ਚੰਡੀਗੜ੍ਹ: ਵਿਸਾਖੀ ਦਾ ਤਿਉਹਾਰ 14 ਅਪ੍ਰੈਲ ਨੂੰ ਪੰਜਾਬ ਵਿੱਚ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਪਰ ਇਸ ਦਿਨ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਵੱਖਰੀ ਹੀ ਰੌਣਕ ਵੇਖਣ ਨੂੰ ਮਿਲਦੀ ਹੈ ਕਿਉਂਕਿ ਇਸ ਦਿਨ ਹੀ ਦਸਮ ਪਿਤਾ ਸ੍ਰੀ ਗੁਰੂ ਗੋਬਿਦ ਸਿੰਘ ਨੇ 13 ਅਪ੍ਰੈਲ 1699 ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਅਤੇ ਇਸ ਤੋਂ ਬਾਅਦ ਖੁੱਦ ਵੀ ਪੰਜ ਪਿਆਰਾ ਹੱਥੋਂ ਅੰਮ੍ਰਿਤ ਛੱਕ ਕੇ ਖੁੱਦ ਦੇ ਨਾਂਅ ਪਿੱਛੇ ਸਿੰਘ ਲਗਾਇਆ ਸੀ। ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਮਾਮ ਸਿੱਖਾਂ ਨੂੰ ਨਾਂਅ ਦੇ ਪਿੱਛੇ ਸਿੰਘ ਅਤੇ ਬੀਬੀਆਂ ਨੂੰ ਜਾਤ-ਗੋਤ ਛੱਡ ਕੇ ਕੌਰ ਲਾਉਣ ਦਾ ਹੁਕਮ ਦਿੱਤਾ ਅਤੇ ਐਲਾਨ ਕੀਤਾ ਕਿ ਹੁਣ ਤੋਂ ਅਸੀ ਸਭ ਗੁਰੂ ਦੇ ਸਿੰਘ ਹਾਂ ਨਾ ਕਿ ਜਾਤ-ਪਾਤਾਂ ਵਿੱਚ ਵੰਡੇ ਹੋਏ ਲੋਕ।
ਖਾਲਸਾ ਪੰਥ ਸਾਜਣ ਲਈ ਸਾਹਿਬ ਏ ਕਮਾਲ ਨੇ ਲਈ ਮਿਸਾਲੀ ਪ੍ਰੀਖਿਆ:ਪੰਜ ਪਿਆਰੇ ਸਾਜਣ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਾਰੇ ਸਿੱਖਾਂ ਨੂੰ ਇਕੱਤਰ ਹੋਣ ਦਾ ਸੰਦੇਸ਼ ਦਿੱਤਾ ਸੀ। ਇਸ ਸਭਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਛਿਆ ਕਿ ਆਪਣਾ ਸੀਸ ਕੌਣ ਕੁਰਬਾਨ ਕਰ ਸਕਦਾ ਹੈ। ਇਹ ਸੁਣ ਕੇ ਭੀੜ 'ਚ ਮੌਜੂਦ ਲੋਕਾਂ ਅੰਦਰ ਚੁੱਪ ਪਸਰ ਗਈ। ਉਦੋਂ ਹੀ ਪਹਿਲਾ ਹੱਥ ਅੱਗੇ ਆਇਆ ਜੋ ਭਾਈ ਦਇਆ ਸਿੰਘ ਜੀ ਦਾ ਸੀ। ਫਿਰ ਗੁਰੂ ਗੋਬਿੰਦ ਸਿੰਘ ਜੀ ਉਨ੍ਹਾਂ ਨੂੰ ਤੰਬੂ ਦੇ ਪਿੱਛੇ ਲੈ ਗਏ ਅਤੇ ਜਦੋਂ ਉਹ ਥੋੜ੍ਹੀ ਦੇਰ ਬਾਅਦ ਵਾਪਸ ਆਏ ਤਾਂ ਉਨ੍ਹਾਂ ਦੀ ਤਲਵਾਰ 'ਤੇ ਖੂਨ ਦੀਆਂ ਬੂੰਦਾਂ ਸਨ। ਇਸ ਤੋਂ ਬਾਅਦ ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ ਅਤੇ ਸਾਹਿਬ ਸਿੰਘ ਆਪਣੇ ਸਿਰ ਕੁਰਬਾਨ ਕਰਨ ਲਈ ਗੁਰੂ ਜੀ ਦੇ ਨਾਲ ਤੰਬੂ ਦੇ ਪਿੱਛੇ ਚਲੇ ਗਏ। ਕੁਝ ਸਮੇਂ ਬਾਅਦ ਗੁਰੂ ਗੋਬਿੰਦ ਜੀ ਦੇ ਨਾਲ ਸੁਰੱਖਿਅਤ ਸਾਰੇ ਬਾਹਰ ਆ ਗਏ। ਇਨ੍ਹਾਂ ਬਹਾਦਰ ਸਿੰਘਾਂ ਦੇ ਹੌਂਸਲੇ ਨੂੰ ਵੇਖਦਿਆਂ ਗੁਰੂ ਸਾਹਿਬ ਨੇ ਇੰਨ੍ਹਾਂ ਨੂੰ ਪੰਜ ਪਿਆਰੇ ਕਹਿ ਕੇ ਸੰਬੋਧਨ ਕੀਤਾ ਅਤੇ ਇਸ ਤੋਂ ਬਾਅਦ ਸਿੱਖ ਧਰਮ ਦੇ ਫੈਸਲਿਆਂ ਦੀ ਜ਼ਿੰਮੇਵਾਰੀ ਇਨ੍ਹਾਂ ਪੰਜ ਪਿਆਰਿਆਂ ਨੂੰ ਸੌਂਪ ਦਿੱਤੀ ਗਈ। ਸਿੱਖ ਧਰਮ ਦੇ ਹਰ ਤਿਉਹਾਰ ਵਿੱਚ ਇਨ੍ਹਾਂ ਪੰਜ ਪਿਆਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਅੱਗੇ ਥਾਂ ਦਿੱਤੀ ਜਾਂਦੀ ਹੈ।