ਚੰਡੀਗੜ੍ਹ: ਪੰਜਾਬ ਵਿੱਚ ਇਸ ਸਾਲ ਦਿਵਾਲੀ ਦੀ ਰਾਤ ਪਿਛਲੇ ਸਾਲ 2022 ਦੇ ਮੁਕਾਬਲੇ ਔਸਤ ਹਵਾ ਗੁਣਵੱਤਾ ਸੂਚਕਾਂਕ ‘ਚ 7.6 ਫੀਸਦੀ ਅਤੇ 2021 ਦੇ ਮੁਕਾਬਲੇ 22.8 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਪ੍ਰੈਸ ਬਿਆਨ ਵਿੱਚ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Environment Minister Gurmeet Singh Meet Hair) ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਵਾ ਗੁਣਵੱਤਾ ‘ਚ ਸੁਧਾਰ ਲਿਆਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (Punjab Pollution Control Board) ਨੇ ਹਵਾ ਗੁਣਵੱਤਾ ਦੀ ਰੀਅਲ ਟਾਈਮ ਮਾਨੀਟਰਿੰਗ ਲਈ ਪੰਜਾਬ ਦੇ ਛੇ ਸ਼ਹਿਰਾਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ ਅਤੇ ਪਟਿਆਲਾ ਵਿੱਚ ਕੰਟੀਨਿਊਅਸ ਐਂਬੀਐਂਟ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨ (ਸੀ.ਏ.ਏ.ਕਿਊ.ਐਮ.ਐਸ.) ਸਥਾਪਿਤ ਕੀਤੇ ਹਨ। ਦੱਸਣਯੋਗ ਹੈ ਕਿ ਬੀਤੇ ਦੋ ਸਾਲਾਂ 2022 ਅਤੇ 2021 ਵਿੱਚ ਦੀਵਾਲੀ ਦੇ ਦਿਨਾਂ ਦੌਰਾਨ ਦਰਜ ਕੀਤੇ ਗਏ ਏ.ਕਿਊ.ਆਈ. ਮੁੱਲ ਦੇ ਮੁਕਾਬਲੇ ਸਾਲ 2023 ਦੇ ਇਸੇ ਸਮੇਂ ਦੌਰਾਨ ਹਵਾ ਗੁਣਵੱਤਾ ਸੂਚਕਾਂਕ ਵਿੱਚ ਕਾਫੀ ਸੁਧਾਰ ਸੁਧਾਰ ਵੇਖਣ ਨੂੰ ਮਿਲਿਆ ਹੈ। ਇਹ ਅੰਕੜੇ ਦੀਵਾਲੀ ਵਾਲੇ ਦਿਨ ਸਵੇਰੇ 7.00 ਵਜੇ ਤੋਂ ਦੀਵਾਲੀ ਤੋਂ ਅਗਲੇ ਦਿਨ ਸਵੇਰੇ 6.00 ਵਜੇ ਤੱਕ ਦੇ ਹਨ।
ਵਾਤਾਵਰਣ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਦੇ ਪੰਜ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ, ਖੰਨਾ, ਮੰਡੀ ਗੋਬਿੰਦਗੜ੍ਹ ਅਤੇ ਪਟਿਆਲਾ ਵਿੱਚ ਇਸ ਸਾਲ ਦਿਵਾਲੀ ਦੇ ਦਿਨਾਂ ਦੌਰਾਨ ਏ.ਕਿਊ.ਆਈ. ਦਾ ਪੱਧਰ ਪਿਛਲੇ ਦੋ ਸਾਲਾਂ 2022 ਅਤੇ 2021 ਦੇ ਇਸੇ ਸਮੇਂ ਦੇ ਮੁਕਾਬਲੇ ਘੱਟ ਦਰਜ ਕੀਤਾ ਗਿਆ ਹੈ। ਇਸ ਦੀਵਾਲੀ 'ਤੇ ਪੰਜਾਬ ਦਾ AQI 207 ਸੀ ਜਦੋਂ ਕਿ 2022 ਵਿੱਚ ਇਹ ਮੁੱਲ 224 ਅਤੇ 2021 ਵਿੱਚ 268 ਦਰਜ ਕੀਤਾ ਗਿਆ ਸੀ।