ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਵਿਚ ਸੱਤਾ ਦਾ ਆਨੰਦ ਮਾਣ ਰਹੀ ਹੈ। ਪੰਜਾਬ ਦੀ ਵਿਧਾਨ ਸਭਾ ਵਿਚ ਪਹਿਲੀ ਵਾਰ ਅਜਿਹਾ ਹੋਇਆ ਜਦੋਂ 92 ਵਿਧਾਇਕਾਂ ਨਾਲ ਕਿਸੇ ਸਰਕਾਰ ਨੂੰ ਬਹੁਮਤ ਮਿਲੀ ਹੋਵੇ। ਸਾਲ 2022 ਜਿਥੇ ਪੰਜਾਬ ਦੀ ਸਿਆਸਤ ਵਿਚ ਇਕ ਵੱਡੀ ਤਬਦੀਲੀ ਵੇਖਣ ਨੂੰ ਮਿਲੀ। ਉਥੇ ਹੀ ਆਮ ਆਦਮੀ ਪਾਰਟੀ ਦੀ ਤੂਤੀ ਬੋਲਣ ਲੱਗੀ। 2017 'ਚ ਆਮ ਆਦਮੀ ਪਾਰਟੀ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀ ਚੋਣ ਲੜੀ ਅਤੇ ਮੁੱਖ ਵਿਰੋਧੀ ਧਿਰ ਬਣੀ 20 ਵਿਧਾਇਕਾਂ ਨਾਲ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਐਂਟਰੀ ਕੀਤੀ। ਇਸ ਦੌਰਾਨ ਪਾਰਟੀ ਅੰਦਰ ਕਈ ਉਤਾਰ ਚੜਾਅ ਆਏ ਅਤੇ 20 ਵਿਚੋਂ ਕਈ ਵਿਧਾਇਕ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਵਿਚ ਚਲੇ ਗਏ। ਹੁਣ ਜਦੋਂ ਆਪ ਸਰਕਾਰ ਬਣੀ ਤਾਂ ਇਹਨਾਂ ਪਾਰਟੀ ਤੋਂ ਬਾਗੀ ਹੋਏ ਲੀਡਰਾਂ ਦੀ ਸਥਿਤੀ ਵੱਲ ਸਭ ਦਾ ਧਿਆਨ ਜਾਂਦਾ ਹੈ। ਇਹਨਾਂ ਵਿਚੋਂ ਬਹੁਤੇ ਆਪਣੇ ਆਪਣੀ ਸਿਆਸੀ ਅਧਾਰ ਨੂੰ ਗਵਾ ਗੁੰਮਨਾਮੀ ਦੀ ਜ਼ਿੰਦਗੀ ਜੀਅ ਰਹੇ ਹਨ।
ਆਪ 'ਚ ਬਾਗੀ ਹੋਏ ਇਹ ਲੀਡਰ:ਆਪ ਤੋਂ ਬਾਗੀ ਹੋਏ ਲੀਡਰਾਂ ਦਾ ਜ਼ਿਕਰ ਹੋ ਰਿਹਾ ਜਿਹਨਾਂ ਵਿਚ ਕੁਝ ਅਜਿਹੇ ਆਗੂ ਵੀ ਸ਼ਾਮਿਲ ਹਨ ਜਿਹਨਾਂ ਨੂੰ ਪਾਰਟੀ ਨੇ ਕਈ ਵੱਡੇ ਅਹੁਦੇ ਵੀ ਦਿੱਤੇ। ਇਹਨਾਂ ਆਗੂਆਂ ਵਿਚ ਮਾਸਟਰ ਬਲਦੇਵ ਸਿੰਘ, ਰੁਪਿੰਦਰ ਕੌਰ ਰੂਬੀ, ਸੁਖਪਾਲ ਖਹਿਰਾ, ਪਿਰਮਲ ਸਿੰਘ ਧੌਲਾ, ਨਾਜਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਜੱਗਾ ਹਿੱਸੋਵਾਲ, ਸੁੱਚਾ ਸਿੰਘ ਛੋਟੇਪੁਰ, ਡਾ. ਧਰਮਵੀਰ ਗਾਂਧੀ, ਐਚਐਸ ਫੂਲਕਾ, ਕੰਵਰ ਸੰਧੂ, ਗੁਰਪ੍ਰੀਤ ਘੁੱਗੀ ਅਤੇ ਹਰਿੰਦਰ ਸਿੰਘ ਖਾਲਸਾ ਸ਼ਾਮਲ ਹਨ। ਇਹਨਾਂ ਵਿਚੋਂ ਬਹੁਤੇ ਅਜਿਹੇ ਹਨ ਜੋ ਸਿਆਸਤ ਤੋਂ ਬਿਲਕੁਲ ਅਣਜਾਣ ਰਹੇ ਅਤੇ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਪਹਿਲੀ ਵਾਰ ਟਿਕਟ ਦੇ ਕੇ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ। ਡਾ. ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਦੋ ਅਜਿਹੇ ਨਾਂ ਹਨ ਜਿਹਨਾਂ ਨੇ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਲੋਕ ਸਭਾ ਚੋਣ ਲੜੀ ਅਤੇ ਪਹਿਲੀ ਵਾਰ ਲੋਕ ਸਭਾ ਮੈਂਬਰ ਵੀ ਬਣੇ। ਪਾਰਟੀ ਨਾਲ ਇਹਨਾਂ ਦੀ ਦਾਲ ਜ਼ਿਆਦਾ ਦੇਰ ਨਾ ਗਲ ਸਕੀ। ਪਾਰਟੀ ਤੋਂ ਬਾਗੀ ਹੋ ਕੇ ਆਪਣਾ ਵੱਖਰਾ ਰਸਤਾ ਅਖਤਿਆਰ ਕੀਤਾ। ਸਿਆਸੀ ਗਲਿਆਰਿਆਂ ਵਿਚ ਇਹ ਚਰਚਾਵਾਂ ਅਕਸਰ ਰਹਿੰਦੀਆਂ ਹਨ ਕਿ ਜੇਕਰ ਇਹ ਚਿਹਰੇ ਪਾਰਟੀ ਨਾ ਛੱਡਦੇ ਤਾਂ ਪਾਰਟੀ ਵਿਚ ਇਹਨਾਂ ਦਾ ਵੱਡਾ ਮੁਕਾਮ ਹੁੰਦਾ। ਇਹਨਾਂ ਵਿਚੋਂ ਕੁਝ ਪੰਜਾਬ ਕੈਬਨਿਟ ਦੇ ਮੰਤਰੀ ਹੁੰਦੇ।
ਸੁਖਪਾਲ ਖਹਿਰਾ : ਸੁਖਪਾਲ ਖਹਿਰਾ ਭੁਲੱਥ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਹਨ ਅਤੇ ਕਾਂਗਰਸ ਛੱਡ ਕੇ ਹੀ ਸਾਲ 2015 ਆਮ ਆਦਮੀ ਪਾਰਟੀ ਜੁਆਇਨ ਕੀਤੀ। 2017 ਵਿਚ ਭੁਲੱਥ ਹਲਕੇ ਤੋਂ ਚੋਣ ਲੜੀ ਅਤੇ ਵੱਡੇ ਮਰਜਨ ਨਾਲ ਜਿੱਤੇ। ਪਾਰਟੀ ਨੇ ਵੱਡੀ ਜ਼ਿੰਮੇਦਾਰੀ ਦਿੰਦਿਆਂ ਚੀਫ ਵਿਪ ਅਤੇ ਵਿਰੋਧੀ ਧਿਰ ਦਾ ਲੀਡਰ ਬਣਾਇਆ। 1 ਸਾਲ ਬਾਅਦ ਹੀ ਸੁਖਪਾਲ ਖਹਿਰਾ ਦੇ ਆਮ ਆਦਮੀ ਪਾਰਟੀ ਨਾਲ ਸੁਰ ਵਿਗੜ ਗਏ ਅਤੇ ਪਾਰਟੀ ਵਿਚ ਬਗਾਵਤ ਸ਼ੁਰੂ ਕਰ ਦਿੱਤੀ। ਬਾਗੀ ਹੋ ਕੇ ਉਹਨਾਂ ਆਪਣੀ ਪਾਰਟੀ ਪੰਜਾਬ ਏਕਤਾ ਪਾਰਟੀ ਬਣਾਈ ਅਤੇ 2019 ਵਿਚ ਲੋਕ ਸਭਾ ਚੋਣ ਲੜੀ। ਪਾਰਟੀ ਨਾਲ ਖਹਿਰਾ ਦੀ ਤਲਖੀ ਕਈ ਵਾਰ ਵੇਖਣ ਨੂੰ ਮਿਲੀ ਅਤੇ 4 ਜੂਨ 2021 ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਜੁਆਇਨ ਕਰ ਲਈ। ਖਹਿਰਾ ਮੌਜੂਦਾ ਸਿਆਸਤ ਵਿਚ ਪੂਰੀ ਤਰ੍ਹਾਂ ਸਰਗਰਮ ਹਨ।
ਇਹ ਵੀ ਪੜ੍ਹੋ:-ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਅਕਾਲੀ ਦਲ ਦਾ ਭਵਿੱਖ, ਭਾਜਪਾ ਨਾਲ ਗੱਠਜੋੜ ਕੀਤੇ ਬਿਨ੍ਹਾਂ ਅਕਾਲੀ ਦਲ ਦਾ ਨਹੀਂ ਹੋਣਾ ਪਾਰ ਉਤਾਰਾ !
