ਚੰਡੀਗੜ੍ਹ :ਡੀ-ਮਾਰਟ, ਢਿੱਲੋਂ ਸਮੂਹ ਨੇ ਕੋਵਿਡ-19 ਦਾ ਮੁਕਾਬਲਾ ਕਰਨ ਲਈ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਨੂੰ 5.05 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਾਨ ਵਜੋਂ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮਦਦ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਇਹ ਰਕਮ ਮੌਜੂਦਾ ਸੰਕਟ ਨਾਲ ਨਜਿੱਠਣ ਲਈ ਮਹੱਤਵਪੂਰਨ ਯੋਗਦਾਨ ਪਾਏਗੀ।
ਕੈਪਟਨ ਨੇ ਕੇਵਲ ਸਿੰਘ ਢਿੱਲੋਂ, ਕਰਨ ਢਿੱਲੋਂ ਅਤੇ ਕੰਵਰ ਢਿੱਲੋਂ ਦੇ ਯੋਗਦਾਨ ਲਈ ਡੀ-ਮਾਰਟ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ 'ਸੱਚੇ ਪੰਜਾਬੀ' ਦਸਦਿਆਂ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਉਹ ਪੰਜਾਬ ਵਾਸੀਆਂ ਦੇ ਨਾਲ ਖੜੇ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਹੋਰਨਾਂ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਮੌਜੂਦਾ ਸੰਕਟ ਨੂੰ ਦੂਰ ਕਰਨ ਲਈ ਰਾਜ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਖੁੱਲ੍ਹ ਕੇ ਯੋਗਦਾਨ ਪਾਉਣ।
ਡੀ-ਮਾਰਟ ਨੇ ਆਪਣੇ ਨਵੇਂ ਲਾਂਚ ਕੀਤੇ ਮੋਬਾਈਲ ਐਪ ਰਾਹੀਂ ਜ਼ਰੂਰੀ ਸਮਾਨ ਦੀ ਘਰੇਲੂ ਸਪਲਾਈ ਵੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਮੌਜੂਦਾ ਕਰਫਿਊ ਦੌਰਾਨ ਲੋਕਾਂ ਨੂੰ ਰੋਜ਼ਮਰਾਂ ਦੀਆਂ ਵਸਤਾਂ ਪਹੁੰਚਾਈਆਂ ਜਾ ਸਕਣ। ਇਹ ਸਮੂਹ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਰਨਾਲਾ ਅਤੇ ਜ਼ੀਰਕਪੁਰ ਵਿੱਚ ਆਪਣੇ ਬੁਨਿਆਦੀ ਢਾਂਚੇ ਦੀ ਵਰਤੋਂ ਗਰੀਬਾਂ ਅਤੇ ਲੋੜਵੰਦਾਂ ਨੂੰ ਰੋਜ਼ਾਨਾ ਜ਼ਰੂਰੀ ਸਮਾਨ ਵੰਡਣ ਲਈ ਕਰ ਰਿਹਾ ਹੈ।