਨੌਕਰੀ ਦੇ ਬਦਲੇ ਕਿਸੇ ਖਿਡਾਰੀ ਤੋਂ ਰਿਸ਼ਵਤ ਕਿਵੇਂ ਲੈ ਸਕਦਾ ਹਾਂ। ਮੈਂ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਕਿਹਾ ਹੈ ਕਿ ਮੇਰੇ ਨਾਂ 'ਤੇ ਕਿਸੇ ਨੇ ਕੋਈ ਭ੍ਰਿਸ਼ਟਾਚਾਰ ਨਹੀਂ ਕੀਤਾ ਹੈ। ਹੁਣ 'ਆਪ' ਸਰਕਾਰ ਨੇ ਪੱਕਾ ਇਰਾਦਾ ਕੀਤਾ ਹੈ ਕਿ ਮੈਂ ਅੰਦਰੋਂ ਕਹਿਣਾ ਹੈ। ਰਾਜਨੀਤੀ ਵਿੱਚ ਝੂਠ ਬੋਲਣ ਦੀ ਰੀਤ ਚੰਗੀ ਨਹੀਂ ਹੈ।