ਡਾ. ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ: ਲੋਕਾਂ ਦੇ ਦਿਲ ਦੀ ਮਰਜ਼ ਪਛਾਨਣ ਵਾਲੇ ਡਾ. ਧਰਮਵੀਰ ਗਾਂਧੀ ਨੇ ਸਾਲ 2014 ਵਿਚ ਪਟਿਆਲਾ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜੀ ਮਹਾਰਾਣੀ ਪ੍ਰਨੀਤ ਕੌਰ ਦਾ ਸਿਆਸੀ ਗੜ੍ਹ ਤੋੜਦਿਆਂ ਉਹਨਾਂ ਵੱਡੇ ਮਾਰਜਨ ਨਾਲ ਜਿੱਤ ਹਾਸਲ ਕੀਤੀ। ਲੋਕ ਸਭਾ ਦੇ ਵਿਚ ਵੀ ਉਹ ਕਾਫ਼ੀ ਸਰਗਰਮ ਰਹੇ। ਮਹਿਜ਼ 1 ਸਾਲ ਬਾਅਦ ਹੀ ਉਹਨਾਂ ਦਾ ਪਾਰਟੀ ਨਾਲ ਤਾਣਾ ਬਾਣਾ ਉਲਝ ਗਿਆ ਅਤੇ ਪਾਰਟੀ ਤੋਂ ਬਾਗੀ ਹੋ ਗਏ। 2019 ਲੋਕ ਸਭਾ ਚੋਣਾ ਦੌਰਾਨ ਉਹਨਾਂ ਆਪਣਾ ਪੰਜਾਬ ਪਾਰਟੀ ਬਣਾ ਕੇ ਚੋਣ ਲੜੀ ਪਰ ਕਾਮਯਾਬ ਨਹੀਂ ਹੋ ਸਕੇ। ਮੌਜੂਦਾ ਸਮੇਂ ਉਹ ਸਰਗਰਮ ਸਿਆਸਤ ਤੋਂ ਦੂਰ ਹਨ ਅਤੇ ਪਟਿਆਲਾ ਵਿਚ ਦਿਲ ਦੇ ਡਾਕਟਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਹਾਲਾਂਕਿ 2022 ਵਿਧਾਨ ਸਭਾ ਚੋਣਾਂ ਵੇਲੇ ਉਹਨਾਂ ਚਰਨਜੀਤ ਸਿੰਘ ਚੰਨੀ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਸੀ। ਹਰਿੰਦਰ ਸਿੰਘ ਖਾਲਸਾ ਪਹਿਲੀ ਵਾਰ 2014 ਵਿਚ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਚੁਣੇ ਗਏ ਅਤੇ ਬਾਅਦ ਵਿਚ ਉਹਨਾਂ ਭਾਜਪਾ ਜੁਆਇਨ ਕਰ ਲਈ ਮੌਜੂਦਾ ਸਮੇਂ ਉਹ ਸਿਆਸਤ ਵਿਚ ਸਰਗਰਮ ਨਹੀਂ ਅਤੇ ਗੁੰਮਨਾਮੀ ਦੀ ਜ਼ਿੰਦਗੀ ਜੀਅ ਰਹੇ ਹਨ।