ਚੰਡੀਗੜ੍ਹ: ਦੇਸ਼ ਭਰ 'ਚ ਬੁੱਧਵਾਰ ਤੋਂ ਨਵੀਂਆਂ ਹਦਾਇਤਾਂ ਦੇ ਹਿਸਾਬ ਨਾਲ ਬੰਦ ਪਏ ਬਾਜ਼ਾਰ ਅਤੇ ਹੋਰ ਕਈ ਸੁਵਿਧਾਵਾਂ ਖੋਲ੍ਹ ਦਿੱਤੀਆਂ ਗਈਆਂ ਹਨ। ਚੰਡੀਗੜ੍ਹ 'ਚ ਵੀ ਨਾਈਟ ਕਰਫਿਊ ਬੰਦ ਕਰ ਦਿੱਤਾ ਗਿਆ ਹੈ ਅਤੇ ਹੋਟਲ ਰੈਸਟੋਰੈਂਟ 'ਚ ਬਾਰ ਅਤੇ ਲਾਕਰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਉੱਥੇ ਹੀ ਬਾਜ਼ਾਰਾਂ 'ਚ ਲੱਗਿਆ ਆਡ ਈਵਨ ਵੀ ਹਟਾ ਦਿੱਤਾ ਗਿਆ ਹੈ ਅਤੇ ਹੁਣ ਬਾਜ਼ਾਰ ਰੋਜ਼ਾਨਾ ਵਾਂਗ ਖੁੱਲ੍ਹ ਸਕਣਗੇ।
ਚੰਡੀਗੜ੍ਹ ਦੇ ਬਾਜ਼ਾਰਾਂ 'ਚ ਆਡ-ਈਵਨ ਹੋਇਆ ਖਤਮ - ਚੰਡੀਗੜ੍ਹ ਦੇ ਐਡਵਾਈਜ਼ਰ ਮਨੋਜ ਫਰੀਦਾ
ਨਵੀਂਆਂ ਗਾਈਡਲਾਈਨਜ਼ ਦੇ ਤਹਿਤ ਚੰਡੀਗੜ੍ਹ 'ਚ ਵੀ ਨਾਈਟ ਕਰਫਿਊ ਬੰਦ ਕਰ ਦਿੱਤਾ ਗਿਆ ਹੈ ਅਤੇ ਬਾਜ਼ਾਰਾਂ 'ਚ ਲੱਗਿਆ ਆਡ ਈਵਨ ਵੀ ਹਟਾ ਦਿੱਤਾ ਗਿਆ ਹੈ। ਹੁਣ ਬਾਜ਼ਾਰ ਰੋਜ਼ਾਨਾ ਵਾਂਗ ਖੁੱਲ੍ਹ ਸਕਣਗੇ।
ਦੱਸ ਦੇਈਏ ਕਿ ਲਗਾਤਾਰ ਵਪਾਰੀ ਵਿੰਗ ਵੱਲੋਂ ਚੰਡੀਗੜ੍ਹ ਦੇ ਐਡਵਾਈਜ਼ਰ ਮਨੋਜ ਫਰੀਦਾ ਨੂੰ ਮਿਲ ਕੇ ਦੁਕਾਨਾਂ ਰੋਜ਼ ਖੋਲ੍ਹਣ ਦੀ ਮੰਗ ਕਰਨ ਲਈ ਮੰਗ ਪੱਤਰ ਦਿੱਤੇ ਜਾ ਰਹੇ ਸੀ। ਇਸੇ ਦੇ ਚੱਲਦੇ ਪਹਿਲਾਂ ਚੰਡੀਗੜ੍ਹ ਦੇ ਵਿੱਚ ਵੀਕੈਂਡ ਕਰਫਿਊ ਲਗਾਇਆ ਜਾਣਾ ਸੀ ਪਰ ਵਪਾਰੀਆਂ ਦੇ ਦਬਾਅ ਹੇਠ ਆ ਕੇ ਪ੍ਰਸ਼ਾਸਨ ਨੂੰ ਫੈਸਲਾ ਵਾਪਸ ਲੈਣਾ ਪਿਆ ਸੀ।
ਚੰਡੀਗੜ੍ਹ ਦੇ ਬਾਜ਼ਾਰਾਂ ਵਿੱਚ ਤਿੰਨ ਸਤੰਬਰ ਤੱਕ ਆਡ ਈਵਨ ਚੱਲਣਾ ਸੀ ਪਰ ਸਮੇਂ ਤੋਂ ਪਹਿਲਾਂ ਹੀ ਇਸ ਨੂੰ ਖ਼ਤਮ ਕਰ ਦਿੱਤਾ ਗਿਆ। ਸ਼ਹਿਰ ਵਿੱਚ ਗਿਆਰਾਂ ਬਾਜ਼ਾਰ ਅਜਿਹੇ ਸੀ ਜਿੱਥੇ ਆਡ-ਈਵਨ ਦੇ ਹਿਸਾਬ ਦੇ ਨਾਲ ਬਾਜ਼ਾਰ ਖੁੱਲ੍ਹਦੇ ਸੀ ਪਰ ਸੁਖਨਾ ਝੀਲ 'ਤੇ ਹਾਲੇ ਵੀ ਵੀਕੈਂਡ ਲੌਕਡਾਊਨ ਬਰਕਰਾਰ ਹੈ।