ਚੰਡੀਗੜ੍ਹ:ਨਹੀਂ ਰਹੇ ਓਲੰਪੀਅਨ ਮੁਕੇਬਾਜ ਕੌਰ ਸਿੰਘ ਖਨਾਲ ਜੀ, ਹਾਂ ਇਹ ਮੰਦਭਾਗੀ ਖਬਰ ਆਈ ਦਿੜ੍ਹਬਾ ਤੋਂ ਜਿਥੇ ਅਰਜੁਨ ਅਵਾਰਡ ਅਤੇ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਕੌਰ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਅੱਜ ਸਵੇਰੇ ਕੁਰੂਕਸ਼ੇਤਰ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਿਆ। ਮੁਕੇਬਾਜ ਕੌਰ ਸਿੰਘ ਨੇ 16 ਗੋਲਡ ਮੈਡਲ ਪ੍ਰਾਪਤ ਕੀਤੇ ਪੰਜਾਬ ਦਾ ਮਾਨ ਵਧਾਇਆ ਦੇਸ਼ ਦੁਨੀਆ ਵਿੱਚ ਨਾਮਣਾ ਖੱਟਿਆ। ਉਥੇ ਹੀ ਕੌਰ ਸਿੰਘ ਦੇ ਦੁਨੀਆਂ ਤੋਂ ਚਲੇ ਜਾਣ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।
ਟਵੀਟ ਕਰਦਿਆਂ ਮੁੱਖ ਮੰਤਰੀ ਨੇ ਲਿਖਿਆ ਕਿ 'ਓਲੰਪੀਅਨ ਮੁੱਕੇਬਾਜ ਪਦਮ ਸ਼੍ਰੀ ਕੌਰ ਸਿੰਘ ਜੀ…ਜਿਨ੍ਹਾਂ ਸੰਗਰੂਰ ਦੇ ਪਿੰਡ ਖਨਾਲ ਖੁਰਦ ਤੋਂ ਹੁੰਦੇ ਹੋਏ ਏਸ਼ੀਆ ਗੇਮਜ਼ ‘ਚ ਭਾਰਤ ਦਾ ਦਬਦਬਾ ਬਣਾ ਕੇ ਰੱਖਿਆ ਤੇ ਸੋਨ ਤਗਮਾ ਦੇਸ਼ ਦੀ ਝੋਲੀ ਪਾਇਆ,ਕੌਰ ਸਿੰਘ ਅੱਜ ਸਾਨੂੰ ਵਿਛੋੜਾ ਦੇ ਗਏ,ਪਰਮਾਤਮਾ ਅੱਗੇ ਅਰਦਾਸ ਵਿੱਛੜੀ ਰੂਹ ਨੂੰ ਚਰਨੀਂ ਲਾਉਣ ਤੇ ਮੁਸ਼ਕਲ ਘੜੀ ‘ਚ ਪਰਿਵਾਰ ਨਾਲ ਦਿਲੋਂ ਹਮਦਰਦੀ' ਇਹਨਾ ਸ਼ਬਦਾਂ ਵਿੱਚ ਸੀਐੱਮ ਮਾਨ ਨੇ ਪਰਿਵਾਰ ਦੇ ਨਾਲ ਦੁੱਖ ਪ੍ਰਗਟਾਇਆ ਹੈ।
ਇਕਲੌਤਾ ਪੰਜਾਬੀ ਮੁੱਕੇਬਾਜ਼ ਸੀ: ਦੱਸਣਯੋਗ ਹੈ ਕਿ ਕੌਰ ਸਿੰਘ ਦਾ ਅੰਤਿਮ ਸਸਕਾਰ ਅੱਜ ਜੱਦੀ ਪਿੰਡ ਖਨਾਲ ਖੁਰਦ ਵਿਖੇ ਤਕਰੀਬਨ 2 ਵਜੇ ਕੀਤਾ ਜਾਵੇਗਾ, ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਮੰਤਰੀ ਵੀ ਪਹੁੰਚ ਸਕਦੇ ਹਨ ਕੌਰ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਦਿੜਬਾ ਇਲਾਕੇ ਅੰਦਰ ਸੋਗ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਕੌਰ ਸਿੰਘ ਇਕਲੌਤਾ ਪੰਜਾਬੀ ਮੁੱਕੇਬਾਜ਼ ਸੀ , ਜਿਸ ਨੇ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਨਾਲ ਵੀ ਮੈਚ ਖੇਡਿਆ ਸੀ। ਇਸ ਫਿਲਮ ਰਾਹੀਂ ‘ਪਦਮ ਸ਼੍ਰੀ’ ਅਤੇ ‘ਅਰਜੁਨ ਐਵਾਰਡ’ ਜਿਹੇ ਦੇਸ਼ ਦੇ ਵੱਕਾਰੀ ਪੁਰਸਕਾਰ ਹਾਸਿਲ ਕਰਨ ਵਾਲੇ ਇਸ ਮੁੱਕੇਬਾਜ਼ ਵੱਲੋਂ ਜੀਵਨ ਵਿੱਚ ਘਾਲੀ ਘਾਲਣਾ ਨੂੰ ਪਰਦੇ ’ਤੇ ਦਿਖਾਇਆ ਗਿਆ।
ਇਹ ਵੀ ਪੜ੍ਹੋ :Parkash Singh Badal: ਚੰਡੀਗੜ੍ਹ ਤੋਂ ਪਿੰਡ ਬਾਦਲ ਤੱਕ ਅੰਤਿਮ ਯਾਤਰਾ, ਨਮ ਅੱਖਾਂ ਨਾਲ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦਾ ਕੀਤਾ ਧੰਨਵਾਦ
ਜੁੱਤੀਆਂ ਘਸਾ-ਘਸਾ ਹੰਭ ਗਿਆ: ਸੂਬੇਦਾਰ ਕੌਰ ਸਿੰਘ 'ਤੇ ਬਣੀ ਫਿਲਮ ਵਿਚ ਦਿਖਾਇਆ ਗਿਆ ਸੀ ਕਿ ਉਹਨਾਂ ਕਿਵੇਂ ਦੇਸ਼ ਲਈ ਜੰਗਾਂ ਹੀ ਨਹੀਂ ਲੜੀਆਂ ਬਲਕਿ ਮੁੱਕੇਬਾਜ਼ੀ ਦੇ ‘ਰਿੰਗ’ ਵਿੱਚ ਲੜਦਿਆਂ ਪਦਮ ਸ਼੍ਰੀ ਵਰਗੇ ਵੱਡੇ ਇਨਾਮ ਵੀ ਦੇਸ਼ ਦੀ ਝੋਲੀ ਪਾਏ, ਪਰ ਫਿਰ ਵੀ ਉਹ ਕਈ ਮਾਅਨਿਆਂ ਵਿੱਚ ਅਣਗੌਲਿਆ ਹੀ ਰਿਹਾ। ਆਪਣੇ ਹੱਕਾਂ ਲਈ ਉਹ ਸਰਕਾਰੇ-ਦਰਬਾਰੇ ਜੁੱਤੀਆਂ ਘਸਾ-ਘਸਾ ਹੰਭ ਗਿਆ। ਇੱਕ ਸਮਾਂ ਉਹਨਾਂ ’ਤੇ ਕਾਫ਼ੀ ਤੰਗੀ ਤੁਰਸ਼ੀ ਵਾਲਾ ਵੀ ਆਇਆ ਸੀ, ਹਾਲਾਂਕਿ ਸ਼ਾਹੁਰਖ਼ ਖਾਨ ਵਰਗੇ ਅਦਾਕਾਰ ਨੇ ਉਸ ਦੀ ਮਦਦ ਕੀਤੀ ਸੀ । ਅਮਿਤਾਬ ਬਚਨ ਨੇ ਵੀ ਉਸ ਦੇ ਗਲ ਵਿੱਚ ਮੈਡਲ ਪਾ ਕੇ ਸਨਮਾਨਤ ਕੀਤਾ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਦੇਸ਼ ਵਿਦੇਸ਼ ਵਿੱਚ ਇਸ ਹੀਰੇ ਦੀ ਕਦਰ ਪਾਉਣ ਵਾਲੇ ਤਾਂ ਜ਼ਰੂਰ ਸਨ ।
