ਚੰਡੀਗੜ੍ਹ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ 'ਤੇ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ (ਏ.ਡੀ.ਜੀ.ਪੀ.) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਸ਼ਨੀਵਾਰ ਨੂੰ ਆਪਣੇ ਡਿਊਟੀ ਦੌਰਾਨ ਸ਼ਹੀਦੀ ਜਾਮ ਪੀਣ ਵਾਲੇ ਪੰਜਾਬ ਪੁਲਿਸ ਦੇ ਸ਼ਹੀਦ ਕਾਂਸਟੇਬਲ ਮਨਦੀਪ ਸਿੰਘ ਦੇ ਪਰਿਵਾਰ ਨੂੰ 2 ਕਰੋੜ ਰੁਪਏ (1-1 ਕਰੋੜ ਰੁਪਏ) ਦੇ ਦੋ ਚੈੱਕ ਸੌਂਪੇ।
ਨਕੋਦਰ ਵਿੱਚ ਹਮਲਾਵਰਾਂ ਨਾਲ ਮੁੱਠਭੇੜ ਦੌਰਾਨ ਗੋਲੀ ਲੱਗਣ ਨਾਲ ਹੋਇਆ ਸੀ ਸ਼ਹੀਦ:2013 ਬੈਚ ਦਾ ਕਾਂਸਟੇਬਲ ਮਨਦੀਪ ਸਿੰਘ (32) ਜੋ ਕਿ ਸ਼ਾਹਕੋਟ, ਜਲੰਧਰ ਦੇ ਪਿੰਡ ਕੋਟਲੀ ਗਾਜਰਾਂ ਦਾ ਰਹਿਣ ਵਾਲਾ ਸੀ ਅਤੇ ਇੱਕ ਕੱਪੜਾ ਵਪਾਰੀ ਮ੍ਰਿਤਕ ਭੁਪਿੰਦਰ ਸਿੰਘ ਉਰਫ ਟਿੰਮੀ ਨਾਲ ਗੰਨਮੈਨ ਵਜੋਂ ਤਾਇਨਾਤ ਸੀ, ਜੋ ਇੱਕ ਬਹਾਦਰੀ ਭਰੇ ਤੇ ਜੋਖ਼ਮ ਭਰਪੂਰ ਕਾਰਜ ਨੂੰ ਅੰਜਾਮ ਦਿੰਦੇ ਹੋਏ, ਉਹ 7 ਦਸੰਬਰ, 2022 ਨੂੰ ਨਕੋਦਰ ਵਿੱਚ ਹਮਲਾਵਰਾਂ ਨਾਲ ਮੁੱਠਭੇੜ ਦੌਰਾਨ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ।
ਸ਼ਹੀਦ ਸਿਪਾਹੀ ਦੀ ਇਸ ਮਹਾਨ ਕੁਰਬਾਨੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਦੇ ਪਰਿਵਾਰ ਨੂੰ ਸਨਮਾਨ ਦੇਣ ਵਜੋਂ 2 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ। 2 ਕਰੋੜ ਰੁਪਏ ਦੀ ਰਕਮ ਵਿੱਚ ਰਾਜ ਸਰਕਾਰ ਦੁਆਰਾ ਐਕਸ-ਗ੍ਰੇਸੀਆ ਵਜੋਂ 1 ਕਰੋੜ ਰੁਪਏ ਸ਼ਾਮਲ ਹਨ ਜਦੋਂ ਕਿ 1 ਕਰੋੜ ਰੁਪਿਆ ਬੀਮਾ ਕਵਰ ਵਜੋਂ ਐਚਡੀਐਫਸੀ ਬੈਂਕ ਵੱਲੋਂ ਅਦਾ ਕੀਤਾ ਗਿਆ ਹੈ।
ਦੱਸ ਦੇਈਏ ਕਿ ਏ.ਡੀ.ਜੀ.ਪੀ ਜਲੰਧਰ ਰੇਂਜ ਦੇ ਇੰਸਪੈਕਟਰ ਜਨਰਲ ਗੁਰਸ਼ਰਨ ਸਿੰਘ ਸੰਧੂ ਦੇ ਨਾਲ ਸ਼ਾਹਕੋਟ ਦੇ ਪਿੰਡ ਕੋਟਲੀ ਗਾਜਰਾਂ ਦੇ ਗੁਰਦੁਆਰਾ ਸਿੰਘ ਸਭਾ ਸਾਹਿਬ ਵਿਖੇ ਸ਼ਹੀਦ ਨਿਮਿੱਤ ਅੰਤਿਮ ਅਰਦਾਸ ਦੇ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੁੱਜੇ ਹੋਏ ਸਨ।