ਪਹਿਲੀ ਵਾਰ ਸਿੰਕਦਾਰਾਬਾਦ ਵਿਖੇ ਗੋਲਡ ਮੈਡਲ ਜਿੱਤਿਆ:ਜ਼ਿਲ੍ਹਾ ਸੰਗਰੂਰ ਦੇ ਪਿੰਡ ਛੋਟੀ ਖਨਾਲ ਦੇ ਰਹਿਣ ਵਾਲੇ ਕੌਰ ਸਿੰਘ 1970 ’ਚ ਫ਼ੌਜ ਵਿੱਚ ਭਰਤੀ ਹੋਇਆ ਸੀ ਜਿੱਥੇ ਦੇਸ਼ ਦੀ ਸੇਵਾ ਕਰਦਿਆਂ ਉਸ ਅੰਦਰ ਮੁੱਕੇਬਾਜ਼ੀ ਦੇ ਖੇਤਰ ਵਿੱਚ ਵੱਖਰਾ ਮੁਕਾਮ ਹਾਸਲ ਕਰਨ ਦੀ ਜਗਿਆਸਾ ਪੈਦਾ ਹੋਈ। ਉਸ ਦੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਕਰਨਲ ਬਲਜੀਤ ਸਿੰਘ ਜੌਹਲ ਨੇ ਭਰਪੂਰ ਯੋਗਦਾਨ ਪਾਉਂਦਿਆਂ ਪੂਨਾ ਇੰਸਟੀਚਿਊਟ ਵਿੱਚ ਟਰੇਨਿੰਗ ਕੈਂਪ ਲਾਉਣ ਲਈ ਪ੍ਰੇਰਿਤ ਕੀਤਾ। ਜਿੱਥੋਂ ਉਸ ਨੇ ਮੁੱਕੇਬਾਜ਼ੀ ਦੀ ਸਿਖਲਾਈ ਲੈ ਕੇ ਨਿਪੁੰਨਤਾ ਹਾਸਲ ਕੀਤੀ। ਆਪਣੀ ਮਿਹਨਤ ਅਤੇ ਲਗਨ ਨਾਲ ਉਸ ਨੇ ਨੈਸ਼ਨਲ ਖੇਡਦਿਆਂ ਪਹਿਲੀ ਵਾਰ ਸਿੰਕਦਾਰਾਬਾਦ ਵਿਖੇ ਗੋਲਡ ਮੈਡਲ ਜਿੱਤਿਆ। ਫਿਰ ਉਹ ਇੰਡੀਆ ਕੱਪ ਲਈ ਚੁਣਿਆ ਗਿਆ। ਇਸ ਦੇ ਨਾਲ ਹੀ ਉਸ ਨੇ ਕਾਮਨਵੈਲਥ ਖੇਡਾਂ ਅਤੇ ਕਿੰਗ ਕੱਪ ਵਿੱਚ ਖੇਡਦਿਆਂ ਵੀ ਗੋਲਡ ਮੈਡਲ ਜਿੱਤੇ। ਨੌਵੀਂ ਏਸ਼ੀਅਨ ਚੈਂਪੀਅਨਸ਼ਿਪ, ਮੁੰਬਈ ਵਿਖੇ ਵੀ ਗੋਲਡ ਮੈਡਲ ਜਿੱਤਣ ਵਾਲਾ ਉਹ ਇੱਕਲੇ ਹੀ ਸੀ। ਉਹ ਵਿਸ਼ਵ ਦੇ ਇੱਕ ਨੰਬਰ ਦੇ ਮੁੱਕੇਬਾਜ਼ ਮੁਹੰਮਦ ਅਲੀ ਨਾਲ ਵੀ ਖੇਡਿਆ। ਉਸ ਨੂੰ 1982 ਵਿੱਚ ਅਰਜੁਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਫਿਰ 1983 ਵਿੱਚ ਪਦਮ ਸ਼੍ਰੀ ਐਵਾਰਡ ਵੀ ਮਿਲਿਆ। ਉਸ ਨੇ 1984 ਵਿੱਚ ਅਮਰੀਕਾ ਦੇ ਲਾਸ ਏਂਜਲਸ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਵੀ ਭਾਗ ਲਿਆ ਜਿੱਥੇ ਹੋਈ ਇੱਕ ਘਟਨਾ ਨੇ ਉਸ ਦਾ ਮਨ ਖੱਟਾ ਕਰ ਦਿੱਤਾ ਤੇ ਉਸ ਨੇ ਮੁੱਕੇਬਾਜ਼ੀ ਖੇਡਣੀ ਛੱਡ ਦਿੱਤੀ।